ਕੰਬਾਈਨ ਮਾਲਕ ਵਲੋਂ ਕੀਤੀ ਕੁੱਟ-ਮਾਰ ਨਾਲ ਡਰਾਈਵਰ ਦੀ ਮੌਤ

01/12/2019 7:48:53 AM

ਕਪੂਰਥਲਾ, (ਭੂਸ਼ਣ)- ਇਕ ਕੰਬਾਈਨ ਮਾਲਕ ਵਲੋਂ ਕੀਤੀ ਕੁੱਟ-ਮਾਰ  ਕਾਰਨ ਮੌਤ ਦਾ ਸ਼ਿਕਾਰ ਹੋਏ ਡਰਾਈਵਰ  ਦੇ  ਰਿਸ਼ਤੇਦਾਰਾਂ ਦੀ ਸ਼ਿਕਾਇਤ ’ਤੇ ਥਾਣਾ ਬੇਗੋਵਾਲ ਦੀ ਪੁਲਸ ਨੇ ਕੰਬਾਈਨ ਮਾਲਕ   ਖਿਲਾਫ  ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।  ਫਿਲਹਾਲ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।  
ਜਾਣਕਾਰੀ  ਅਨੁਸਾਰ ਬੇਅੰਤ ਸਿੰਘ  ਪੁੱਤਰ ਲਾਭ ਸਿੰਘ  ਵਾਸੀ ਪਿੰਡ ਚੁੰਨੀ ਮਾਜਰਾ ਜ਼ਿਲਾ  ਫਤਿਹਗੜ੍ਹ ਸਾਹਿਬ ਨੇ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ  ਨੂੰ ਦਿੱਤੀ ਆਪਣੀ ਸ਼ਿਕਾਇਤ ’ਚ  ਦੱਸਿਆ ਸੀ ਕਿ ਉਸ ਦਾ ਪਿਤਾ ਲਾਭ ਸਿੰਘ  ਪੁੱਤਰ ਸਵਰਣ ਸਿੰਘ  ਕੰਬਾਈਨ ਦੀ ਡਰਾਇਵਰੀ ਕਰਦਾ  ਸੀ।  ਇਸ  ਦੌਰਾਨ ਉਸ ਦਾ ਪਿਤਾ ਕੰਬਾਈਨ ਮਾਲਕ ਜੋਗਿੰਦਰ ਸਿੰਘ  ਪੁੱਤਰ ਕਰਨੈਲ ਸਿੰਘ  ਵਾਸੀ ਪਿੰਡ  ਬਨਦੇਸ਼ੀ ਜ਼ਿਲਾ ਫਤਿਹਗੜ੍ਹ  ਦੇ ਨਾਲ 20 ਅਕਤੂਬਰ 2018 ਨੂੰ ਬੇਗੋਵਾਲ ਖੇਤਰ ’ਚ ਝੋਨੇ ਦਾ  ਸੀਜ਼ਨ ਲਾਉਣ ਲਈ ਗਿਆ ਸੀ, ਇਸ ਦੌਰਾਨ 22 ਅਕਤੂਬਰ ਨੂੰ ਕੰਬਾਈਨ ਮਾਲਕ ਜੋਗਿੰਦਰ ਸਿੰਘ   ਦਾ ਉਸ ਨੂੰ ਫੋਨ ਆਇਆ ਕਿ ਤੁਹਾਡੇ ਪਿਤਾ ਦੀ ਤਬੀਅਤ ਬਹੁਤ  ਜ਼ਿਆਦਾ ਖਰਾਬ ਹੈ, ਤੁਸੀਂ ਉਸ ਨੂੰ ਆ ਕੇ ਲੈ ਜਾਓ।  
