ਠੱਗੀ ਕਰਨ ਵਾਲੇ ਟ੍ਰੈਵਲ ਏਜੰਟਾਂ ’ਤੇ ਪੁਲਸ ਦੀ ਮਿਹਰਬਾਨੀ, ਨਾਮਜ਼ਦ 6’ਚੋਂ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ

01/16/2019 6:56:05 AM

ਜਲੰਧਰ,  (ਵਰੁਣ)-  ਵਿਦੇਸ਼ ਭੇਜਣ ਦੇ ਨਾਂ ’ਤੇ 9 ਵਿਅਕਤੀਅਾਂ ਨੂੰ ਠੱਗਣ ਵਾਲੇ ਟ੍ਰੈਵਲ  ਏਜੰਟਾਂ ’ਤੇ ਪੁਲਸ ਦੀ ਮਿਹਰਬਾਨੀ ਕਾਰਨ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਪੁਲਸ ਦਾ ਕਹਿਣਾ  ਹੈ ਕਿ ਟ੍ਰੈਵਲ ਏਜੰਟ ਆਪਣੇ ਘਰਾਂ ਤੋਂ ਫਰਾਰ ਹਨ, ਜਿਸ ਕਾਰਨ 6 ਵਿਚੋਂ ਕੋਈ ਵੀ  ਕਾਬੂ ’ਚ   ਨਹੀਂ  ਆ ਸਕਿਆ। ਕੁੱਝ ਸਮਾਂ ਪਹਿਲਾਂ ਹੀ ਇਨ੍ਹਾਂ ਲੋਕਾਂ ਖਿਲਾਫ ਪੁਲਸ ਨੇ ਠੱਗੀ ਮਾਰਨ ਦਾ  ਕੇਸ ਦਰਜ ਕੀਤਾ ਸੀ।
ਥਾਣਾ 6 ਵਿਚ ਬੱਸ ਸਟੈਂਡ ਨੇੜੇ ਛਿੰਨ ਮਸਤਿਕਾ ਕੰਪਲੈਕਸ ਵਿਚ  ਸਥਿਤ ਕੇ. ਕੇ. ਇਮੀਗ੍ਰੇਸ਼ਨ ਨਾਂ ਦੇ ਮਾਲਕ ਸੰਦੀਪ ਸਿੰਘ, ਉਸ ਦੇ ਭਰਾ ਗੁਰਜੀਤ ਸਿੰਘ  ਵਾਸੀ ਘੁੜਿਆਲ ਪਿੰਡ ਆਦਮਪੁਰ ਤੇ ਜੀਜਾ ਸੰਦੀਪ ’ਤੇ ਠੱਗੀ ਦਾ ਕੇਸ ਦਰਜ ਕੀਤਾ ਸੀ।  ਇਨ੍ਹਾਂ ਲੋਕਾਂ ਨੇ ਇਕ ਨੌਜਵਾਨ ਨੂੰ ਦੁਬਈ ਭੇਜਣ ਦਾ ਝਾਂਸਾ ਦੇ ਕੇ 1 ਲੱਖ ਰੁਪਏ ਦੀ  ਠੱਗੀ ਕੀਤੀ ਸੀ। ਕੇ. ਕੇ. ਇਮੀਗ੍ਰੇਸ਼ਨ ਦੇ ਮਾਲਕ  ਕੇਸ ਦਰਜ ਹੋਣ ਤੋਂ ਪਹਿਲਾਂ ਹੀ ਆਪਣਾ  ਦਫ਼ਤਰ ਬੰਦ ਕਰਕੇ ਭੱਜ ਗਏ ਸਨ। ਕੰਪਲੈਕਸ ਮਾਲਕ ਨੂੰ ਉਨ੍ਹਾਂ ਨੇ ਦਫ਼ਤਰ ਦਾ ਰੈਂਟ ਵੀ ਨਹੀਂ  ਦਿੱਤਾ ਸੀ, ਜਿਸ ਕਾਰਨ ਦਫ਼ਤਰ  ਨੂੰ ਬੰਦ ਕਰਕੇ ਸਾਰਾ ਸਾਮਾਨ ਜ਼ਬਤ ਕਰ ਲਿਆ ਗਿਆ  ਸੀ।
 ਇਹੋ ਹਾਲ ਕਾਦੀਆਂ ਟਾਵਰ ਵਿਚ ਸਥਿਤ ਸਾਦਤ ਟ੍ਰੈਵਲ ਹੱਬ ਦੇ ਮਾਲਕ ਬਾਪ-ਬੇਟਾ ਤੇ  ਉਨ੍ਹਾਂ ਦੇ ਇਕ ਪਾਰਟਨਰ ਦਾ ਸੀ। ਇਨ੍ਹਾਂ ਤਿੰਨਾਂ ਨੇ  8  ਵਿਅਕਤੀਅਾਂ ਨੂੰ ਵਿਦੇਸ਼ ਭੇਜਣ ਦੇ ਨਾਂ  ਕਰੀਬ 9 ਲੱਖ ਰੁਪਏ ਠੱਗ ਲਏ ਸਨ। ਇੰਨਾ ਹੀ ਨਹੀਂ ਨਾਮ਼ਜ਼ਦ ਹੋਏ ਵਿਕਰਮ ਵਿੱਕੀ ਸ਼ਰਮਾ  ਵਾਸੀ ਅਮਨ ਨਗਰ ਟਾਂਡਾ ਰੋਡ ਸਮੇਤ  ਉਸ ਦੇ ਪਿਤਾ ਰਾਜ ਕੁਮਾਰ ਨੇ ਕਾਦੀਆਂ ਟਾਵਰ ਸਥਿਤ  ਦਫ਼ਤਰ ਨੂੰ ਛੱਡ ਕੇ ਕਿਤੇ ਹੋਰ ਦਫ਼ਤਰ ਲੈ ਲਿਆ ਹੈ, ਹੁਣ ਉਥੇ ਤਾਂ ਠੱਗੀ ਦਾ ਕਾਰੋਬਾਰ ਸ਼ੁਰੂ  ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।  ਇਨ੍ਹਾਂ ਦੀ ਪਾਰਟਨਰ ਚਾਂਦਨੀ ਵਾਸੀ ਬਸਤੀ ਸ਼ੇਖ  ਖਿਲਾਫ ਵੀ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ ਸੀ। ਉਧਰ ਚੌਕੀ ਬੱਸ ਸਟੈਂਡ ਦੇ ਇੰਚਾਰਜ  ਸੇਵਾ ਸਿੰਘ ਦਾ ਕਹਿਣਾ ਹੈ ਕਿ ਸਾਰੇ ਮੁਲਜ਼ਮਾਂ ਦੀ ਭਾਲ  ਵਿਚ ਛਾਪੇਮਾਰੀ ਕੀਤੀ ਗਈ ਸੀ ਪਰ  ਉਹ  ਫਰਾਰ ਹਨ। ਜਲਦੀ ਹੀ ਸਾਰਿਆਂ  ਨੂੰ ਗ੍ਰਿਫਤਾਰ ਕਰ ਲਿਆ  ਜਾਵੇਗਾ।

ਬੱਸ ਸਟੈਂਡ ਦੇ ਆਲੇ -ਦੁਆਲੇ ਬਿਨਾਂ ਲਾਇਸੈਂਸ ਦੇ ਚੱਲ ਰਿਹਾ ਟ੍ਰੈਵਲ ਏਜੰਟੀ ਦਾ ਕੰਮ
ਕੇ.  ਕੇ. ਇਮੀਗ੍ਰੇਸ਼ਨ ਤੇ ਸਾਦਤ ਟ੍ਰੈਵਲ ਹੱਬ ਹੀ ਨਹੀਂ, ਸਗੋਂ ਅਜਿਹੇ ਕਈ ਏਜੰਟ ਹਨ, ਜੋ ਠੱਗੀ  ਦਾ ਕਾਰੋਬਾਰ ਚੱਲਾ ਰਹੇ ਹਨ। ਬੱਸ ਸਟੈਂਡ ਦੇ ਚਾਰੋਂ ਪਾਸੇ ਸਥਿਤ ਟਾਵਰ ਜਾਂ ਫਿਰ ਕੰਪਲੈਕਸ ’ਚ ਫਰਜ਼ੀ ਏਜੰਟ ਬਿਨਾਂ ਲਾਇਸੈਂਸ ਦੇ ਕੰਮ ਕਰ ਰਹੇ ਹਨ। ਕੁੱਝ ਸਮਾਂ ਪਹਿਲਾਂ ਪੁਲਸ ਤੇ  ਪ੍ਰਸ਼ਾਸਨ ਨੇ ਇਨ੍ਹਾਂ  ’ਤੇ ਸ਼ਿਕੰਜਾ ਕੱਸਿਆ ਸੀ ਪਰ ਫਰਜ਼ੀ ਟ੍ਰੈਵਲ ਏਜੰਟਾਂ ਨੇ  ਦੋਬਾਰਾ ਤੋਂ ਆਪਣਾ ਜਾਲ ਬਿਛਾ ਲਿਆ ਹੈ। ਕਈ ਤਾਂ ਅਜਿਹੇ ਏਜੰਟ ਵੀ ਹਨ ਜੋ ਇਕ ਲਾਇਸੈਂਸ ’ਤੇ ਹਰ ਇਕ ਤਰ੍ਹਾਂ ਦਾ ਕੰਮ ਕਰ ਰਿਹਾ ਹੈ। ਕਈ ਏਜੰਟਾਂ ਨੇ ਲਾਇਸੈਂਸ ਅਪਲਾਈ ਤਾਂ ਕੀਤੇ  ਹਨ ਪਰ ਲਾਇਸੈਂਸ ਨਾ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਫਰਜ਼ੀ ਤਰੀਕੇ ਨਾਲ ਏਜੰਟੀ ਦਾ ਕੰਮ  ਸ਼ੁਰੂ ਕੀਤਾ ਹੋਇਆ ਹੈ। ਕਈਅਾਂ  ਨੇ ਟਾਵਰ ਤੇ ਕੰਪਲੈਕਸਾਂ ਦੀ ਬੇਸਮੈਂਟ ਵਿਚ ਨਾਜਾਇਜ਼ ਤੌਰ ’ਤੇ  ਦਫ਼ਤਰ ਖੋਲ੍ਹ ਕੇ ਕਿਰਾਏ ’ਤੇ ਦਿੱਤੇ ਹੋਏ ਅਤੇ ਪਾਰਕਿੰਗ ਦੀ ਜਗ੍ਹਾ ਤੱਕ ਨਹੀਂ ਛੱਡੀ।