ਵਿਆਹੁਤਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਵਾਲੇ ਪਤੀ, ਸੱਸ ਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ

12/23/2018 3:01:04 AM

ਸ੍ਰੀ ਕੀਰਤਪੁਰ ਸਾਹਿਬ,   (ਬਾਲੀ)-  ਵਿਆਹੁਤਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ, ਕੁੱਟ-ਮਾਰ ਕਰਨ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਜ਼ਬਰਦਸਤੀ ਘਰੋਂ ਕੱਢਣ ਆਦਿ ਦੋਸ਼ਾਂ ਦੇ ਤਹਿਤ ਪਤੀ, ਸਹੁਰਾ ਤੇ ਸੱਸ ਖ਼ਿਲਾਫ਼ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
 ਇਸ ਕੇਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪਿੰਡ ਅਟਾਰੀ ਦੀ ਇਕ ਵਿਆਹੁਤਾ ਲਡ਼ਕੀ ਨੇ ਆਪਣੇ ਪਤੀ ਤੇ ਸਹੁਰਾ ਪਰਿਵਾਰ ਖ਼ਿਲਾਫ਼ ਐੱਸ.ਐੱਸ.ਪੀ. ਰੂਪਨਗਰ ਨੂੰ ਇਕ ਦਰਖਾਸਤ ਦਿੰਦੇ ਹੋਏ ਦੱਸਿਆ ਕਿ ਉਸ ਦਾ ਵਿਆਹ ਸਾਲ 2010 ਵਿਚ ਸਰਬਜੀਤ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਪਿੰਡ ਲੋਹਗਡ਼੍ਹ ਫਿੱਡੇ ਤਹਿਸੀਲ ਤੇ ਜ਼ਿਲਾ ਰੂਪਨਗਰ ਜੋ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ, ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸਾਡੇ ਘਰ ਇਕ ਲਡ਼ਕੇ ਨੇ ਜਨਮ ਲਿਆ ਜੋ ਇਸ ਸਮੇਂ 7 ਸਾਲ ਦਾ ਹੈ। ਵਿਆਹ ਤੋਂ ਬਾਅਦ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਦਾ ਰਵੱਈਆ ਮੇਰੇ ਪ੍ਰਤੀ ਠੀਕ ਨਹੀਂ ਰਿਹਾ। ਉਹ ਮੈਨੂੰ ਮਾਨਸਿਕ ਪ੍ਰੇਸ਼ਾਨ ਕਰਨ ਲੱਗ ਪਏ, ਮੇਰੇ ਨਾਲ ਕੁੱਟ-ਮਾਰ ਕਰਨ ਲੱਗ ਪਏ ਅਤੇ ਮੈਨੂੰ ਪੇਕੇ ਪਰਿਵਾਰ ਤੋਂ ਪੈਸੇ ਲੈ ਕੇ ਆਉਣ ਲਈ ਕਹਿਣ ਲੱਗੇ। ਇਸ ਤੋਂ ਬਾਅਦ ਮੇਰਾ ਪਤੀ ਵਿਦੇਸ਼ ਜਾਣ ਦੀ ਜ਼ਿੱਦ ਕਰਨ ਲੱਗ ਪਿਆ ਤੇ ਫਿਰ ਮੈਂ ਆਪਣੇ ਪਤੀ ਨੂੰ ਆਪਣੇ ਮਾਤਾ-ਪਿਤਾ ਤੋਂ 1,80,000  ਰੁਪਏ  ਉਧਾਰ ਲਿਆ ਕੇ ਦਿੱਤੇ ਜੋ ਉਨ੍ਹਾਂ ਨੇ ਲੋਕਾਂ ਤੋਂ ਵਿਆਜ ਉਪਰ ਲੈ ਕੇ ਦਿੱਤੇ ਸਨ। ਪਰ ਫਿਰ ਵੀ ਮੇਰੇ ਸਹੁਰੇ ਪਰਿਵਾਰ ਦਾ ਰਵੱਈਆ ਮੇਰੇ ਪ੍ਰਤੀ ਠੀਕ ਨਹੀਂ ਰਿਹਾ।  ਜਿਸ ਸਬੰਧੀ ਮੈਂ ਪਹਿਲਾਂ ਵੀ ਥਾਣੇ ਦਰਖਾਸਤ ਦਿੱਤੀ ਸੀ। ਇਸ ਤੋਂ  ਬਾਅਦ ਇਨ੍ਹਾਂ ਨੇ ਮੈਨੂੰ ਕੁੱਟ-ਮਾਰ ਕਰ ਕੇ ਘਰੋਂ ਕੱਢ ਦਿੱਤਾ। ਮੇਰਾ ਛੋਟਾ ਬੱਚਾ ਜ਼ਬਰਦਸਤੀ ਆਪਣੇ ਕੋਲ ਰੱਖ ਲਿਆ। ਇਹ ਮੈਨੂੰ ਆਪਣੇ ਬੱਚੇ ਨਾਲ ਮਿਲਣ ਵੀ ਨਹੀਂ ਦਿੰਦੇ ਅਤੇ ਨਾ ਹੀ ਇਨ੍ਹਾਂ ਵੱਲੋਂ ਮੈਨੂੰ ਕੋਈ ਖਰਚਾ ਦਿੱਤਾ ਜਾ ਰਿਹਾ ਹੈ।
  ਜ਼ਿਲਾ ਪੁਲਸ ਮੁਖੀ ਦੀਆਂ ਹਦਾਇਤਾਂ ’ਤੇ ਇਸ ਕੇਸ ਦੀ ਜਾਂਚ-ਪਡ਼ਤਾਲ ਉਪ ਕਪਤਾਨ ਪੁਲਸ ਸਬ-ਡਵੀਜ਼ਨ ਰੂਪਨਗਰ ਵੱਲੋਂ ਕੀਤੀ ਗਈ। ਜਾਂਚ ਰਿਪੋਰਟ ਤੋਂ ਬਾਅਦ ਜ਼ਿਲਾ ਪੁਲਸ ਮੁਖੀ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਸਰਬਜੀਤ ਸਿੰਘ ਪਤੀ, ਰਣਧੀਰ ਸਿੰਘ ਸਹੁਰਾ ਅਤੇ ਬਲਵਿੰਦਰ ਕੌਰ ਸੱਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।