ਇਸ ਦੌਰਾਨ ਉਹ ਜਦੋਂ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ 22 ਅਕਤੂਬਰ ਦੀ ਰਾਤ ਕਰੀਬ 9.30 ਵਜੇ ਬੇਗੋਵਾਲ ਖੇਤਰ ’ਚ ਇਕ  ਪੈਟਰੋਲ ਪੰਪ  ਦੇ ਨੇੜੇ ਜੋਗਿੰਦਰ ਸਿੰਘ  ਨੂੰ ਆਪਣੇ ਪਿਤਾ  ਨਾਲ ਮਿਲਿਆ ਤਾਂ ਉਸ ਨੇ  ਵੇਖਿਆ ਕਿ ਉਸ  ਦੇ ਪਿਤਾ ਦੀ ਹਾਲਤ ਬੇਹੱਦ ਖ਼ਰਾਬ ਸੀ ਅਤੇ ਉਹ ਆਪਣੇ ਢਿੱਡ ਨੂੰ ਫੜ ਕੇ  ਬੈਠਾ ਸੀ।  ਉਸ  ਦੇ ਪਿਤਾ ਤੋਂ ਗੱਲਬਾਤ ਵੀ ਨਹੀਂ ਹੋ ਰਹੀ ਸੀ।  ਜਿਸ ’ਤੇ ਉਹ ਆਪਣੇ  ਪਿਤਾ ਨੂੰ ਪ੍ਰਾਈਵੇਟ ਕਾਰ ’ਚ ਲੈ ਕੇ ਪਿੰਡ ਆ ਗਿਆ ਅਤੇ ਸਵੇਰੇ 9 ਵਜੇ ਸਰਕਾਰੀ  ਹਸਪਤਾਲ ਫਤਿਹਗੜ੍ਹ ਸਾਹਿਬ ਜਦੋਂ ਆਪਣੇ ਪਿਤਾ  ਦੇ ਇਲਾਜ ਲਈ ਪਹੁੰਚਿਆ ਤਾਂ ਡਾਕਟਰਾਂ ਨੇ ਉਸ  ਦੀ ਹਾਲਤ ਬੇਹਦ ਗੰਭੀਰ  ਵੇਖਦੇ ਹੋਏ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ  ਦਿੱਤਾ। ਜਿਥੇ ਰਸਤੇ ’ਚ ਹੀ ਉਸ  ਦੇ ਪਿਤਾ ਦੀ ਮੌਤ ਹੋ ਗਈ।   ਜਿਸ ਦਾ ਸਿਵਲ ਹਸਪਤਾਲ  ਫਤਿਹਗੜ੍ਹ ਸਾਹਿਬ ਵਿਚ ਪੋਸਟਮਾਰਟਮ ਕੀਤਾ ਗਿਆ।
  ਪੋਸਟਮਾਰਟਮ ਰਿਪੋਰਟ ਵਿਚ ਇਸ  ਗੱਲ ਦੀ ਪੁਸ਼ਟੀ ਹੋਈ ਕਿ ਲਾਭ ਸਿੰਘ  ਦੀ ਮੌਤ ਕੁੱਟ-ਮਾਰ ਕਾਰਨ ਹੋਈ ਹੈ ਅਤੇ ਉਸ  ਦੇ ਸਰੀਰ ’ਤੇ ਸੱਟਾਂ  ਦੇ ਕਈ ਨਿਸ਼ਾਨ ਹਨ।  ਜਿਸ  ਦੇ ਆਧਾਰ ’ਤੇ ਥਾਣਾ ਬੇਗੋਵਾਲ  ਦੇ ਐੱਸ. ਐੱਚ. ਓ . ਹਰਦੀਪ ਸਿੰਘ  ਨੇ ਬੇਅੰਤ ਸਿੰਘ ਦੇ ਬਿਆਨਾ  ਦੇ ਆਧਾਰ ’ਤੇ ਮੁਲਜ਼ਮ ਕੰਬਾਈਨ ਮਾਲਕ  ਜੋਗਿੰਦਰ ਸਿੰਘ  ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ   ਅਤੇ ਮੁਲਜ਼ਮ ਦੀ ਤਲਾਸ਼  ਜਾਰੀ ਹੈ।