ਕੂੜਾ ਢੋਣ ਵਾਲੀਆਂ ਪ੍ਰਾਈਵੇਟ ਗੱਡੀਆਂ ਦੇ 10 ਮਹੀਨੇ ਦੇ ਰਿਕਾਰਡ ਦੀ ਜਾਂਚ ਕਰੇਗੀ ਕਮਿਸ਼ਨਰ ਵੱਲੋਂ ਬਣਾਈ ਗਈ ਕਮੇਟੀ

04/08/2023 12:28:11 PM

ਜਲੰਧਰ (ਖੁਰਾਣਾ)– ਨਗਰ ਨਿਗਮ ਜਲੰਧਰ ਕੋਲ ਕੂੜਾ ਢੋਣ ਵਾਲੀਆਂ ਗੱਡੀਆਂ ਦਾ ਆਪਣਾ ਫਲੀਟ ਹੈ, ਜਿਸ ਵਿਚ 150 ਤੋਂ ਜ਼ਿਆਦਾ ਗੱਡੀਆਂ ਹਨ ਪਰ ਇਸ ਦੇ ਬਾਵਜੂਦ ਨਿਗਮ ਹਰ ਸਾਲ ਪ੍ਰਾਈਵੇਟ ਗੱਡੀਆਂ ਨੂੰ ਕਿਰਾਏ ’ਤੇ ਲੈ ਕੇ ਕੂੜੇ ਦੀ ਲਿਫਟਿੰਗ ਦਾ ਕੰਮ ਕਰਵਾਉਂਦਾ ਆਇਆ ਹੈ। ਹਾਲ ਹੀ ਵਿਚ ਠੇਕੇਦਾਰ ਵੱਲੋਂ ਚਲਾਈਆਂ ਜਾ ਰਹੀਆਂ ਪ੍ਰਾਈਵੇਟ ਗੱਡੀਆਂ ਦੇ ਨੰਬਰਾਂ ਨੂੰ ਲੈ ਕੇ ਇਕ ਫਰਜ਼ੀਵਾੜਾ ਸਾਹਮਣੇ ਆਇਆ ਹੈ, ਜਿਸ ਦੇ ਆਧਾਰ ’ਤੇ ਨਿਗਮ ਕਮਿਸ਼ਨਰ ਨੇ ਵਿਸਤ੍ਰਿਤ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਸੋਮਵਾਰ ਤੋਂ ਅਸਿਸਟੈਂਟ ਕਮਿਸ਼ਨਰ ਰਾਜੇਸ਼ ਖੋਖਰ ਦੀ ਪ੍ਰਧਾਨਗੀ ਵਿਚ ਜਾਂਚ ਕਮੇਟੀ ਆਪਣਾ ਕੰਮ ਸ਼ੁਰੂ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ :  ਜਲੰਧਰ: ਕਾਂਗਰਸੀ ਆਗੂ ਮੁਲਤਾਨੀ ਦੇ ਪੁੱਤਰ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ, ਸਾਹਮਣੇ ਆਈ ਇਹ ਗੱਲ

ਮੰਨਿਆ ਜਾ ਰਿਹਾ ਹੈ ਇਹ ਜਾਂਚ ਕਮੇਟੀ ਪਿਛਲੇ ਲਗਭਗ 10 ਮਹੀਨੇ ਦੇ ਰਿਕਾਰਡ ਦੀ ਜਾਂਚ ਕਰਨ ਜਾ ਰਹੀ ਹੈ, ਜਿਸ ਦੇ ਆਧਾਰ ’ਤੇ ਨਿਗਮ ਪ੍ਰਸ਼ਾਸਨ ਠੇਕੇਦਾਰਾਂ ਨੂੰ ਲੱਖਾਂ ਰੁਪਏ ਦੀ ਪੇਮੈਂਟ ਕਰ ਚੁੱਕਾ ਹੈ ਅਤੇ ਲੱਖਾਂ ਰੁਪਏ ਦੇ ਬਿੱਲ ਅਜੇ ਬਕਾਇਆ ਹਨ। ਕੁਝ ਸਮਾਂ ਪਹਿਲਾਂ ਠੇਕੇਦਾਰ ਵੱਲੋਂ ਅਕਾਊਂਟ ਆਫਿਸ ਨੂੰ ਜਿਹੜੇ ਬਿੱਲ ਦਿੱਤੇ ਗਏ, ਉਨ੍ਹਾਂ ਵਿਚ ਜਿਹੜੀਆਂ ਗੱਡੀਆਂ ਦੇ ਨੰਬਰ ਲਿਖੇ ਗਏ ਹਨ, ਜਦੋਂ ਟਰਾਂਸਪੋਰਟ ਵਿਭਾਗ ਤੋਂ ਉਨ੍ਹਾਂ ਨੰਬਰਾਂ ਪਤਾ ਕੀਤਾ ਗਿਆ ਤਾਂ ਉਹ ਨੰਬਰ ਸਕੂਟਰ ਅਤੇ ਦੋਪਹੀਆ ਵਾਹਨਾਂ ਦੇ ਨਿਕਲੇ। ਪਤਾ ਲੱਗਾ ਹੈ ਕਿ ਹੁਣ ਕਮੇਟੀ ਵੱਲੋਂ ਪ੍ਰਾਈਵੇਟ ਠੇਕੇਦਾਰ ਦੀਆਂ ਗੱਡੀਆਂ ਦੇ ਰਜਿਸਟ੍ਰੇਸ਼ਨ ਨੰਬਰ, ਉਨ੍ਹਾਂ ਦੀ ਆਰ. ਸੀ., ਉਨ੍ਹਾਂ ਦੇ ਚੈਸੀ ਨੰਬਰ, ਮਾਲਕਾਂ ਦੇ ਨਾਂ, ਕੰਡੇ ਦੀ ਪਰਚੀ ਅਤੇ ਨਿਗਮ ਨੂੰ ਦਿੱਤੇ ਗਏ ਸਾਰੇ ਬਿੱਲਾਂ ਦਾ ਆਪਸ ਵਿਚ ਮਿਲਾਨ ਕਰੇਗੀ।

