ਬਜ਼ੁਰਗ ਪਤੀ-ਪਤਨੀ ਨੂੰ ਪਿਸਤੌਲ ਦੀ  ਨੋਕ ’ਤੇ ਲੁੱਟਿਆ

09/23/2018 7:30:15 AM

ਜਲੰਧਰ, (ਜ.ਬ.)- ਵਿਆਹ ਸਮਾਰੋਹ ’ਚ ਸ਼ਾਮਲ ਹੋਣ ਤੋਂ ਬਾਅਦ ਬੱਸ ਸਟੈਂਡ ਤੋਂ ਵਾਪਸ ਘਰ ਜਾ ਰਹੇ ਪਤੀ-ਪਤਨੀ ਨੂੰ ਆਟੋ ਚਾਲਕ ਤੇ ਉਸ ਦੇ ਸਾਥੀ ਨੇ ਕੁੱਟ-ਮਾਰ ਕਰ ਕੇ ਪਿਸਤੌਲ ਜਿਹੀ ਚੀਜ਼ ਵਿਖਾ ਕੇ ਲੁੱਟ ਲਿਆ। ਜਿਵੇਂ ਹੀ ਆਟੋ ਚਾਲਕ ਨੇ ਆਟੋ ਭਜਾਇਆ ਤਾਂ ਰੌਲਾ ਸੁਣ ਕੇ ਉਥੋਂ ਨਿਕਲ ਰਹੇ ਸਿਪਾਹੀ ਨੇ ਆਪਣੀ ਬਾਈਕ ਆਟੋ ਦੇ ਪਿੱਛੇ ਲਾ ਲਈ। ਪੁਲਸ ਮੁਲਾਜ਼ਮ ਨੂੰ ਆਉਂਦਾ ਵੇਖ ਆਟੋ ਡਰਾਈਵਰ ਕੋਲੋਂ ਆਟੋ ਬੇਕਾਬੂ ਹੋ ਗਿਆ, ਜਿਸ ਕਾਰਨ ਆਟੋ ਪਲਟ ਗਿਆ ਤੇ ਆਟੋ ਚਾਲਕ ਸਾਥੀ ਸਣੇ ਫਰਾਰ ਹੋ ਗਿਆ। ਅਗਲੇ ਹੀ ਦਿਨ ਪੁਲਸ ਨੇ ਆਟੋ ਦੇ ਨੰਬਰ ਤੋਂ ਡਰਾਈਵਰ ਨੂੰ ਫੜ ਲਿਆ ਪਰ ਉਸ ਦਾ ਸਾਥੀ ਅਜੇ ਵੀ ਫਰਾਰ ਹੈ। 
ਚੌਕੀ ਬੱਸ ਸਟੈਂਡ ਦੇ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ 21 ਸਤੰਬਰ ਰਾਤ ਨੂੰ ਕਰੀਬ 11.30 ਵਜੇ ਬਜ਼ੁਰਗ ਨਾਥ ਭੰਡਾਰੀ ਵਾਸੀ ਮਾਡਲ ਟਾਊਨ ਆਪਣੀ ਪਤਨੀ ਊਸ਼ਾ ਰਾਣੀ ਨਾਲ ਕਿਸੇ ਵਿਆਹ ਸਮਾਰੋਹ ’ਚ ਸ਼ਾਮਲ ਹੋ ਕੇ ਵਾਪਸ ਜਾਣ ਲਈ ਬੱਸ ਸਟੈਂਡ ਤੋਂ ਆਟੋ ਲੈ ਕੇ ਮਾਡਲ ਹਾਊਸ ਲਈ ਨਿਕਲੇ। ਜਿਵੇਂ ਹੀ ਆਟੋ ਮਾਡਲ ਹਾਊਸ ਤੋਂ ਕੁਝ ਦੂਰੀ ’ਤੇ ਪਹੁੰਚਿਆ ਤਾਂ  ਆਟੋ ਚਾਲਕ ਨੇ ਸੁੰਨਸਾਨ ਇਲਾਕੇ ਵਿਚ ਆਟੋ ਰੋਕ ਕੇ ਬਜ਼ੁਰਗ ਪਤੀ-ਪਤਨੀ ਨਾਲ ਕੁੱਟ-ਮਾਰ ਕੀਤੀ ਤੇ ਬਾਅਦ ਵਿਚ  ਪਿਸਤੌਲ ਜਿਹੀ ਚੀਜ਼ ਵਿਖਾ ਕੇ ਉਨ੍ਹਾਂ ਕੋਲੋਂ 2000 ਰੁਪਏ ਲੁੱਟ ਲਏ। 
