ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕਰਨ ਵਾਲਿਆਂ ’ਤੇ ਡਰੱਗ ਵਿਭਾਗ ਦੀ ਪੈਨੀ ਨਜ਼ਰ

12/06/2018 2:01:48 AM

 ਰੂਪਨਗਰ,   (ਕੈਲਾਸ਼)-  ਸਿਹਤ ਵਿਭਾਗ ਪੰਜਾਬ ਨੇ ਨਸ਼ੇ ਦੇ ਤੌਰ ’ਤੇ ਵਰਤੀਅਾਂ ਜਾ ਸਕਣ ਵਾਲੀਆਂ ਦਵਾਈਆਂ (ਹੈਬਟ ਫੋਰਮਿੰਗ ਡਰੱਗ) ਦੀ ਵਿਕਰੀ ਲਈ ਪੰਜਾਬ ਦੇ ਸਾਰੇ ਥੋਕ ਵਿਕਰੇਤਾਵਾਂ ਅਤੇ ਦਵਾਈ ਨਿਰਮਾਣ ਕੰਪਨੀਆਂ ਨੂੰ ਆਦੇਸ਼ ਜਾਰੀ ਕਰ ਕੇ ਕਿਹਾ ਕਿ ਇਸ ਦੇ ਲਈ ਉਹ ਲਿਖਤੀ ਆਰਡਰ ਲੈਣ ਦੇ ਬਾਅਦ ਹੀ ਦਵਾਈਆਂ ਦੀ ਵਿਕਰੀ ਕਰਨ ਅਤੇ ਇਸ ਦੇ ਬਦਲੇ ਵਸੂਲੀ ਗਈ ਰਕਮ ਦਾ ਰਿਕਾਰਡ ਵੀ ਰੱਖਿਆ ਜਾਵੇ। 
ਇਸ ਸਬੰਧੀ ‘ਜਗ ਬਾਣੀ’ ਨੂੰ  ਜਾਣਕਾਰੀ ਦਿੰਦੇ ਹੋਏ ਜੁਆਇੰਟ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਪੰਜਾਬ ਪ੍ਰਦੀਪ ਮੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਨੂੰ ਲੈ ਕੇ ਗੰਭੀਰ ਹੈ ਅਤੇ ਪੰਜਾਬ ਤੋਂ ਨਸ਼ਾ ਖਤਮ ਕਰਨ ਲਈ ਠੋਸ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਡਰੱਗ ਵਿਭਾਗ ਵਲੋਂ ਹੈਬਟ ਫੋਰਮਿੰਗ ਦਵਾਈਆਂ ਲਈ ਲਿਖਤੀ ਆਰਡਰ ਲੈਣਾ ਜ਼ਰੂਰੀ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਇਲਾਵਾ ਪੰਜਾਬ ’ਚ 6 ਪ੍ਰਕਾਰ ਦੀਆਂ ਹੈਬਿਟ ਫੋਰਮਿੰਗ ਦਵਾਈਆਂ ਦੀ ਵਿਕਰੀ ’ਤੇ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਦਵਾਈ ਵਿਕਰੇਤਾਵਾਂ ਦੇ ਲਾਇਸੈਂਸਾਂ ਤੇ ਸਬੰਧਤ ਦਵਾਈਆਂ ਦੀ ਵਿਕਰੀ ’ਤੇ ਰੋਕ ਲਾਉਣ ਲਈ ‘ਲਾਲ ਮੋਹਰ’ ਵੀ ਲਾਈ ਜਾ ਰਹੀ ਹੈ।­
ਪੰਜਾਬ ’ਚ ਰੋਗੀਆਂ ਨੂੰ ਮੁਫਤ ਦਵਾਈ ਅਤੇ ਲੈਬ ਟੈਸਟ ਦੀ ਸੁਵਿਧਾ
ਸਿਰਫ ਪੰਜਾਬ ਹੀ ਇਕ ਅਜਿਹਾ ਰਾਜ ਹੈ ਜਿੱਥੇ ਲੋਕਾਂ ਨੂੰ ਮੁਫਤ ਦਵਾਈਆਂ ਅਤੇ ਲੈਬ ਟੈਸਟ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਉਕਤ ਸੁਵਿਧਾਵਾਂ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ’ਚ ਉਪਲੱਬਧ ਹਨ।