ਨਿਗਮ ਨੇ 4 ਦੁਕਾਨਾਂ ਤੋੜੀਆਂ, 15 ਨੂੰ ਲਾਈਆਂ ਸੀਲਾਂ

01/12/2019 6:42:32 AM

ਜਲੰਧਰ, (ਜ. ਬ.)- ਨਾਜਾਇਜ਼ ਬਿਲਡਿੰਗਾਂ ਦੇ ਮਾਮਲੇ ’ਚ ਪਾਏ ਜਾ ਰਹੇ ਸਿਆਸੀ  ਦਬਾਅ ਦੀਆਂ  ਧੱਜੀਆਂ ਉਡਾਉਂਦਿਆਂ ਨਿਗਮ ਪ੍ਰਸ਼ਾਸਨ ਨੇ ਅੱਜ ਪਿਛਲੇ ਕੁੱਝ ਸਮੇਂ ਦੌਰਾਨ  ਕਾਂਗਰਸੀ ਆਗੂਆਂ ਦੇ ਪ੍ਰੈਸ਼ਰ ਨਾਲ ਬਣੀਆਂ ਨਾਜਾਇਜ਼ ਬਿਲਡਿੰਗਾਂ ’ਤੇ ਕਾਰਵਾਈ ਕੀਤੀ ਤੇ  4  ਦੁਕਾਨਾਂ ਨੂੰ ਡਿੱਚ ਦੀ ਮਦਦ ਨਾਲ ਮਲੀਆਮੇਟ ਕਰ ਦਿੱਤਾ, ਜਦੋਂਕਿ ਹੋਰ 15 ਦੁਕਾਨਾਂ ਨੂੰ  ਸੀਲਾਂ ਲਾ ਦਿੱਤੀਆਂ ਗਈਆਂ। ਕਮਿਸ਼ਨਰ ਦੀਪਰਵ ਲਾਕੜਾ ਦੇ ਨਿਰਦੇਸ਼ਾਂ ’ਤੇ ਬਿਲਡਿੰਗ ਵਿਭਾਗ  ਦੀਆਂ ਵੱਖ-ਵੱਖ ਟੀਮਾਂ ਨੇ ਆਪਣੇ-ਆਪਣੇ ਇਲਾਕੇ ’ਚ ਇਹ ਕਾਰਵਾਈ ਤੜਕਸਾਰ ਕੀਤੀ ਤਾਂ ਜੋ  ਟੀਮਾਂ ਨੂੰ ਵਿਰੋਧ ਦਾ ਸਾਹਮਣਾ ਨਾ ਕਰਨਾ ਪਏ।
 ਸੀਲ ਕੀਤੀਆਂ ਗਈਆਂ ਜ਼ਿਆਦਾਤਰ ਦੁਕਾਨਾਂ ’ਚ ਕੰਮਕਾਜ ਚੱਲ ਰਹੇ ਸਨ ਅਤੇ ਜ਼ਿਆਦਾਤਰ ਦੁਕਾਨਾਂ ਸਵੇਰ ਤੋਂ ਬੰਦ ਪਈਆਂ ਸਨ, ਜਿਨ੍ਹਾਂ  ਨੂੰ ਨਿਗਮ ਨੇ ਸੀਲ ਕਰ ਦਿੱਤਾ। 4 ਦੁਕਾਨਾਂ ਤੋੜਨ ਦੀ ਕਾਰਵਾਈ ਦੁਪਹਿਰ ਵੇਲੇ ਕੀਤੀ  ਗਈ, ਜਿਸ ਦੀ ਅਗਵਾਈ ਇੰਸ. ਪੂਜਾ ਮਾਨ ਕਰ ਰਹੀ ਸੀ। ਇਸ ਟੀਮ ਨੇ ਉਪਕਾਰ ਨਗਰ ਇਲਾਕੇ ਵਿਚ  ਪਿਛਲੇ ਸਮੇਂ ਦੌਰਾਨ ਬਣੀਆਂ 4 ਦੁਕਾਨਾਂ ਨੂੰ ਡਿੱਚ ਦੀ ਮਦਦ ਨਾਲ ਤੋੜ ਦਿੱਤਾ। ਇਸ ਥਾਂ ’ਤੇ ਨਿਗਮ ਟੀਮ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਨਿਗਮ ਟੀਮ ਦੁਕਾਨਾਂ  ਦੇ ਲੈਂਟਰ ਨੂੰ ਡੇਗ ਚੁੱਕੀ ਸੀ ਤਾਂ ਮੌਕੇ ’ਤੇ ਇਲਾਕੇ ਦੇ ਕਾਂਗਰਸੀ ਕੌਂਸਲਰ ਰਾਜਵਿੰਦਰ  ਸਿੰਘ ਰਾਜਾ ਪਹੁੰਚ ਗਏ ਅਤੇ ਉਨ੍ਹਾਂ ਨਿਗਮ ਟੀਮ ਸਾਹਮਣੇ ਜ਼ੋਰਦਾਰ ਵਿਰੋਧ ਜਤਾਇਆ। 
