ਸਾਬਕਾ ਫੌਜੀ ਨੇ ਚਾਕੂ ਮਾਰ ਕੇ ਕੀਤਾ ਪਤਨੀ ਦਾ ਕਤਲ

12/12/2018 6:24:02 AM

ਕਪੂਰਥਲਾ, (ਭੂਸ਼ਣ)- ਸ਼ਹਿਰ  ਦੇ ਅਜੀਤ ਨਗਰ ਖੇਤਰ ’ਚ ਇਕ ਸਾਬਕਾ  ਫੌਜੀ ਨੇ ਸ਼ੱਕ  ਕਾਰਨ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।  ਘਟਨਾ ਨੂੰ ਅੰਜਾਮ ਦੇਣ  ਤੋਂ ਬਾਅਦ ਉਕਤ ਮੁਲਜ਼ਮ ਨੇ ਅਾਪਣੇ ਢਿੱਡ ’ਚ ਚਾਕੂ  ਦੇ ਕਈ ਵਾਰ ਕਰ ਕੇ ਖੁਦਕੁਸ਼ੀ  ਕਰਨ ਦੀ ਕੋਸ਼ਿਸ਼ ਕੀਤੀ।  ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕਾ  ਦੀ ਲਾਸ਼  ਨੂੰ ਕਬਜ਼ੇ ’ਚ ਲੈ ਕੇ ਜਿਥੇ ਮੁਲਜ਼ਮ ਸਾਬਕਾ  ਫੌਜੀ  ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ,  ਉਥੇ ਹੀ ਮੁਲਜ਼ਮ ਦੀ ਹਾਲਤ ਕਾਫੀ ਗੰਭੀਰ  ਹੋਣ  ਕਾਰਨ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ।  ਜਿਥੇ ਉਸ  ਦੇ ਕਮਰੇ  ਦੇ ਬਾਹਰ ਪੁਲਸ ਗਾਰਡ ਤਾਇਨਾਤ ਕੀਤਾ  ਗਿਅਾ ਹੈ।  
ਜਾਣਕਾਰੀ ਅਨੁਸਾਰ ਰਜਿੰਦਰ ਕੌਰ ਪਤਨੀ ਅਮਰਜੀਤ ਸਿੰਘ  ਵਾਸੀ ਮੁਹੱਲਾ ਅਜੀਤ ਨਗਰ ਕਪੂਰਥਲਾ ਨੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ  ਸ਼ਿਕਾਇਤ ’ਚ ਦੱਸਿਆ ਸੀ ਕਿ ਉਸ  ਦਾ ਵਿਆਹ ਕਰੀਬ 4 ਸਾਲ ਪਹਿਲਾਂ ਅਮਰਜੀਤ ਸਿੰਘ  ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਮੰਗੇਖਾਂ  ਨਾਲ ਹੋਇਆ ਸੀ,  ਜੋ ਇਟਲੀ ’ਚ ਰਹਿੰਦਾ ਹੈ। ਉਹ ਆਪਣੇ ਘਰ ਵਿਚ ਆਪਣੇ ਸਹੁਰੇ ਜੋਗਿੰਦਰ ਸਿੰਘ, ਸੱਸ ਨਿਰਮਲ ਕੌਰ ਅਤੇ ਭਾਣਜੀ ਹਰਪ੍ਰੀਤ ਕੌਰ ਉਰਫ ਮਾਨਸੀ  ਨਾਲ ਰਹਿੰਦੀ ਸੀ।  
ਉਸ ਦਾ ਸਹੁਰਾ ਜੋਗਿੰਦਰ ਸਿੰਘ  ਅਕਸਰ ਉਸ ਦੀ ਸੱਸ ਨਿਰਮਲ ਕੌਰ ’ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਘਰ ’ਚ ਲਡ਼ਾਈ ਹੁੰਦੀ ਰਹਿੰਦੀ ਸੀ।  ਉਸ ਦਾ ਪਰਿਵਾਰ ਇਕ ਸਾਲ ਪਹਿਲਾਂ ਹੀ ਕਪੂਰਥਲਾ ਦੇ ਮੁਹੱਲਾ ਅਜੀਤ ਨਗਰ ’ਚ ਕਿਰਾਏ ਦਾ ਮਕਾਨ ਲੈ ਕੇ ਰਹਿਣ ਲਈ ਆਇਆ ਸੀ।  ਇਸ ਦੌਰਾਨ ਬੀਤੀ  ਰਾਤ ਉਸ  ਦੇ ਸਹੁਰੇ ਅਤੇ ਸੱਸ  ਵਿਚ  ਝਗੜਣ ਦੀਅਾਂ ਆਵਾਜ਼ਾਂ ਆਈਅਾਂ, ਜਿਸ ’ਤੇ ਉਹ ਜਦੋਂ  ਆਪਣੀ ਭਾਣਜੀ ਮਾਨਸੀ  ਨਾਲ ਸਹੁਰੇ ਜੋਗਿੰਦਰ ਸਿੰਘ   ਦੇ ਕਮਰੇ  ਦੇ ਬਾਹਰ ਪਹੁੰਚੀ ਤਾਂ ਕਮਰਾ ਅੰਦਰੋਂ ਬੰਦ ਸੀ ,  ਜਿਸ ਕਾਰਨ ਉਹ ਕਮਰੇ ਦਾ ਦਰਵਾਜ਼ਾ ਖਡ਼ਕਾਉਣ ਲੱਗੇ।  ਜਦੋਂ ਦਰਵਾਜ਼ਾ ਖੁੱਲ੍ਹਿਅਾ ਤਾਂ ਉਸ ਨੇ ਵੇਖਿਆ ਕਿ ਉਸ ਦੀ ਸੱਸ ਨਿਰਮਲ ਕੌਰ ਖੂਨ ਨਾਲ ਲÎÎਥਪਥ ਪਈ ਸੀ ਅਤੇ ਉਸ  ਦੇ ਸਹੁਰੇ ਜੋਗਿੰਦਰ ਸਿੰਘ  ਨੇ ਹੱਥ ’ਚ ਖੂਨ ਨਾਲ ਭਰਿਆ ਚਾਕੂ ਫਡ਼ਿਆ ਹੋਇਆ ਸੀ।  ਜਦੋਂ  ਉਸ ਦੀ ਭਾਣਜੀ ਮਾਨਸੀ ਨੇ   ਜੋਗਿੰਦਰ ਸਿੰਘ   ਤੋਂ ਚਾਕੂ ਖੋਹਣ ਦੀ ਕੋਸ਼ਿਸ਼ ਕੀਤੀ ਤਾਂ  ਮੁਲਜ਼ਮ  ਨੇ ਉਸ ਨੂੰ ਮੁੱਕਾ ਮਾਰਿਆ ਅਤੇ ਹੱਥ ਵਿਚ ਫਡ਼ੇ ਚਾਕੂ ਨਾਲ ਆਪਣੇ ਢਿੱਡ ਵਿਚ 4 ਵਾਰ ਕੀਤੇ। ਉਸ ਵੱਲੋਂ  ਰੌਲਾ ਪਾਉਣ ’ਤੇ ਆਸ-ਪਾਸ  ਦੇ  ਲੋਕਾਂ ਦੀ ਮਦਦ ਨਾਲ ਜਦੋਂ ਦੋਵਾਂ  ਪਤੀ-ਪਤਨੀ ਨੂੰ ਕਪੂਰਥਲਾ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਡਿਊਟੀ ’ਤੇ ਮੌਜੂਦ ਡਾਕਟਰਾਂ ਨੇ ਉਸ ਦੀ ਸੱਸ ਨਿਰਮਲ ਕੌਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ।   
ਘਟਨਾ ਦੀ ਸੂਚਨਾ ਮਿਲਦਿਅਾਂ ਹੀ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਸੁਖਪਾਲ ਸਿੰਘ  ਪੁਲਸ ਟੀਮ  ਨਾਲ ਮੌਕੇ ’ਤੇ ਪੁੱਜੇ ਪਰ  ਇਸ ਦੌਰਾਨ ਡਾਕਟਰਾਂ ਨੇ ਮੁਲਜ਼ਮ  ਜੋਗਿੰਦਰ ਸਿੰਘ  ਦੀ ਹਾਲਤ ਕਾਫੀ ਗੰਭੀਰ  ਵੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ, ਜਿਥੇ ਉਸ ਦੀ ਹਾਲਤ  ਗੰਭੀਰ  ਦੱਸੀ ਜਾ ਰਹੀ ਹੈ।  ਉਥੇ ਹੀ ਰਜਿੰਦਰ ਕੌਰ  ਦੇ ਬਿਆਨਾਂ ’ਤੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮੁਲਜ਼ਮ ਜੋਗਿੰਦਰ ਸਿੰਘ  ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਜਦੋਂਕਿ  ਨਿਰਮਲ ਕੌਰ ਦੀ ਲਾਸ਼ ਨੂੰ ਪੋਸਟਮਾਰਟਮ  ਤੋਂ ਬਾਅਦ ਉਸ  ਦੇ ਵਾਰਿਸਾਂ  ਹਵਾਲੇ ਕਰ ਦਿੱਤਾ ਹੈ।