ਨਸ਼ਾ ਛੁਡਾਊ ਕੇਂਦਰ ''ਚ ਨਸ਼ੇੜੀ ਨੇ ਕੀਤੀ ਸਟਾਫ ਨਾਲ ਕੁੱਟਮਾਰ ਤੇ ਪਾੜੇ ਕੱਪੜੇ

10/16/2023 1:38:54 PM

ਜਲੰਧਰ (ਸ਼ੋਰੀ) : ਸਿਵਲ ਹਸਪਤਾਲ ਨਸ਼ਾ ਛੁਡਾਊ ਕੇਂਦਰ 'ਚ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਦਾਖ਼ਲ ਕੀਤਾ ਜਾਂਦਾ ਹੈ ਤਾਂ ਜੋ ਉਹ ਨਸ਼ਾ ਛੱਡ ਕੇ ਮੁੜ ਤੋਂ ਚੰਗੀ ਜ਼ਿੰਦਗੀ ਜੀਅ ਸਕਣ। ਪਰ ਇਨ੍ਹੀਂ ਦਿਨੀਂ ਕੁਝ ਨਸ਼ੇੜੀ ਨੌਜਵਾਨ ਵਾਰਡ ’ਚ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨਾਲ ਨਾ ਸਿਰਫ਼ ਬਹਿਸ ਕਰ ਰਹੇ ਹਨ ਸਗੋਂ ਉਨ੍ਹਾਂ ਦੀ ਕੁੱਟਮਾਰ ਵੀ ਕਰ ਰਹੇ ਹਨ। ਸਟਾਫ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਇਲਾਜ ਅਧੀਨ ਮਰੀਜ਼ ਦੁਬਾਰਾ ਨਸ਼ੇ ਦਾ ਆਦੀ ਨਾ ਹੋ ਜਾਵੇ, ਜਿਸ ਕਾਰਨ ਕੁਝ ਲੋਕ ਗੁੱਸੇ 'ਚ ਆ ਕੇ ਵਾਰਡ ’ਚ ਹੰਗਾਮਾ ਵੀ ਕਰ ਦਿੰਦੇ ਹਨ।

