ਪੰਜਾਬ ''ਚ ਅੱਤਵਾਦੀ ਵਾਰਦਾਤਾਂ ਦੀ ਗਲੋਬਲ ਗਰਾਊਂਡ ਤਿਆਰ

11/19/2018 4:08:34 PM

ਜਲੰਧਰ (ਬਹਿਲ, ਸੋਮਨਾਥ)— ਆਰਮੀ ਚੀਫ ਜਨਰਲ ਵਿਪਨ ਰਾਵਤ ਵੱਲੋਂ ਪੰਜਾਬ 'ਚ ਦੋਬਾਰਾ ਖਾਲਿਸਤਾਨ ਲਹਿਰ ਦੇ ਉਭਰਣ ਦਾ ਖਦਸ਼ਾ ਅਤੇ ਖਾਲਿਸਤਾਨ ਸਮਰਥਕ ਰੈਡੀਕਲ ਗਰੁੱਪ ਸਿੱਖ ਫਾਰ ਜਸਟਿਸ ਵੱਲੋਂ ਜਨਰਲ ਰਾਵਤ ਨੂੰ ਰਫਰੈਂਡਮ-2020 ਤੋਂ ਦੂਰ ਰਹਿਣ ਦੀ ਨਸੀਹਤ ਨੇ ਖੁਫੀਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਹੈ। ਪੰਜਾਬ 'ਚ ਬੀਤੇ ਸਾਲਾਂ 'ਚ ਹੋਈਆਂ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ, ਪੁਲਸ ਥਾਣਿਆਂ 'ਤੇ ਹੋ ਰਹੇ ਹਮਲੇ ਅਤੇ ਅੱਤਵਾਦੀਆਂ ਦੇ ਗੈਂਗਸਟਰਾਂ ਦੇ ਨਾਲ ਹੱਥ ਮਿਲਾ ਕੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਨਾਲ ਇਸ ਗੱਲ ਦੇ ਪੁਖਤਾ ਸਬੂਤ ਮਿਲ ਰਹੇ ਹਨ ਕਿ ਪੰਜਾਬ 'ਚ ਅਸ਼ਾਂਤੀ ਫੈਲਾਉਣ ਲਈ ਗਲੋਬਲ ਗਰਾਊਂਡ ਤਿਆਰ ਹੋ ਰਹੀ ਹੈ। ਇਸ 'ਚ ਰੋਲ ਫਿਕਸ ਹਨ। 

ਇਹ ਹਨ ਉਹ 3 ਫੈਕਟਰਸ, ਜੋ ਰੋਲ ਅਦਾ ਕਰ ਰਹੇ ਹਨ
ਗਲੋਬਲ ਫੰਡਿੰਗ
ਖੁਫੀਆ ਏਜੰਸੀਆਂ ਅਨੁਸਾਰ ਪੰਜਾਬ 'ਚ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਗਲੋਬਲ ਪੱਧਰ 'ਤੇ ਫੰਡ ਇਕੱਠਾ ਹੋ ਰਿਹਾ ਹੈ। ਕੈਨੇਡਾ, ਯੂ. ਕੇ. ਅਤੇ ਯੂਰਪ ਦੇ ਕਈ ਦੇਸ਼ਾਂ 'ਚ ਖਾਲਿਸਤਾਨ ਸਮਰਥਕਾਂ ਵੱਲੋਂ ਮੀਟਿੰਗਾਂ ਕਰਕੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਇਸ ਦੀ ਵਰਤੋਂ ਪੰਜਾਬ 'ਚ ਅੱਤਵਾਦੀਆਂ, ਗੈਂਗਸਟਰਾਂ ਅਤੇ ਸਾਬਕਾ ਅੱਤਵਾਦੀਆਂ ਦੇ ਪਰਿਵਾਰਾਂ ਨੂੰ ਫੰਡਿੰਗ ਦੇ ਰੂਪ 'ਚ ਹੋ ਰਹੀ ਹੈ। 