ਜਿਵੇਂ ਹੀ ਆਟੋ ਚਾਲਕ ਤੇ ਉਸ ਦਾ ਸਾਥੀ ਆਟੋ ਲੈ ਕੇ ਭੱਜਣ ਲੱਗੇ ਤਾਂ ਬਜ਼ੁਰਗ ਪਤੀ-ਪਤਨੀ ਨੇ ਰੌਲਾ ਪਾ ਦਿੱਤਾ। ਕੋਲੋਂ ਲੰਘ ਰਹੇ ਥਾਣਾ ਭਾਰਗੋ ਕੈਂਪ ਦੇ ਸਿਪਾਹੀ ਸਤਿੰਦਰਪਾਲ ਸਿੰਘ ਨੇ ਬਜ਼ੁਰਗ ਪਤੀ-ਪਤਨੀ ਕੋਲ ਬਾਈਕ ਰੋਕ ਕੇ ਸਾਰਾ ਮਾਮਲਾ ਜਾਣਿਆ ਤੇ ਆਟੋ ਦੇ ਪਿੱਛੇ ਬਾਈਕ ਲਾ ਲਈ। ਪਿੱਛੇ ਪੁਲਸ ਕਰਮਚਾਰੀ ਨੂੰ ਆਉਂਦਾ ਵੇਖ ਆਟੋ ਚਾਲਕ ਦਾ ਆਟੋ ਬੇਕਾਬੂ ਹੋ ਕੇ ਪਲਟ ਗਿਆ। ਆਟੋ ਚਾਲਕ ਤੇ ਉਸ ਦਾ ਸਾਥੀ ਆਟੋ ਛੱਡ ਕੇ ਉਥੋਂ ਭੱਜ ਨਿਕਲੇ, ਜਦੋਂਕਿ ਸਿਪਾਹੀ ਸਤਿੰਦਰਪਾਲ ਸਿੰਘ ਨੇ ਬੱਸ ਸਟੈਂਡ ਚੌਕੀ ਦੀ ਪੁਲਸ ਨੂੰ ਸੂਚਨਾ ਦਿੱਤੀ। ਚੌਕੀ ਇੰਚਾਰਜ ਸੇਵਾ ਸਿੰਘ ਮੌਕੇ ’ਤੇ ਪੁੱਜੇ ਤੇ  ਆਟੋ ਨੂੰ ਕਬਜ਼ੇ ਵਿਚ ਲੈ ਲਿਆ।
ਕੁੱਟਮਾਰ ਨਾਲ ਬਜ਼ੁਰਗ ਪਤੀ-ਪਤਨੀ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਏ. ਐੱਸ. ਆਈ. ਸੇਵਾ  ਸਿੰਘ ਨੇ ਸਿਪਾਹੀ ਸਤਿੰਦਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਆਟੋ ਚਾਲਕ ਤੇ ਉਸ ਦੇ ਸਾਥੀ ’ਤੇ ਕੇਸ ਦਰਜ ਕਰ ਲਿਆ, ਜਦੋਂਕਿ 21 ਸਤੰਬਰ ਨੂੰ ਪੁਲਸ ਨੇ ਆਟੋ ਦੀ ਡਿਟੇਲ ਕੱਢਵਾ ਕੇ ਆਟੋ ਚਾਲਕ ਅਨਿਲ ਅਡਵਾਨੀ ਉਰਫ ਨੀਲਾ ਪੁੱਤਰ ਵਾਸੂਦੇਵ ਅਡਵਾਨੀ ਵਾਸੀ ਗੁਰੂ ਨਾਨਕਪੁਰਾ ਵੈਸਟ ਨੂੰ ਕਾਬੂ ਕਰ ਲਿਆ। ਉਸ ਦੇ ਸਾਥੀ ਦੀ ਪਛਾਣ ਜੋਂਟੀ ਵਾਸੀ ਵਾਸੀ ਅਸ਼ੋਕ ਵਿਹਾਰ ਦੇ ਤੌਰ ’ਤੇ ਹੋਈ ਹੈ। ਜੋਂਟੀ ਅਜੇ ਫਰਾਰ ਹੈ, ਜਿਸ ਦੀ ਭਾਲ ’ਚ ਰੇਡ ਕੀਤੀ ਜਾ ਰਹੀ ਹੈ। ਪੁਲਸ ਨੇ ਮੁਲਜ਼ਮ ਕੋਲੋਂ ਲੁੱਟੇ ਹੋਏ 2000 ਰੁਪਏ ਬਰਾਮਦ ਕਰ ਲਏ ਹਨ। ਏ. ਐੱਸ. ਆਈ. ਸੇਵਾ ਸਿੰਘ ਨੇ ਦੱਸਿਆ ਕਿ ਆਟੋ ਚਾਲਕ ਅਨਿਲ ਅਡਵਾਨੀ ਨੂੰ ਦੋ ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਜਲਦੀ ਹੀ ਉਸ ਦੇ ਫਰਾਰ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 
ਨਹੀਂ ਰੁਕ ਰਹੀਆਂ ਆਟੋ ’ਚ ਲੁੱਟ ਦੀਆਂ ਵਾਰਦਾਤਾਂ
ਰਾਤ ਦੇ ਸਮੇਂ ਆਟੋ ਵਿਚ ਸਵਾਰੀਆਂ ਨੂੰ ਬਿਠਾ ਕੇ ਲੁੱਟਣ ਦਾ ਸਿਲਸਿਲਾ ਨਹੀਂ ਰੁਕ ਰਿਹਾ। ਭਾਵੇਂ ਸਾਰੇ ਆਟੋ ਚਾਲਕ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਹੀਂ ਕਰਦੇ ਸਗੋਂ ਕੁਝ ਅਪਰਾਧੀ ਕਿਸਮ ਦੇ ਆਟੋ ਚਾਲਕ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰ ਕੇ ਆਟੋ ਚਾਲਕਾਂ ਦਾ ਅਕਸ ਵੀ ਖਰਾਬ ਕਰ ਰਹੇ ਹਨ। ਕੈਂਟ ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਸਿਟੀ ਰੇਲਵੇ ਸਟੇਸ਼ਨ ਤੋਂ ਜੇਕਰ ਰਾਤ ਦੇ ਸਮੇਂ ਆਟੋ ਲੈਣਾ ਵੀ ਪਵੇ ਤਾਂ ਸਭ ਤੋਂ ਪਹਿਲਾਂ ਆਟੋ ਦਾ ਨੰਬਰ ਨੋਟ ਕਰੋ  ਤੇ ਆਟੋ ਚਾਲਕ ਦਾ ਹੁਲੀਆ ਵੀ ਯਾਦ ਰੱਖੋ। ਆਟੋ ਯੂਨੀਅਨ ਵੀ ਇਸ ਤਰ੍ਹਾਂ ਦੇ ਆਟੋ ਚਾਲਕਾਂ ’ਤੇ ਨਜ਼ਰ ਬਣਾਈ ਰੱਖੇ ਤੇ ਜੇਕਰ ਕੋਈ ਵੀ ਸ਼ੱਕੀ ਲੱਗੇ ਤਾਂ ਉਸ ਦੀ ਸੂਚਨਾ ਤੁਰੰਤ ਪੁਲਸ ਨੂੰ ਦੇਣ। ਇਹ ਪਹਿਲੀ ਵਾਰਦਾਤ ਨਹੀਂ ਸਗੋਂ ਇਸ ਤੋਂ ਪਹਿਲਾਂ ਵੀ ਆਟੋ ਚਾਲਕ ਸਵਾਰੀਆਂ ਨੂੰ ਲੁੱਟ ਚੁੱਕੇ ਹਨ।