ਐਤਵਾਰ ਦੁਪਹਿਰ ਨੂੰ ਵੀ ਨਸ਼ਾ ਛੁਡਾਊ ਕੇਂਦਰ ’ਚ ਕਾਫੀ ਹੰਗਾਮਾ ਹੋਇਆ। ਜਾਣਕਾਰੀ ਅਨੁਸਾਰ ਚਰਸ ਦਾ ਸੇਵਨ ਕਰਨ ਵਾਲੇ ਇਕ ਪ੍ਰਵਾਸੀ ਵਿਅਕਤੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਨਸ਼ਾ ਛੁਡਾਉਣ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਸੀ। ਨਰਸਿੰਗ ਸਟਾਫ ਨੇ ਦੇਖਿਆ ਕਿ ਉਹ ਇਕੱਲਾ ਅਜੀਬੋ-ਗਰੀਬ ਗੱਲਾਂ ਕਰ ਰਿਹਾ ਸੀ। ਸ਼ੱਕ ਹੋਣ ’ਤੇ ਸਫ਼ਾਈ ਕਰਮਚਾਰੀ ਨੂੰ ਨਾਲ ਲੈ ਕੇ ਉਹ ਉਕਤ ਵਿਅਕਤੀ ਦੀ ਤਲਾਸ਼ੀ ਲੈਣ ਲੱਗੇ ਤਾਂ ਜੋ ਪਤਾ ਲੱਗ ਸਕੇ ਕਿ ਉਸ ਕੋਲ ਚਰਸ ਤਾਂ ਨਹੀਂ ਹੈ। ਇਸ ਗੱਲ ਨੂੰ ਲੈ ਕੇ ਨਸ਼ੇੜੀ ਦਾ ਸਟਾਫ਼ ਨਾਲ ਝਗੜਾ ਹੋ ਗਿਆ ਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਤੇ ਨਰਸਿੰਗ ਸਟਾਫ਼ ਤੇ ਸਫ਼ਾਈ ਕਰਮਚਾਰੀ ਦੋਵਾਂ ਦੀਆਂ ਕਮੀਜ਼ਾਂ ਪਾੜ ਦਿੱਤੀਆਂ। ਵਾਰਡ ’ਚ ਇਲਾਜ ਅਧੀਨ ਬਾਕੀ ਲੋਕਾਂ ਨੇ ਕਿਸੇ ਤਰ੍ਹਾਂ ਦੋਵਾਂ ਨੂੰ ਬਚਾ ਲਿਆ। ਦੱਸਿਆ ਜਾ ਰਿਹਾ ਹੈ ਕਿ ਝਗੜਾ ਸ਼ੁਰੂ ਕਰਨ ਵਾਲੇ ਵਿਅਕਤੀ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਵਾਪਸ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: 1 ਨਵੰਬਰ ਨੂੰ ਹੋਣ ਵਾਲੀ ਖੁੱਲ੍ਹੀ ਬਹਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਮੁਫਤ ਇਲਾਜ ਦੇ ਬਾਵਜੂਦ ਕੁਝ ਲੋਕ ਸਟਾਫ ਨਾਲ ਕਰਦੇ ਨੇ ਵਿਵਾਦ
ਜੇਕਰ ਨਸ਼ੇੜੀਆਂ ਨੂੰ ਨਿੱਜੀ ਹਸਪਤਾਲਾਂ ਜਾਂ ਨਿੱਜੀ ਸੰਸਥਾਵਾਂ ਵੱਲੋਂ ਚਲਾਏ ਨਸ਼ਾ ਛੁਡਾਊ ਕੇਂਦਰਾਂ ’ਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਉਨ੍ਹਾਂ ਦੇ ਪਰਿਵਾਰਾਂ ਤੋਂ ਮੋਟੀ ਰਕਮ ਵਸੂਲੀ ਜਾਂਦੀ ਹੈ। ਇਕ ਅੰਦਾਜ਼ੇ ਅਨੁਸਾਰ 30 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦੇ ਬਿੱਲ ਵੀ ਪਰਿਵਾਰਕ ਮੈਂਬਰਾਂ ਤੋਂ ਵਸੂਲੇ ਜਾਂਦੇ ਹਨ। ਕੁਝ ਕੇਂਦਰ ਪਰਿਵਾਰ ਦੇ ਮੈਂਬਰਾਂ ਨੂੰ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦਿਖਾ ਕੇ ਭਰੋਸਾ ਦਿਵਾਉਂਦੇ ਹਨ ਕਿ ਮਰੀਜ਼ ਠੀਕ ਹੈ। ਪਰ ਇਸ ਦੇ ਉਲਟ ਸਿਵਲ ਹਸਪਤਾਲ ’ਚ ਬਣਾਏ ਗਏ ਨਸ਼ਾ ਛੁਡਾਊ ਕੇਂਦਰ ’ਚ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਦਵਾਈਆਂ ਤੇ ਖਾਣਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਪਰ ਇਸ ਦੇ ਬਾਵਜੂਦ ਵੀ ਕੁਝ ਮਰੀਜ਼ ਅਜਿਹੇ ਵੀ ਹਨ ਜੋ ਵਾਰਡ ਦੇ ਪਖਾਨਿਆਂ ’ਚ ਨਸ਼ਾ ਕਰਨ ਦੇ ਆਦੀ ਹੋ ਚੁੱਕੇ ਹਨ। ਸੁਰੱਖਿਆ ਕਰਮਚਾਰੀਆਂ ਤੇ ਸਟਾਫ ਨੇ ਅਜਿਹੇ ਕਈ ਲੋਕਾਂ ਨੂੰ ਫੜਿਆ ਹੈ ਪਰ ਹੁਣ ਡਿਊਟੀ ’ਤੇ ਮੌਜੂਦ ਕਰਮਚਾਰੀਆਂ ਨਾਲ ਝਗੜੇ ਤੇ ਕੁੱਟਮਾਰ ਦੀ ਘਟਨਾ ਨਿੰਦਣਯੋਗ ਹੈ।

ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਅਭੈ ਰਾਜ ਸਿੰਘ ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਸੇਵਾ ਕਰਨਾ ਤੇ ਉਨ੍ਹਾਂ ਨੂੰ ਤੰਦਰੁਸਤ ਬਣਾਉਣਾ ਡਾਕਟਰਾਂ ਤੇ ਸਟਾਫ਼ ਦਾ ਫਰਜ਼ ਹੈ ਪਰ ਹਸਪਤਾਲ ’ਚ ਆਉਣ ਵਾਲੇ ਲੋਕਾਂ ਵੱਲੋਂ ਵੀ ਡਾਕਟਰਾਂ ਤੇ ਸਟਾਫ ਨਾਲ ਸਹੀ ਵਿਵਹਾਰ ਕਰਨਾ ਫਰਜ਼ ਹੈ।

ਇਹ ਵੀ ਪੜ੍ਹੋ: ਪਰਾਲੀ ਵੇਚ ਕੇ ਲੱਖਾਂ ਕਮਾ ਰਿਹੈ ਇਹ ਕਿਸਾਨ, ਬਾਕੀ ਕਿਸਾਨਾਂ ਲਈ ਬਣ ਰਿਹਾ ਮਿਸਾਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Anuradha

This news is Content Editor Anuradha