ਇਸ  ਕਾਰਵਾਈ ਦੌਰਾਨ ਬਿਲਡਿੰਗ ਇੰਸ. ਅਜੀਤ ਸ਼ਰਮਾ ਨੇ ਬਸਤੀ ਅੱਡਾ ਚੌਕ ਕੋਲ ਇਕ ਮਾਰਕੀਟ ਦੀਆਂ  8 ਦੁਕਾਨਾਂ ਨੂੰ ਸੀਲ ਕੀਤਾ। ਇਸੇ ਟੀਮ ਨੇ ਜੇ. ਪੀ. ਨਗਰ ਰੋਡ ’ਤੇ ਕ੍ਰੀਮਿਕਾ ਦੇ  ਸਾਹਮਣੇ ਨਾਜਾਇਜ਼ ਤੌਰ ’ਤੇ ਬਣ ਰਹੀ ਦੁਕਾਨ ਨੂੰ ਵੀ ਸੀਲ ਲਾਈ। ਇਸ ਦੁਕਾਨ ਨੂੰ ਕੱਲ ਸੀਲ  ਕਰਨ ਗਈ ਨਿਗਮ ਟੀਮ ਦਾ ਵਿਰੋਧ ਕੌਂਸਲਰ ਪਤੀ ਹਰਜਿੰਦਰ ਲਾਡਾ ਨੇ ਕੀਤਾ ਸੀ, ਜਿਸ ਤੋਂ ਬਾਅਦ  ਬਿਨਾਂ ਸੀਲ ਲਾਏ ਟੀਮ ਵਾਪਸ ਪਰਤ ਆਈ ਸੀ। ਅੱਜ ਸਭ ਤੋਂ ਪਹਿਲਾਂ ਉਸ ਦੁਕਾਨ ਨੂੰ ਤੜਕਸਾਰ  ਸੀਲ ਲਾਈ ਗਈ ਜਿੱਥੇ ਕੱਪੜਿਆਂ ਦਾ ਸ਼ੋਅਰੂਮ ਚੱਲ ਰਿਹਾ ਸੀ।
ਬਿਲਡਿੰਗ ਇੰਸ. ਆਰ. ਐੱਸ.  ਟਿਵਾਣਾ ਨੇ ਕਾਰਵਾਈ ਦੌਰਾਨ ਮਾਡਲ ਟਾਊਨ ਦੀਆਂ 3-ਬੀ ਵਾਲੀਆਂ ਵਿਵਾਦਿਤ ਦੋ ਦੁਕਾਨਾਂ  ਨੂੰ ਸੀਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਦੁਕਾਨਾਂ ਨੂੰ ਪਹਿਲਾਂ ਵੀ ਕਈ ਵਾਰ ਸੀਲ  ਕੀਤਾ ਗਿਆ ਸੀ ਪਰ ਹਰ ਵਾਰ ਕਾਂਗਰਸੀ ਆਗੂਆਂ ਦੇ ਕਹਿਣ ’ਤੇ ਸੀਲਾਂ ਨੂੰ ਤੋੜ ਦਿੱਤਾ ਗਿਆ ਅਤੇ  ਲਾਚਾਰ ਨਿਗਮ ਐੱਫ. ਆਈ. ਆਰ. ਤੱਕ ਦਰਜ ਨਹੀਂ ਕਰਵਾ ਸਕਿਆ। ਇਸ ਤੋਂ ਇਲਾਵਾ ਸ਼੍ਰੀ ਟਿਵਾਣਾ  ਦੀ ਅਗਵਾਈ ਵਿਚ 66 ਫੁੱਟੀ ਰੋਡ ’ਤੇ ਦੋ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਇਸੇ ਤਰ੍ਹਾਂ  ਬਿਲਡਿੰਗ ਇੰਸ. ਜੀਤ ਪਾਲ ਜੋਸ਼ੀ ਨੇ ਦੋਆਬਾ ਚੌਕ ਅਤੇ ਬਾਈਪਾਸ ਕੋਲ ਨਾਜਾਇਜ਼ ਤੌਰ ’ਤੇ ਦੋ  ਦੁਕਾਨਾਂ ਨੂੰ ਸੀਲ ਲਾਈ।
93 ਬਿਲਡਿੰਗਾਂ ਦੇ ਕੇਸ ’ਚ ਹੋਈ ਕਾਰਵਾਈ : ਨਿਗਮ  ਨੇ ਅੱਜ ਨਾਜਾਇਜ਼ ਬਿਲਡਿੰਗਾਂ ਖਿਲਾਫ ਜੋ ਮੁਹਿੰਮ ਛੇੜੀ, ਅਸਲ ਵਿਚ ਉਹ ਸਾਰੀਆਂ  ਬਿਲਡਿੰਗਾਂ ਉਨ੍ਹਾਂ 93 ਬਿਲਡਿੰਗਾਂ ਦੀ ਸੂਚੀ ’ਚ ਸ਼ਾਮਲ ਸਨ, ਜਿਨ੍ਹਾਂ ਦੀ ਸ਼ਿਕਾਇਤ ਆਰ.  