ਸੋਸ਼ਲ ਸਾਈਟਸ
ਖਾਲਿਸਤਾਨ ਲਹਿਰ ਦੋਬਾਰਾ ਸ਼ੁਰੂ ਕਰਨ ਲਈ ਇੰਟਰਨੈੱਟ 'ਤੇ ਕਈ ਸੋਸ਼ਲ ਸਾਈਟਸ ਸਰਗਰਮ ਹਨ, ਜੋ ਧਾਰਮਿਕ ਭਾਵਨਾਵਾਂ ਭੜਕਾ ਰਹੀਆਂ ਹਨ। ਖੁਫੀਆ ਏਜੰਸੀਆਂ ਦੇ ਕੋਲ ਅਜਿਹੀਆਂ ਕਈ ਸਾਈਟਸ ਦਾ ਵੇਰਵਾ ਹੈ, ਜਿਨ੍ਹਾਂ 'ਤੇ ਏਜੰਸੀਆਂ ਨੇ ਪੂਰੀ ਤਰ੍ਹਾਂ ਨਜ਼ਰ ਰੱਖੀ ਹੋਈ ਹੈ। ਇਨ੍ਹਾਂ ਸਾਈਟਸ ਨੂੰ ਚਲਾਉਣ ਵਾਲੇ ਸੰਗਠਨ ਧਾਰਮਿਕ ਭਵਨਾਵਾਂ ਭੜਕਾਉਣ ਦੇ ਨਾਲ-ਨਾਲ ਫੰਡ ਇਕੱਠਾ ਕਰਵਾਉਣ 'ਚ ਵੀ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ। 

ਅੱਤਵਾਦੀਆਂ ਵਿਚਾਲੇ ਗੱਠਜੋੜ
ਖੁਫੀਆ ਏਜੰਸੀਆਂ ਦੀ ਜਾਣਕਾਰੀ ਅਨੁਸਾਰ ਪੰਜਾਬ 'ਚ ਅਸ਼ਾਂਤੀ ਫੈਲਾਉਣ ਲਈ ਵੱਡੇ ਪੱਧਰ 'ਤੇ ਅੱਤਵਾਦੀਆਂ ਵਿਚਾਲੇ ਗਠਜੋੜ ਹੋਇਆ ਹੈ। ਬੀਤੇ ਮਹੀਨੇ ਰੈਫਰੈਂਡਮ-2020 ਦੀ ਰੈਲੀ ਤੋਂ ਪਹਿਲਾਂ ਇਨ੍ਹਾਂ ਅੱਤਵਾਦੀਆਂ ਦਾ ਇਕ ਮੰਚ 'ਤੇ ਆਉਣਾ ਵੀ ਖੁਫੀਆ ਏਜੰਸੀਆਂ ਦਾ ਧਿਆਨ ਇਸ ਪਾਸੇ ਖਿੱਚ ਰਿਹਾ ਹੈ ਕਿ ਪੰਜਾਬ ਵਿਚ ਕੋਈ  ਵੱਡੀ ਅੱਤਵਾਦੀ ਘਟਨਾ ਵਾਪਰ ਸਕਦੀ ਹੈ।

ਪੰਜਾਬ ਦੇ ਵਿਗੜੇ ਮਾਹੌਲ ਨਾਲ ਅੱਤਵਾਦ ਨੂੰ ਮਿਲ ਰਹੀ ਗਰਾਊਂਡ
ਬਰਗਾੜੀ ਅਤੇ ਬਹਿਬਲਕਲਾਂ ਕਾਂਡ ਨੂੰ ਲੈ ਕੇ ਪੈਦਾ ਹੋ ਰਿਹਾ ਮਾਹੌਲ ਅੱਤਵਾਦ ਲਈ ਗਰਾਊਂਡ ਤਿਆਰ ਕਰ ਰਿਹਾ ਹੈ। ਪਿਛਲੇ ਦਿਨੀਂ ਪੰਜਾਬ 'ਚ ਅਲਕਾਇਦਾ ਦੇ ਕਸ਼ਮੀਰੀ ਅੱਤਵਾਦੀ ਸੰਗਠਨ ਅੰਸਾਰ ਗਜ਼ਵਤ-ਉਲ-ਹਿੰਦ (ਏ. ਜੀ. ਐੱਚ.) ਅਤੇ ਖਾਲਿਸਤਾਨ ਗਦਰ ਫੋਰਸ ਅੱਤਵਾਦੀ ਸੰਗਠਨ ਦਾ ਖੁਲਾਸਾ ਪੁਲਸ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਦੀ ਸਾਜ਼ਿਸ਼ ਦਾ ਵੀ ਪਰਦਾਫਾਸ਼ ਹੋਇਆ ਹੈ। ਹੱਤਿਆ ਲਈ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲੇ ਤੋਂ ਹਥਿਆਰ ਲੁੱਟੇ ਗਏ ਅਤੇ ਇਸ ਕੁਨੈਕਸ਼ਨ 'ਚ ਸ਼ਾਮਲੀ ਪੁਲਸ 3 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। 

ਇਕ ਦਰਜਨ ਹੋ ਸਕਦੇ ਹਨ ਅੱਤਵਾਦੀ ਮਾਡਿਊਲ ਪੰਜਾਬ 'ਚ
ਕਸ਼ਮੀਰੀਆਂ ਦਾ ਪੰਜਾਬ ਆਉਣਾ-ਜਾਣ ਲੱਗਾ ਰਹਿੰਦਾ ਹੈ ਅਤੇ ਸਰਦੀਆਂ 'ਚ ਵਾਦੀ 'ਚ ਬਰਫਬਾਰੀ ਦੇ ਵਿਚਾਲੇ ਕਸ਼ਮੀਰੀਆਂ ਦਾ ਰੁਖ ਪੰਜਾਬ ਵੱਲ ਹੋ ਜਾਂਦਾ ਹੈ। ਖੁਫੀਆ ਏਜੰਸੀਆਂ ਮੁਤਾਬਕ ਪੰਜਾਬ 'ਚ ਪਿਛਲੇ ਮਹੀਨਿਆਂ 'ਚ 2 ਮਾਡਿਊਲ ਤੋੜੇ ਜਾ ਚੁੱਕੇ ਹਨ ਅਤੇ ਅਜੇ ਵੀ ਇਕ ਦਰਜਨ ਹੋਰ ਮਾਡਿਊਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। 
ਪੰਜਾਬ ਪੁਲਸ, ਐੱਨ. ਆਈ. ਏ. ਅਤੇ ਇੰਟੈਲੀਜੈਂਸ ਏਜੰਸੀਆਂ ਦਾ ਜੁਆਇੰਟ ਆਪਰੇਸ਼ਨ
ਪੰਜਾਬ 'ਚ ਵਾਪਰ ਰਹੀਆਂ ਘਟਨਾਵਾਂ 'ਤੇ ਪੰਜਾਬ ਪੁਲਸ, ਐੱਨ. ਆਈ. ਏ. ਅਤੇ ਇੰਟੈਲੀਜੈਂਸ ਏਜੰਸੀਆਂ ਦੀ ਤਿੱਖੀ ਨਜ਼ਰ ਹੈ। ਇਹੀ ਕਾਰਨ ਹੈ ਕਿ ਜੁਆਇੰਟ ਆਪਰੇਸ਼ਨ ਦੇ ਤਹਿਤ ਪੰਜਾਬ ਪੁਲਸ, ਜੰਮੂ-ਕਸ਼ਮੀਰ ਪੁਲਸ ਨੇ ਇੰਟੈਲੀਜੈਂਸ ਇਨਪੁਟ 'ਤੇ ਜਲੰਧਰ ਦੀਆਂ 2 ਵਿੱਦਿਅਕ ਸੰਸਥਾਵਾਂ 'ਤੇ ਛਾਪੇਮਾਰੀ ਕਰਕੇ ਖਤਰਨਾਕ ਹਥਿਆਰਾਂ ਦੀ ਬਰਾਮਦਗੀ ਕਰਕੇ ਥਾਣਾ ਮਕਸੂਦਾਂ 'ਤੇ ਹੋਏ ਹਮਲੇ ਦਾ ਮਾਮਲਾ ਵੀ ਸੁਲਝਾਇਆ ਹੈ।

ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਦੀ ਕਮਾਨ ਆਮਿਸ ਮੁਨੀਰ ਦੇ ਹੱਥ
ਪਾਕਿਸਤਾਨ ਦੇ ਸਾਬਕਾ ਆਰਮੀ ਇੰਟੈਲੀਜੈਂਸ ਚੀਫ ਲੈਫ. ਜਨਰਲ ਆਸਿਮ ਮੁਨੀਰ ਦੇ ਆਈ. ਐੱਸ. ਆਈ. ਮੁਖੀ ਬਣਨ ਤੋਂ ਬਾਅਦ ਪੰਜਾਬ 'ਚ ਅੱਤਵਾਦੀ ਸਰਗਰਮੀਆਂ ਵਧਣ ਅਤੇ ਅੱਤਵਾਦੀ ਘੁਸਪੈਠ ਲਈ ਪੰਜਾਬ ਦੇ ਨਾਲ ਲੱਗਦੀ ਭਾਰਤ-ਪਾਕਿ ਸਰਹੱਦ ਦੀ ਵਰਤੋਂ ਕਰਨ ਦਾ ਖਦਸ਼ਾ ਵਧ ਗਿਆ ਹੈ। ਆਸਿਮ ਮੁਨੀਰ ਨੇ ਆਈ. ਐੱਸ. ਆਈ. ਮੁਖੀ ਦਾ ਅਹੁਦਾ ਲੈਫ. ਜਨਰਲ ਨਾਵੇਦ ਮੁਖਤਾਰ ਦੀ 25 ਅਕਤੂਬਰ ਨੂੰ ਸੇਵਾ ਮੁਕਤੀ ਤੋਂ ਬਾਅਦ ਸੰਭਾਲਿਆ ਹੈ। ਆਮ ਤੌਰ 'ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਮੁਖੀ ਦੀ ਨਿਯੁਕਤੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾਂਦੀ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਆਈ. ਐੱਸ. ਆਈ. ਮੁਖੀ ਦੀ ਨਿਯੁਕਤੀ ਆਰਮੀ ਚੀਫ ਕਮਰ ਜਾਵੇਦ ਬਾਜਵਾ ਨੇ ਕੀਤੀ ਹੈ। 

ਬਾਜਵਾ ਦੇ ਖਾਸ ਸਿਪਾਹਸਲਾਰਾਂ 'ਚੋਂ ਹਨ ਇਕ
ਸਾਬਕਾ ਆਰਮੀ ਇੰਟੈਲੀਜੈਂਸ ਚੀਫ ਲੈਫ. ਜਨਰਲ ਆਸਿਮ ਮੁਨੀਰ ਪਾਕਿਸਤਾਨ ਦੇ ਆਰਮੀ ਚੀਫ ਬਾਜਵਾ ਦੇ ਖਾਸ ਸਿਪਾਹਸਲਾਰਾਂ 'ਚੋਂ ਹਨ ਤਾਂ ਹੀ ਉਨ੍ਹਾਂ ਦੀ ਨਿਯੁਕਤੀ ਇਸ ਅਹੁਦੇ 'ਤੇ ਕੀਤੀ ਗਈ ਹੈ। ਇਸ ਨਿਯੁਕਤੀ ਦੇ ਪਿੱਛੇ ਇਕ ਹੋਰ ਵੱਡਾ ਕਾਰਨ ਮੁਨੀਰ ਦਾ ਪੰਜਾਬ ਅਤੇ ਕਸ਼ਮੀਰ ਦੀ ਸਰਹੱਦੀ ਭੂਗੋਲਿਕ ਸਥਿਤੀ ਤੋਂ ਚੰਗੀ ਤਰ੍ਹਾਂ ਵਾਕਿਫ ਹੋਣਾ ਵੀ ਹੈ। ਕਿੱਥੇ-ਕਿੱਥੇ ਅਤੇ ਕੀ-ਕੀ ਖਾਮੀਆਂ ਹਨ, ਇਸ ਦੀ ਬਿਹਤਰ ਜਾਣਕਾਰੀ ਰੱਖਣਾ ਵੀ ਇਕ ਕਾਰਨ ਹੈ। 

ਖਾਲਿਸਤਾਨੀ ਅੱਤਵਾਦੀਆਂ ਨੂੰ ਹੁਕਮ
ਖੁਫੀਆ ਏਜੰਸੀਆਂ ਨੂੰ ਅਜਿਹੀ ਸੂਚਨਾ ਮਿਲੀ ਹੈ ਕਿ 4 ਨਵੰਬਰ ਨੂੰ ਆਈ. ਐੱਸ. ਆਈ. ਚੀਫ ਆਸਿਮ ਮੁਨੀਰ ਨੇ ਖਾਲਿਸਤਾਨ ਅੱਤਵਾਦੀਆਂ ਵਧਾਵਾ ਸਿੰਘ  ਬੱਬਰ, ਪਰਮਜੀਤ ਸਿੰਘ ਪੰਜਵੜ, ਰਣਜੀਤ ਸਿੰਘ ਨੀਟਾ ਅਤੇ ਹੈਪੀ ਪੀ. ਐੱਚ. ਡੀ. ਦੇ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ 'ਚ ਇਨ੍ਹਾਂ ਚਾਰਾਂ ਮੋਸਟ ਵਾਂਟੇਡ ਅੱਤਵਾਦੀਆਂ ਨੂੰ ਕਿਹਾ ਗਿਆ ਹੈ ਕਿ ਉਹ ਸਿੱਖ ਫਾਰ ਜਸਟਿਸ ਨੂੰ ਪੂਰਾ ਸਹਿਯੋਗ ਦੇਣ। 
ਬੱਬਰ ਖਾਲਸਾ ਚੀਫ ਵਧਵਾ ਸਿੰਘ ਦਾ ਕੈਨੇਡਾ  ਅਤੇ ਯੂ. ਕੇ. 'ਚ ਵੱਡਾ ਨੈੱਟਵਰਕ ਹੈ। ਉਸ ਨੂੰ ਸਾਫ ਕਿਹਾ ਗਿਆ ਹੈ ਕਿ ਉਹ ਆਪਣੇ ਨੈੱਟਵਰਕ ਨੂੰ ਸਿੱਖ ਫਾਰ ਜਸਟਿਸ ਦੀਆਂ ਰੈਲੀਆਂ 'ਚ ਪੂਰਾ ਸਹਿਯੋਗ ਦੇਵੇ ਕਿਉਂਕਿ ਪਹਿਲਾਂ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਸਨ ਕਿ ਵਿਦੇਸ਼ਾਂ 'ਚ ਸਰਗਰਮ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਦਾ ਸਹਿਯੋਗ ਨਹੀਂ ਕਰ ਰਹੇ ਸਨ। ਇਸ ਦੇ ਨਾਲ-ਨਾਲ ਇਨ੍ਹਾਂ ਚਾਰਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਕਸ਼ਮੀਰੀ ਅੱਤਵਾਦੀ ਸੰਗਠਨਾਂ ਹਿਜ਼ਬੁਲ ਮੁਜਾਹਿਦੀਨ, ਜੈਸ਼-ਏ-ਮੁਹੰਮਦ ਅਤੇ ਲਕਸ਼ਰ-ਏ-ਤੋਇਬਾ ਲਈ ਪੰਜਾਬ 'ਚ ਨੈੱਟਵਰਕ ਕਾਇਮ ਕਰਨ ਅਤੇ ਆਪਣੀ ਸਲੀਪਿੰਗ ਸੈੱਲ ਨੂੰ ਇਨ੍ਹਾਂ ਦੀ ਮਦਦ ਲਈ ਕਹਿਣ, ਜਿਸ ਨਾਲ ਵੱਡੇ ਆਪਰੇਸ਼ਨਾਂ ਨੂੰ ਕਾਇਮ ਕੀਤਾ ਜਾ ਸਕੇ। 

ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਿਰੁੱਧ ਵਧੀ ਮਿਲਟਰੀ ਸਟ੍ਰਾਈਕ
ਸਰਦੀ ਦੇ ਮੌਸਮ 'ਚ ਜਿਵੇਂ-ਜਿਵੇਂ ਧੁੰਦ ਜ਼ਿਆਦਾ ਪੈਣੀ ਸ਼ੁਰੂ ਹੋ ਜਾਂਦੀ ਹੈ। ਉਸੇ ਦੌਰਾਨ ਪਾਕਿਸਤਾਨ ਵੱਲੋਂ ਘੁਸਪੈਠ ਤੇਜ਼ ਹੋ ਜਾਂਦੀ ਹੈ। ਖੁਫੀਆ ਏਜੰਸੀਆਂ ਅਨੁਸਾਰ ਇਨ੍ਹੀਂ ਦਿਨੀਂ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਿਰੁੱਧ ਫੌਜੀ ਕਾਰਵਾਈ ਤੇਜ਼ ਕਰ ਦਿੱਤੇ ਜਾਣ ਕਾਰਨ ਅੱਤਵਾਦੀਆਂ ਨੇ ਘੁਸਪੈਠ ਲਈ ਪੰਜਾਬ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਪੰਜਾਬ ਨਾਲ ਲੱਗਦੀ 543 ਕਿ. ਮੀ. ਲੰਬੀ ਸਰਹੱਦ 'ਤੇ ਰਾਏਵਲੀ ਏਰੀਆ ਹੋਣ ਦੇ ਕਾਰਨ ਪਹਿਲਾਂ ਵੀ ਘੁਸਪੈਠ ਹੁੰਦੀ ਰਹੀ ਹੈ। 3 ਸਾਲ ਪਹਿਲਾਂ ਵੀ ਪਾਕਿਸਤਾਨ ਵਲੋਂ ਬਮਿਆਲ ਏਰੀਆ ਦੇ ਨਾਲ ਲੱਗਦੀ ਸਰਹੱਦ ਤੋਂ ਅੱਤਵਾਦੀਆਂ ਦੀ ਘੁਸਪੈਠ ਹੋ ਚੁੱਕੀ ਹੈ ਅਤੇ ਪਾਕਿਸਤਾਨੀ ਅੱਤਵਾਦੀ ਦੀਨਾਨਗਰ ਥਾਣੇ ਅਤੇ ਪਠਾਨਕੋਟ ਏਅਰਬੇਸ 'ਤੇ ਹਮਲਾ ਕਰਨ ਵਿਚ ਸਫਲ ਹੋ ਗਏ ਸਨ। 

ਨੀਮ ਫੌਜੀ ਬਲਾਂ ਨੂੰ ਨਿਸ਼ਾਨਾ ਬਣਾਉਣਾ
ਖੁਫੀਆ ਏਜੰਸੀਆਂ ਅਨੁਸਾਰ ਅੱਤਵਾਦੀ ਸਰਗਰਮੀਆਂ ਤਹਿਤ ਕਸ਼ਮੀਰੀ ਮਿਲੀਟੈਂਟ ਨੂੰ ਕਿਹਾ ਗਿਆ ਹੈ ਕਿ ਉਹ ਨੀਮ ਫੌਜੀ ਬਲਾਂ ਨੂੰ ਨਿਸ਼ਾਨਾ ਬਣਾਉਣ। ਇਸੇ ਕੜੀ ਤਹਿਤ ਬੀਤੇ ਦਿਨੀਂ ਜਲੰਧਰ ਦੇ ਮਕਸੂਦਾਂ ਪੁਲਸ ਥਾਣੇ ਨੂੰ  ਕਸ਼ਮੀਰੀ ਅੱਤਵਾਦੀਆਂ ਨੇ ਨਿਸ਼ਾਨਾ ਵੀ ਬਣਾਇਆ ਹੈ। ਇਸ ਦਾ ਦੂਸਰਾ ਪੁਖਤਾ ਪ੍ਰਮਾਣ ਜਲੰਧਰ ਦੀ ਇਕ ਵਿੱਦਿਅਕ ਸੰਸਥਾ 'ਚ ਕਸ਼ਮੀਰੀ ਵਿਦਿਆਰਥੀਆਂ ਦਾ ਹਥਿਆਰਾਂ ਨਾਲ ਫੜਿਆ ਜਾਣਾ ਵੀ ਹੈ।

shivani attri

This news is Content Editor shivani attri