ਨਕਲੀ ਦਵਾਈਆਂ ਦੇ ਨਿਰਮਾਣ ਨਾਲ ਦਵਾਈ ਜਗਤ ਨਾਲ ਜੁੜੇ ਲੋਕਾਂ ਦੀਆਂ ਵਧੀਆਂ ਚਿੰਤਾਵਾਂ

11/27/2022 1:34:30 PM

ਰੂਪਨਗਰ (ਕੈਲਾਸ਼)-ਜ਼ਿਲ੍ਹਾ ਰੂਪਨਗਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਕਸਬਾ ਬੱਦੀ ’ਚ ਬੀਤੇ ਦਿਨ ਇਕ ਰੇਡ ਦੌਰਾਨ ਫੜੇ ਗਏ ਨਕਲੀ ਦਵਾਈਆਂ ਦੇ ਨਿਰਮਾਣ ਦੇ ਕਾਰੋਬਾਰ ਦਾ ਭਾਂਡਾਫੋੜ ਹੋਣ ’ਤੇ ਈਮਾਨਦਾਰੀ ਨਾਲ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਅਤੇ ਸਮੂਹ ਦਵਾਈ ਜਗਤ ਨਾਲ ਜੁੜੇ ਲੋਕਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ, ਉੱਥੇ ਹੀ ਦਵਾਈ ਖ਼ਰੀਦਣ ਵਾਲੇ ਲੋਕਾਂ ’ਚ ਵੀ ਦਵਾਈ ਖ਼ਰੀਦਣ ਵੇਲੇ ਸ਼ੱਕ ਦੀ ਸਥਿਤੀ ਬਣੀ ਰਹਿੰਦੀ ਹੈ। ਇਸ ਸਬੰਧੀ ਰੂਪਨਗਰ ਜ਼ਿਲ੍ਹਾ ਡਰਿੱਗਸਟ ਐਂਡ ਕੈਮਿਸਟ ਐਸੋ. (ਆਰ. ਡੀ. ਸੀ. ਏ.) ਨੇ ਵੀ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਆਰ. ਡੀ. ਸੀ. ਏ. ਦੇ ਪ੍ਰਧਾਨ ਸੁਦਰਸ਼ਨ ਚੌਧਰੀ, ਜਨਰਲ ਸਕੱਤਰ ਰਾਜਿੰਦਰ ਜੱਗੀ, ਸ਼ਹਿਰੀ ਪ੍ਰਧਾਨ ਸੰਜੇ ਮਲਹੋਤਰਾ, ਜਨਰਲ ਸਕੱਤਰ ਕਮਲਸ਼ੀਲ ਨੇ ਦੱਸਿਆ ਕਿ ਬੀਤੇ ਹਫਤੇ ਹਿਮਾਚਲ ਡਰੱਗ ਮਹਿਕਮੇ ਵੱਲੋਂ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਬੱਦੀ ’ਚ ਕਿ ਨਾਮੀ ਕੰਪਨੀ ਦੇ ਪ੍ਰਤੀਨਿਧੀਆਂ ਦੀ ਸ਼ਿਕਾਇਤ ’ਤੇ ਉਨ੍ਹਾਂ ਨੂੰ ਨਾਲ ਲੈ ਕੇ ਰੇਡ ਕੀਤੀ ਗਈ ਅਤੇ ਸੂਤਰਾਂ ਅਨੁਸਾਰ ਯੂ. ਐੱਸ. ਵੀ, ਇਪਕਾ ਅਤੇ ਸਿਪਲਾ ਕੰਪਨੀ ਦੇ ਨਾਂ ’ਤੇ ਇਕ ਕੰਪਨੀ ਵੱਲੋਂ ਬਿਨਾਂ ਲਾਇਸੈਂਸ ਲਏ ਦਵਾਈਆਂ ਦਾ ਨਿਰਮਾਣ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਇਸ ਤੋਂ ਪਹਿਲੇ ਵੀ ਹੋਰ ਨਾਂਵਾਂ ਦੇ ਹੇਠ ਬਣਾਈਆਂ ਦਾ ਰਹੀਆਂ ਐਂਟੀਬਾਇਓਟਿਕ, ਦਰਦ ਨਿਵਾਰਕ, ਬੁਖਾਰ, ਵਿਟਾਮਿਨ ਕੈਂਸਰ ਅਤੇ ਉਲਟੀ ਰੋਗ ਨਾਲ ਸਬੰਧਿਤ ਦਵਾਈਆਂ ਦਾ ਕਈ ਵਾਰ ਭਾਂਡਾ ਫੋੜ ਹੋ ਚੁੱਕਾ ਹੈ। ਡਰੱਗ ਮਾਫ਼ੀਆ ਵੱਲੋਂ ਲੋਕਾਂ ਦੀ ਸਿਹਤ ਨਾਲ ਕੀਤੇ ਜਾ ਰਹੇ ਖਿਲਵਾੜ ਨੂੰ ਲੈ ਕੇ ਜਿੱਥੇ ਦਵਾਈ ਕਾਰੋਬਾਰੀਆਂ ’ਚ ਭਾਰੀ ਰੋਸ ਹੈ ਉੱਥੇ ਹੀ ਉਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਚੰਦ ਡਰੱਗ ਮਾਫ਼ੀਆ ਦੇ ਲੋਕਾਂ ਨੂੰ ਕੜੀ ਸਜ਼ਾ ਦੇਣ ਦੀ ਮੰਗ ਵੀ ਕੀਤੀ ਹੈ।

ਇਹ ਵੀ ਪੜ੍ਹੋ : ਚੀਨ ’ਚ ਵਿਖਾਵਾ: ਇਮਾਰਤ ’ਚ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ ਮਗਰੋਂ ਦੇਸ਼ ’ਚ ਲਾਕਡਾਊਨ ਦਾ ਵਿਰੋਧ ਵਧਿਆ

ਇਸ ਸਬੰਧੀ ਸੁਦਰਸ਼ਨ ਚੌਧਰੀ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਯੂ. ਪੀ. ਦੇ ਕੁਝ ਲੋਕਾਂ ਨੇ ਬੱਦੀ ’ਚ ਆ ਕੇ ਬਿਨਾਂ ਦਵਾ ਨਿਰਮਾਣ ਦੇ ਲਾਇਸੈਂਸ ਲਈ ਨਾਮੀ ਕੰਪਨੀਆਂ ਦੇ ਨਾਂ ’ਤੇ ਦਵਾਈਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੀ ਸਮਗਲਿੰਗ ਯੂ. ਪੀ. ’ਚ ਵੀ ਕੀਤੀ ਜਾਂਦੀ ਰਹੀ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 3 ਮਾਮਲੇ ਬੱਦੀ ਤੋਂ ਹੀ ਉਜਾਗਰ ਹੋ ਚੁੱਕੇ ਹਨ। ਇਥੋਂ ਤਕ ਕਿ ਡਰੱਗ ਮਾਫ਼ੀਆ ਵੱਲੋਂ ਦਵਾਈਆਂ ਦੀ ਸਮਗਲਿੰਗ ਵਿਦੇਸ਼ਾਂ ਤਕ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਦੇਸ਼ ’ਚ 15 ਹਜ਼ਾਰ ਕਰੋੜ ਰੁਪਏ ਦਾ ਦਵਾਈਆਂ ਦਾ ਕਾਰੋਬਾਰ ਹੈ ਅਤੇ ਇਸ ’ਚ ਲਗਭਗ 94 ਹਜ਼ਾਰ ਦਵਾਈ ਵਿਕਰੇਤਾ ਕੰਮ ’ਚ ਜੁਟੇ ਹੋਏ ਹਨ ਪਰ ਦੂਜੇ ਪਾਸੇ ਡਰੱਗ ਮਾਫ਼ੀਆ ਨੂੰ ਪੈਸੇ ਲੁੱਟਣ ਦੀਆਂ ਨਜ਼ਰਾਂ ਵੀ ਕਾਰੋਬਾਰ ’ਤੇ ਬਣੀ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਬੱਦੀ ਅਤੇ ਰੂਪਨਗਰ ਦੀ ਸੀਮਾ ਆਪਸ ’ਚ ਲੱਗਦੀ ਹੈ, ਜਿਸ ਨਾਲ ਜ਼ਿਲ੍ਹਾ ਰੂਪਨਗਰ ’ਚ ਨਕਲੀ ਦਵਾਈਆਂ ਦਾ ਆਉਣਾ ਵੀ ਆਸਾਨ ਹੋ ਸਕਦਾ ਹੈ। ਇਸ ਸਬੰਧੀ ਉਨ੍ਹਾਂ ਨੇ ਸਾਰੇ ਦਵਾਈ ਵਿਕਰੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਵਾਈਆਂ ਦੇ ਕਾਰੋਬਾਰ ’ਚ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਦਵਾਈਆਂ ਦੀ ਖ਼ਰੀਦ ਬਿੱਲ ’ਤੇ ਕਰਨ ਅਤੇ ਬੈਚ ਨੰਬਰ ਵੀ ਮਿਲਾਉਣ।

ਹਿਮਾਚਲ ਦੇ ਸਟੇਟ ਡਰੱਗ ਕੰਟਰੋਲਰ ਨੇ ਨਹੀਂ ਚੁੱਕਿਆ ਫੋਨ

ਇਸ ਸਬੰਧ ’ਚ ਬੀਤੇ ਦਿਨ ਹਿਮਾਚਲ ਦੇ ਸਟੇਟ ਡਰੱਗ ਕੰਟਰੋਲਰ ਨਵੀਨ ਮਰਵਹਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ ਜਦਕਿ ਉਨ੍ਹਾਂ ਦੇ ਵੱਟਸਐਪ ’ਤੇ ਵੀ ਜਾਣਕਾਰੀ ਮੰਗੀ ਗਈ ਤਾਂ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ। ਦੂਜੇ ਪਾਸੇ ਪੰਜਾਬ ਦੇ ਡਰੱਗ ਵਿਭਾਗ ਦੇ ਉੱਚ ਅਧਿਕਾਰੀ ਤੋਂ ਡੁਪਲੀਕੇਟ ਦਵਾਈਆਂ ਦੀ ਪਛਾਣ ਅਤੇ ਰੋਕਥਾਮ ਸਬੰਧੀ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ 1 ਅਗਸਤ 2023 ਤੋਂ 300 ਤੋਂ ਵੱਧ ਦਵਾਈਆਂ ’ਤੇ ਬਾਰਕੋਡਿੰਗ ਲਗਾਉਣ ਦਾ ਫ਼ੈਸਲਾ ਕਰ ਚੁੱਕੀ ਹੈ, ਤਾਂਕਿ ਡੁਪਲੀਕੇਟ ਦਵਾਈਆਂ ਦਾ ਤੁਰੰਤ ਪਤਾ ਚਲ ਸਕੇ।

ਇਹ ਵੀ ਪੜ੍ਹੋ : ਕਾਂਗਰਸ ਤੇ ਭਾਜਪਾ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਕਈ ਆਗੂ ਲੱਗੇ ਖੁੱਡੇ-ਲਾਈਨ, ਹੁਣ ਭਾਲ ਰਹੇ ਘਰ ਵਾਪਸੀ ਦਾ ਰਾਹ

ਬਾਰਕੋਡਿੰਗ ਦਾ ਗਾਹਕ ਨੂੰ ਕਿਵੇਂ ਮਿਲੇਗਾ ਲਾਭ
ਮਿਲੀ ਜਾਣਕਾਰੀ ਅਨੁਸਾਰ ਦਵਾਈ ’ਤੇ ਲੱਗਣ ਵਾਲੇ ਬਾਰਕੋਡਿੰਗ ਨੂੰ ਸਕੈਨ ਕਰਦੇ ਹੀ ਜੇਕਰ ਉਸ ’ਚ ਗਲਤ ਫਾਰਮੂਲੇ ਦੀ ਵਰਤੋਂ ਕੀਤੀ ਗਈ ਤਾਂ ਉਸ ਦੀ ਨਾਲ ਹੀ ਜਾਣਕਾਰੀ ਮਿਲ ਸਕੇਗੀ। ਇਸ ਦੇ ਇਲਾਵਾ ਕੱਚਾ ਮਾਲ ਕਿਥੋਂ ਆਇਆ ਅਤੇ ਦਵਾਈ ਕਿਥੋਂ ਆ ਰਹੀ ਹੈ। ਇਸ ਦੀ ਵੀ ਜਾਣਕਾਰੀ ਬਾਰਕੋਡ ਤੋਂ ਹੀ ਪਤਾ ਚੱਲ ਸਕੇਗੀ। ਬਾਰਕੋਡ ਲਗਾਉਣ ਨਾਲ ਦਵਾਈਆਂ ਦੇ ਕਾਰੋਬਾਰ ’ਚ ਪਰਦਾਫਾਸ਼ ਹੋਵੇਗਾ ਅਤੇ ਡੁਪਲੀਕੇਟ ਦਵਾਈਆਂ ਦੇ ਨਿਰਮਾਣ ’ਤੇ ਕਾਫ਼ੀ ਹੱਦ ਤਕ ਰੋਕ ਲੱਗ ਸਕਦੀ ਹੈ।

ਇਹ ਵੀ ਪੜ੍ਹੋ :  ਟਾਂਡਾ ਵਿਖੇ ਵਿਆਹ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਹੋਈ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

shivani attri

This news is Content Editor shivani attri