ਟੀ. ਆਈ. ਵਰਕਰ ਨੇ ਨਵਜੋਤ ਸਿੱਧੂ ਨੂੰ ਕੀਤੀ ਸੀ। ਇਸ ਸੂਚੀ ਦੇ ਆਧਾਰ ’ਤੇ ਸਿੱਧੂ ਨੇ  ਜਲੰਧਰ ਆ ਕੇ ਨਾਜਾਇਜ਼ ਉਸਾਰੀਆਂ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਨਿਗਮ ਦੇ 9 ਅਧਿਕਾਰੀ  ਸਸਪੈਂਡ ਹੋਏ ਅਤੇ ਕਈ ਬਿਲਡਿੰਗਾਂ ’ਤੇ ਬੁਲਡੋਜ਼ਰ ਚੱਲੇ। ਭਾਵੇਂ ਕਾਂਗਰਸੀ ਵਿਧਾਇਕਾਂ,  ਮੇਅਰ ਅਤੇ ਸੰਸਦ ਮੈਂਬਰ ਨੇ ਮੁੱਖ ਮੰਤਰੀ ਨੂੰ ਕਹਿ ਕੇ ਇਨ੍ਹਾਂ ਬਿਲਡਿੰਗਾਂ ਦੀ  ਵਿਜੀਲੈਂਸ ਜਾਂਚ ਨੂੰ ਰੁਕਵਾ ਲਿਆ ਪਰ ਇਹ ਕਾਂਗਰਸੀ ਆਗੂ 93 ਬਿਲਡਿੰਗਾਂ ’ਤੇ ਹੋ ਰਹੀ  ਕਾਰਵਾਈ ਨੂੰ ਨਹੀਂ ਰੁਕਵਾ ਸਕੇ। ਅੱਜ ਕਾਰਵਾਈ ਤੋਂ ਬਾਅਦ ਇਨ੍ਹਾਂ ਨਾਜਾਇਜ਼ ਉਸਾਰੀਆਂ ਦੇ  ਕਈ ਸਿਫਾਰਸ਼ੀ ਕਾਂਗਰਸੀ ਨੇਤਾ ਨਿਗਮ ਕੰਪਲੈਕਸ ’ਚ ਵੇਖੇ ਗਏ।
ਸੈਟਲਮੈਂਟ ਪਾਲਿਸੀ ਦੀ ਵੀ ਉਡੀਕ ਨਹੀਂ ਕੀਤੀ : ਸ਼ਹਿਰ  ਦੇ ਕਾਂਗਰਸੀ ਆਗੂਆਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਇਕ ਪਾਸੇ ਨਾਜਾਇਜ਼ ਬਿਲਡਿੰਗਾਂ ਨੂੰ  ਰੈਗੂਲਰ ਕਰਨ ਲਈ ਵਨ-ਟਾਈਮ ਸੈਟਲਮੈਂਟ ਪਾਲਿਸੀ ਨੋਟੀਫਾਈਡ ਹੋ ਚੁੱਕੀ ਹੈ। ਲੋਕ ਆਪਣੀਆਂ  ਬਿਲਡਿੰਗਾਂ ਨੂੰ ਰੈਗੂਲਰ ਕਰਵਾਉਣਾ ਚਾਹ ਰਹੇ ਹਨ ਪਰ ਨਿਗਮ ਨੇ ਪਾਲਿਸੀ ਦੀ ਮਿਆਦ ਖਤਮ  ਹੋਣ ਦੀ ਵੀ ਉਡੀਕ ਨਹੀਂ ਕੀਤੀ ਅਤੇ  4 ਦੁਕਾਨਾਂ ’ਤੇ ਡਿੱਚ ਵੀ ਚਲਾ ਦਿੱਤੀ। ਕਾਂਗਰਸੀ  ਕੌਂਸਲਰ ਰਾਜਵਿੰਦਰ ਰਾਜਾ ਨੇ ਇਹ ਦਲੀਲ ਦਿੱਤੀ ਕਿ 4 ਦੁਕਾਨਾਂ ਦਾ ਮਾਲਕ ਨਿਗਮ ਕੋਲ  ਰੈਗੂਲਰਾਈਜ਼ੇਸ਼ਨ ਲਈ ਫਾਈਲ ਲੈ ਕੇ ਗਿਆ ਸੀ, ਜਿਸ ਨੂੰ 15 ਜਨਵਰੀ ਨੂੰ ਆਉਣ ਲਈ ਕਿਹਾ ਗਿਆ  ਪਰ ਉਹ ਨਿਗਮ ਦੀ ਫੀਸ ਦੇਣ ਲਈ ਤਿਆਰ ਸੀ। ਅਜਿਹੇ ’ਚ ਨਿਗਮ ਨੇ ਦੁਕਾਨਾਂ ਤੋੜ ਕੇ ਸਰਾਸਰ  ਧੱਕੇਸ਼ਾਹੀ ਕੀਤੀ ਹੈ।