ਠੇਕੇਦਾਰ ਕੰਪਨੀ ਨੇ ਰੱਖਿਆ ਆਪਣਾ ਪੱਖ, ਦਿਖਾਏ ਵਾਹਨਾਂ ਸਬੰਧੀ ਦਸਤਾਵੇਜ਼
ਇਸ ਦੌਰਾਨ ਕੂੜਾ ਢੋਣ ਦੇ ਕੰਮ ਵਿਚ ਲੱਗੇ ਠੇਕੇਦਾਰ ਕੰਪਨੀ ਦੇ ਪ੍ਰਤੀਨਿਧੀਆਂ ਨੇ ਆਪਣਾ ਪੱਖ ਰੱਖਦੇ ਹੋਏ ਸਾਰੀਆਂ ਗੱਡੀਆਂ ’ਤੇ ਨੰਬਰ ਲਿਖੇ ਦਿਖਾਏ (ਜਿਹੜੇ ਤਾਜ਼ਾ-ਤਾਜ਼ਾ ਪੇਂਟ ਹੋਏ ਲੱਗਦੇ ਹਨ)। ਇਸ ਤੋਂ ਇਲਾਵਾ ਉਨ੍ਹਾਂ ਨੰਬਰਾਂ ਨਾਲ ਸਬੰਧਤ ਆਰ. ਸੀ. ਅਤੇ ਹੋਰ ਦਸਤਾਵੇਜ਼ ਵੀ ਵਿਖਾਏ ਗਏ। ਜ਼ਿਕਰਯੋਗ ਹੈ ਕਿ ਜਿਹੜੇ ਦਸਤਾਵੇਜ਼ ਵਿਖਾਏ ਗਏ ਅਤੇ ਜਿਹੜੇ ਬਿੱਲ ਨਿਗਮ ਨੂੰ ਦਿੱਤੇ ਗਏ, ਉਨ੍ਹਾਂ ਦੇ ਰਜਿਸਟ੍ਰੇਸ਼ਨ ਨੰਬਰ ਵਿਚ ਫਰਕ ਹੈ, ਜਿਸ ਸਬੰਧੀ ਠੇਕੇਦਾਰ ਕੰਪਨੀ ਦਾ ਕਹਿਣਾ ਹੈ ਕਿ ਬਿੱਲਾਂ ਵਿਚ ਗੱਡੀਆਂ ਦੇ ਨੰਬਰ ਗਲਤੀ ਨਾਲ ਗਲਤ ਭਰ ਦਿੱਤੇ ਗਏ। ਹੁਣ ਵੇਖਣਾ ਹੋਵੇਗਾ ਕਿ ਜਾਂਚ ਕਮੇਟੀ ਇਸ ਬਾਰੇ ਕੀ ਫੈਸਲਾ ਲੈਂਦੀ ਹੈ ਅਤੇ ਨਿਗਮ ਨੂੰ ਦਿੱਤੇ ਗਏ ਗਲਤ ਨੰਬਰਾਂ ਦੇ ਆਧਾਰ ’ਤੇ ਪੇਮੈਂਟ ਕੀਤੀ ਜਾਂਦੀ ਹੈ ਜਾਂ ਰੋਕ ਲਈ ਜਾਂਦੀ ਹੈ।

ਇਹ ਵੀ ਪੜ੍ਹੋ :  ਟਾਂਡਾ ਵਿਖੇ ਪੇਟੀ 'ਚੋਂ ਮਿਲੀ ਵਿਆਹੁਤਾ ਦੀ ਲਾਸ਼ ਦੇ ਮਾਮਲੇ 'ਚ ਨਵਾਂ ਮੋੜ, ਗੈਂਗਰੇਪ ਮਗਰੋਂ ਕੀਤਾ ਗਿਆ ਸੀ ਕਤਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri