ਦਰਿਆ ਬਿਆਸ ਇਕ ਵਾਰ ਫਿਰ ਪੂਰੇ ਊਫਾਨ ''ਤੇ, ਆਰਜ਼ੀ ਬੰਨ੍ਹ ਟੁੱਟੇ, ਫ਼ਸਲਾਂ ’ਚ ਵੜਿਆ ਪਾਣੀ

07/19/2023 3:17:52 PM

ਸੁਲਤਾਨਪੁਰ ਲੋਧੀ (ਧੀਰ)-ਪਹਾੜੀ ਖੇਤਰ ’ਚ ਹੋ ਰਹੀ ਬਾਰਿਸ਼ ਤੇ ਬਦਲ ਫਟਣ ਨਾਲ ਬਿਆਸ ਦਰਿਅ ਇਕ ਵਾਰ ਫਿਰ ਪੂਰੇ ਊਫਾਨ ’ਤੇ ਹੈ। ਦਰਿਆ ਬਿਆਸ ’ਚ ਪਾਣੀ ਦਾ ਪੱਧਰ ਦੋਬਾਰਾ ਵਧਣ ਨਾਲ ਹੁਣ ਮੰਡ ਖੇਤਰ ਅਤੇ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ’ਚ ਬੇਹੱਦ ਖ਼ੌਫ਼ ਅਤੇ ਦਹਿਸ਼ਤ ਪਾਈ ਜਾ ਰਹੀ ਹੈ। ਦਰਿਆ ਬਿਆਸ ਦੀ ਮਾਰ ਤੋਂ ਬਚਣ ਲਈ ਨਜ਼ਦੀਕ ਲੱਗਦੇ ਪਿੰਡਾਂ ਸੁੱਬਦੁਲਾਪੁਰ, ਪੱਸਣ ਕਦੀਮ, ਸ਼ੇਰਪੁਰ ਡੋਗਰਾ ਆਦਿ ’ਚ ਲੋਕਾਂ ਵੱਲੋਂ ਲਗਾਏ ਆਰਜ਼ੀ ਬੰਨ੍ਹ ਟੁੱਟ ਗਏ ਹਨ ਅਤੇ ਪਾਣੀ ਨੇ ਫ਼ਸਲਾਂ ਨੂੰ ਘੇਰ ਲਿਆ ਹੈ। ਕਈ ਕਿਸਾਨਾਂ ਦੀ ਮੱਕੀ ਦੀ ਫ਼ਸਲ ਹਾਲੇ ਵੀ ਕਟਾਈ ਲਈ ਪਈ ਸੀ ਉਹ ਵੀ ਪਾਣੀ ’ਚ ਡੁੱਬ ਗਈ ਹੈ। ਇਸ ਤੋਂ ਇਲਾਵਾ ਝੋਨੇ ਦੀ ਫ਼ਸਲ ਜੋ ਪਹਿਲਾਂ ਪਾਣੀ ਦਾ ਪੱਧਰ ਨੀਵਾਂ ਹੋਣ ਕਰਕੇ ਵਿਖਾਈ ਦੇਣ ਲੱਗ ਪਈ ਸੀ, ਦੋਬਾਰਾ ਪਾਣੀ ਦੀ ਮਾਰ ਹੇਠ ਆ ਗਈ ਹੈ, ਜਿਸ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਮਾਯੂਸੀ ਛਾਈ ਪਈ ਹੈ।

ਇਹ ਵੀ ਪੜ੍ਹੋ- ਹੜ੍ਹਾਂ ਵਿਚਾਲੇ ਪੌਂਗ ਡੈਮ ਤੋਂ ਛੱਡਿਆ 31 ਹਜ਼ਾਰ ਕਿਊਸਿਕ ਪਾਣੀ, ਇਨ੍ਹਾਂ ਪਿੰਡਾਂ ਲਈ ਮੰਡਰਾ ਰਿਹਾ ਵੱਡਾ ਖ਼ਤਰਾ

ਪ੍ਰਸ਼ਾਸਨ ਨੂੰ ਹੁਣ ਤੋਂ ਹੀ ਪੁਖ਼ਤਾ ਪ੍ਰਬੰਧ ਕਰਨ ਦੀ ਲੋੜ
ਗੌਰਤਲਬ ਹੈ ਕਿ ਸਤਲੁਜ ਦਰਿਆ ਵੱਲੋਂ ਪਾਣੀ ਦੀ ਮਾਰ ਮਾਰਨ ਤੋਂ ਪਹਿਲਾਂ ਦਰਿਆ ਬਿਆਸ ’ਚ ਪਾਣੀ ਦਾ ਪੱਧਰ ਬਹੁਤ ਵਧ ਗਿਆ ਸੀ, ਜਿਸ ਨਾਲ ਸਾਰੀਆਂ ਫਸਲਾਂ ਡੁੱਬਣ ਤੇ ਹਰੀਕੇ ਤੋਂ ਦਰ ਖੋਲ੍ਹਣ ਨਾਲ ਪਾਣੀ ਦਾ ਪੱਧਰ ਕਾਫੀ ਘੱਟ ਹੋਣ ’ਤੇ ਫਸਲਾਂ ਦਾ ਬਚਾਅ ਹੋ ਗਿਆ ਸੀ। ਹੁਣ ਦੁਬਾਰਾ ਬਿਆਸ ’ਚ ਪਾਣੀ ਦਾ ਪੱਧਰ ਵਧਣਾਂ ਕਿਸਾਨ ਇਸ ਨੂੰ ਖਤਰੇ ਦੀ ਘੰਟੀ ਮੰਨ ਰਹੇ ਹਨ। ਇਸ ਲਈ ਬਚਾਅ ਲਈ ਪ੍ਰਸ਼ਾਸਨ ਨੂੰ ਹੁਣ ਤੋਂ ਹੀ ਪੁਖਤਾ ਪ੍ਰਬੰਧ ਕਰਨ ਦੀ ਲੋੜ ਹੈ। ਕਿਸਾਨਾਂ ਮੁਤਾਬਕ ਅੱਜ 3 ਜਗ੍ਹਾ ਤੋਂ ਆਰਜ਼ੀ ਬੰਨ੍ਹ ਟੁੱਟਣ ਨਾਲ ਜੋ ਸਥਿਤੀ ਪੈਦਾ ਹੋ ਗਈ ਹੈ, ਜੇ ਉਹ ਇਸ ਤਰ੍ਹਾਂ ਹੀ ਜਾਰੀ ਰਹੀ ਤਾਂ ਮੰਡ ਖੇਤਰ ਅਤੇ ਉਸਦੇ ਆਲੇ ਦੁਆਲੇ ਦਾ ਸਾਰਾ ਖੇਤਰ ਦੁਬਾਰਾ ਪਾਣੀ ਦੀ ਮਾਰ ਹੇਠਾਂ ਆ ਜਾਵੇਗਾ, ਜਿਸ ਨੂੰ ਹੁਣ ਰੋਕਣਾ ਸਰਕਾਰ ਅਤੇ ਪ੍ਰਸ਼ਾਸਨ ਦੇ ਹੱਥ ਹੈ।

ਇਹ ਵੀ ਪੜ੍ਹੋ- ਹੜ੍ਹਾਂ ਦਰਮਿਆਨ ਰਾਹਤ ਭਰੀ ਖ਼ਬਰ: ਅੱਜ ਤੋਂ ਆਮ ਵਾਂਗ ਚੱਲਣਗੀਆਂ ਇਸ ਟਰੈਕ ਤੋਂ ਸਾਰੀਆਂ ਰੇਲ ਗੱਡੀਆਂ

ਕਿਸਾਨ ਸੰਘਰਸ਼ ਕਮੇਟੀ ਵੱਲੋਂ ਹਰੀਕੇ ਤੋਂ ਪਾਣੀ ਰਿਲੀਜ਼ ਕਰਨ ਦੀ ਮੰਗ
ਇਸ ਸਬੰਧੀ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਬਾਊਪੁਰ ਨੇ ਦੱਸਿਆ ਕਿ ਦਰਿਆ ਬਿਆਸ ਦਾ ਖ਼ਤਰਾ ਹਰ ਵੇਲੇ ਮੰਡ ਖੇਤਰ ਦੇ ਕਿਸਾਨਾਂ ਨੂੰ ਬਣਿਆ ਰਹਿੰਦਾ ਹੈ। ਸਾਉਣ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਅਤੇ ਡੈਮ ਤੋਂ ਦੁਬਾਰਾ ਪਾਣੀ ਛੱਡਣ ਨਾਲ ਕਿਸਾਨਾਂ ਦੇ ਦੁਬਾਰਾ ਸਾਹ ਸੂਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਰਜ਼ੀ ਬੰਨ੍ਹ ਜੋ ਸਾਡੀਆਂ ਜ਼ਮੀਨਾਂ ਨੂੰ ਬਚਾਉਣ ਲਈ ਲਗਾਏ ਗਏ ਸੰਨ, ਉਹ ਦੋਬਾਰਾ ਪਾਣੀ ਦੀ ਮਾਰ ਹੇਠ ਆ ਕੇ ਟੁੱਟ ਗਏ ਹੰਨ। ਕਿਸਾਨ ਸੰਘਰਸ਼ ਕਮੇਟੀ ਨੇ ਕਿਹਾ ਕਿ ਹਾਲੇ ਵੀ ਸਮਾਂ ਹੈ ਸਰਕਾਰ ਸਮੇਂ ਤੋਂ ਪਹਿਲਾਂ ਜਾਗੇ ਅਤੇ ਹਰੀਕੇ ਤੋਂ ਬਰਾਬਰ ਪਾਣੀ ਰਿਲੀਜ਼ ਕਰ ਦੇਵੇ, ਜੇ ਸਰਕਾਰ ਨੇ ਦੇਰੀ ਕੀਤੀ ਤਾਂ ਸੱਤਲੁਜ ’ਚ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਵਾਂਗ ਇਹ ਖੇਤਰ ਵੀ ਜ਼ਬਰਦਸਤ ਹੜ੍ਹ ਦੀ ਮਾਰ ਹੇਠ ਆ ਜਾਵੇਗਾ, ਜਿਸ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋਵੇਗਾ।

ਕੀ ਕਹਿਣੈ ਕਿਸਾਨਾਂ ਦਾ
‘ਜਗ ਬਾਣੀ’ ਨਾਲ ਗਲਬਾਤ ਕਰਦੇ ਹੋਏ ਕਿਸਾਨ ਚਰਨਜੀਤ ਸਿੰਘ ਗਿੱਲ, ਹਰਦੀਪ ਸਿੰਘ ਮੈਬਰ ਪੰਚਾਇਤ, ਸੀਤਲ ਰਾਮ, ਸਲਵਿੰਦਰ ਸਿੰਘ, ਸੁਰਿੰਦਰ ਸਿੰਘ ਥਿੰਦ, ਹਰਜਿੰਦਰਸਿੰਘ ਬੱਬੂ ਪ੍ਰਧਾਨ, ਮਲਕੀਤ ਸਿੰਘ, ਮਨਪ੍ਰੀਤ ਸਿੰਘ ਨੇ ਦੱਸਿਆ ਕਿ ਬਿਆਸ ਦੱਰਿਆ ’ਚ ਪਾਣੀ ਦਾ ਪੱਧਰ ਵਧਣ ਨਾਲ ਸਾਰੀਆਂ ਫਸਲਾਂ ਡੁੱਬ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇ ਇਹੀ ਹਲਾਤ ਰਹੇ ਤਾਂ ਬਹੁਤ ਨੁਕਸਾਨ ਹੋਵੇਗਾ।

ਇਹ ਵੀ ਪੜ੍ਹੋ- ਹੜ੍ਹਾਂ ਦਰਮਿਆਨ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕਿਹੋ-ਜਿਹਾ ਰਹੇਗਾ ਅਗਲੇ ਦਿਨਾਂ ਦਾ ਹਾਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri