ਪੰਜਾਬ ਸਰਕਾਰ ਦੇ ਦਾਅਵੇ ਖੋਖਲੇ ਮਾਨਸੂਨ ਸਿਰ ’ਤੇ, ਨਹੀਂ ਹੋਈ ਡਰੇਨਜ਼ ਦੀ ਸਫਾਈ

07/01/2019 5:38:17 AM

ਕਪੂਰਥਲਾ, (ਮਹਾਜਨ)- ਮਾਨਸੂਨ ਸਿਰ ’ਤੇ ਹੋਣ ਦੇ ਬਾਵਜੂਦ ਵੀ ਡਰੇਨਜ਼ ਦੀ ਸਫਾਈ ਨਹੀਂ ਹੋਈ ਹੈ। ਪੰਜਾਬ ਸਰਕਾਰ ਛੱਪਡ਼ਾਂ ਤੇ ਡਰੇਨਜ਼ ਦੀ ਸਫਾਈ ਦੇ ਦਾਅਵੇ ਕਰ ਰਹੀ ਹੈ ਪਰ ਜੇਕਰ ਕਪੂਰਥਲਾ ਸ਼ਹਿਰ ’ਚ ਦੇਖੀਏ ਤਾਂ ਸਿਰਫ ਇਹ ਸਭ ਕੁਝ ਕਾਗਜ਼ਾਂ ਤਕ ਹੀ ਸੀਮਤ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਅੰਦਰ ਬਣੇ ਡਰੇਨਜ਼ ’ਚ ਭਾਰੀ ਬੂਟੀ ਤੇ ਕਚਰਾ ਹੋਣ ਕਾਰਣ ਬਰਸਾਤਾਂ ਦੇ ਦਿਨਾਂ ’ਚ ਨਾਲ ਲੱਗਦੇ ਖੇਤਰਾਂ ’ਚ 3-4 ਫੁੱਟ ਤਕ ਪਾਣੀ ਖਡ਼੍ਹਾ ਹੋ ਜਾਂਦਾ ਹੈ। ਲੋਕਾਂ ਦੇ ਘਰਾਂ ’ਚ ਪਾਣੀ ਆਉਣ ਨਾਲ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਹੈ। ਇਨ੍ਹਾਂ ਖੇਤਰਾਂ ’ਚ ਥੋਡ਼੍ਹੀ ਜਿਹੀ ਬਰਸਾਤ ’ਚ ਹਡ਼੍ਹ ਵਰਗਾ ਮਾਹੌਲ ਬਣ ਜਾਂਦਾ ਹੈ। ਜਦੋਂ ਬਰਸਾਤਾਂ ਦੇ ਦਿਨਾਂ ’ਚ ਘਰਾਂ ’ਚ ਪਾਣੀ ਆਉਂਦਾ ਹੈ ਤਾਂ ਪ੍ਰਸ਼ਾਸਨਿਕ ਅਧਿਕਾਰੀ ਤੇ ਸੱਤਾ ਧਾਰੀ ਆਗੂ ਲੋਕਾਂ ਨੂੰ ਦਿਲਾਸੇ ਦਿੰਦੇ ਹਨ ਕਿ ਮਾਨਸੂਨ ਨੂੰ ਲੈ ਕੇ ਅਗੇਤੇ ਪ੍ਰਬੰਧ ਕੀਤੇ ਜਾਣਗੇ ਪਰ ਹੁਣ ਤਕ ਪ੍ਰਸ਼ਾਸਨ ਤੇ ਡਰੇਨਜ਼ ਵਿਭਾਗ ਮੂਕਦਰਸ਼ਕ ਬਣਿਅਾ ਬੈਠਾ ਹੈ। ਉਨ੍ਹਾਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ।

ਇਹ ਖੇਤਰ ਹੁੰਦੇ ਹਨ ਪ੍ਰਭਾਵਿਤ

ਸ਼ਹਿਰ ਦੀ ਨਵੀਂ ਪੁਲਸ ਲਾਈਨ, ਸ੍ਰੀ ਗੁਰੂ ਨਾਨਕ ਨਗਰ, ਬ੍ਰਹਮਕੁੰਡ ਮੰਦਰ, ਬ੍ਰਹਮਕੁੰਡ ਕਾਲੋਨੀ, ਊਧਮ ਸਿੰਘ ਨਗਰ, ਲਕਸ਼ਮੀ ਨਗਰ ਮੰਦਰ ਦੇ ਨਾਲ ਲੱਗਦਾ ਖੇਤਰ, ਨਾਥਾਂ ਦਾ ਡੇਰਾ, ਪ੍ਰਕਾਸ਼ ਐਵੀਨਿਊ ਦਾ ਪਿਛਲਾ ਖੇਤਰ, ਬਿਮਲਾ ਇਨਕਲੇਵ, ਕਾਂਜਲੀ ਮਾਰਗ ਦੇ ਨਾਲ ਲੱਗਦੇ ਖੇਤਰ, ਪੁਲਸ ਟ੍ਰੇਨਿੰਗ ਸੈਂਟਰ, ਸ਼ਮਸ਼ਾਨਘਾਟ ਦੇ ਨਾਲ ਲੱਗਦਾ ਖੇਤਰ। ਇਥੇ ਇਹ ਜ਼ਿਕਰਯੋਗ ਹੈ ਕਿ ਬੀਤੇ ਸਾਲ ਬਾਰਿਸ਼ ਕਾਰਣ ਇਨ੍ਹਾਂ ਖੇਤਰਾਂ ’ਚ ਪਾਣੀ ਆ ਗਿਆ ਸੀ ਤੇ ਪੁਲਸ ਟ੍ਰੇਨਿੰਗ ਸੈਂਟਰ, ਪੁਲਸ ਲਾਈਨ ਦੇ ਅੰਦਰ ਪਾਣੀ ਆਉਣ ਨਾਲ ਭਾਰੀ ਨੁਕਸਾਨ ਹੋਇਆ ਸੀ। ਉਕਤ ਖੇਤਰਾਂ ’ਚ ਡਰੇਨਜ਼ ’ਚ ਭਾਰੀ ਘਾਹ ਬੂਟੀ, ਗੰਦਗੀ, ਕਚਰਾ ਜਮ੍ਹਾ ਹੋਣ ਨਾਲ ਇਥੇ ਬਰਸਾਤਾਂ ਦੇ ਦਿਨਾਂ ’ਚ ਪਾਣੀ ਦਾ ਵਹਾਅ ਜਮ੍ਹਾ ਹੋ ਜਾਂਦਾ ਹੈ, ਉਥੇ ਕਚਰਾ, ਕੂਡ਼ਾ ਕਰਕਟ ਵੱਲ ਦੇਖੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਅਭਿਆਨ ’ਤੇ ਵੀ ਪ੍ਰਸ਼ਨ ਚਿੰਨ੍ਹ ਲੱਗਦਾ ਹੈ? ਕਿ ਸਬੰਧਤ ਅਧਿਕਾਰੀ ਸਰਕਾਰ ਦੀਆਂ ਯੋਜਨਾਵਾਂ ਨੂੰ ਨਜ਼ਰ-ਅੰਦਾਜ਼ ਕਰ ਰਹੇ ਹਨ।

ਕੀ ਕਹਿਣੈ ਇਲਾਕਾ ਨਿਵਾਸੀਆਂ ਦਾ

ਇਲਾਕਾ ਨਿਵਾਸੀ ਚੰਦਨ, ਬਲਜਿੰਦਰ ਸਿੰਘ, ਸੁਭਾਸ਼ ਮਕਰੰਦੀ, ਰਾਕੇਸ਼ ਚੋਪਡ਼ਾ, ਕਮਲ ਮਲਹੋਤਰਾ, ਸ਼ਸ਼ੀ ਕੁਮਾਰ, ਸਤੀਸ਼ ਮਹਾਜਨ, ਗੌਰਵ ਕੁਮਾਰ, ਵਿਕਾਸ ਗੁਪਤਾ, ਨਰੇਸ਼ ਕੁਮਾਰ, ਨੱਥੂ ਰਾਮ ਮਹਾਜਨ, ਐੱਸ. ਕੇ., ਸੰਜੀਵ ਭਾਰਦਵਾਜ, ਪਰਮਿੰਦਰ ਸਿੰਘ, ਸੁਨੀਲ ਸ਼ਰਮਾ (ਸ਼ੀਲਾ) ਦਾ ਕਹਿਣਾ ਹੈ ਕਿ ਡਰੇਨਜ਼ ਵਿਭਾਗ ਨੂੰ ਇਸ ਖੇਤਰ ’ਚ ਡਰੇਨਜ਼ ਦੀ ਸਫਾਈ ਪਹਿਲ ਦੇ ਆਧਾਰ ’ਤੇ ਕਰਨੀ ਚਾਹੀਦੀ ਕਿਉਂਕਿ ਮਾਨਸੂਨ ਸਿਰ ’ਤੇ ਖਡ਼੍ਹੀ ਹੈ। ਜੁਲਾਈ ਦੇ ਪਹਿਲੇ ਹਫਤੇ ’ਚ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ। ਤੇਜ਼ ਬਾਰਿਸ਼ ਨਾਲ ਡਰੇਨਜ਼ ਦੀ ਸਫਾਈ ਨਾ ਹੋਣ ਨਾਲ ਖੇਤਰ ’ਚ 3-4 ਫੁੱਟ ਪਾਣੀ ਖਡ਼੍ਹਾ ਹੋ ਜਾਂਦਾ ਹੈ ਤੇ ਖੇਤਰ ’ਚ ਲੋਕਾਂ ਦੇ ਘਰਾਂ ’ਚ ਆ ਜਾਣ ਨਾਲ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਤਰ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਜਲਦ ਹੀ ਡਰੇਨਜ਼ ਦੀ ਸਫਾਈ ਦਾ ਕੰਮ ਸ਼ੁਰੂ ਹੋ ਜਾਵੇਗਾ : ਐਕਸੀਅਨ

ਐਕਸੀਅਨ ਡਰੇਨਜ਼ ਵਿਭਾਗ ਅਜੀਤ ਸਿੰਘ ਦਾ ਕਹਿਣਾ ਹੈ ਕਿ ਡਰੇਨਜ਼ ਵਿਭਾਗ ਨੇ ਮਾਨਸੂਨ ਨੂੰ ਦੇਖਦੇ ਹੋਏ ਡਰੇਨਜ਼ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਸ਼ਹਿਰ ਦੇ ਬਾਹਰੀ ਖੇਤਰਾਂ ’ਚ ਸਫਾਈ ਦਾ ਕੰਮ ਜੇ. ਸੀ. ਬੀ. ਮਸ਼ੀਨਾਂ ਰਾਹੀਂ ਚੱਲ ਰਿਹਾ ਹੈ। ਅੰਦਰਲੇ ਖੇਤਰਾਂ ’ਚ ਵੀ ਜਲਦ ਹੀ ਡਰੇਨਜ਼ ਦੀ ਸਫਾਈ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਖੇਤਰ ’ਚ ਘਾਹ ਬੂਟੀ ਤੇ ਹੋਰ ਕਚਰਾ ਕੱਢਿਆ ਜਾਵੇਗਾ।

Bharat Thapa

This news is Content Editor Bharat Thapa