ਖੇਡ ਉਦਯੋਗ ਨਾਲ ਜੁੜੇ ਹੋਏ ਹਨ ਸੁਸ਼ੀਲ ਰਿੰਕੂ, ਉਨ੍ਹਾਂ ਤੋਂ ਹੈ ਬਰਲਟਨ ਪਾਰਕ ਦੇ ਸੁਧਾਰ ਦੀ ਆਸ

05/22/2023 7:05:46 PM

ਜਲੰਧਰ (ਖੁਰਾਣਾ)-ਹਾਲ ਹੀ ’ਚ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਲੜ ਕੇ ਸੰਸਦ ਮੈਂਬਰ ਦੀ ਚੋਣ ਜਿੱਤੀ ਹੈ, ਜਿਸ ਕਾਰਨ ਉਨ੍ਹਾਂ ਦਾ ਸਿਆਸੀ ਕੱਦ ਕਾਫੀ ਉੱਚਾ ਹੋ ਗਿਆ ਹੈ। ਸੁਸ਼ੀਲ ਰਿੰਕੂ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਨਾ ਸਿਰਫ ਦਲਿਤ ਆਬਾਦੀਆਂ ਸਗੋਂ ਖੇਡ ਉਦਯੋਗ ਨਾਲ ਵੀ ਜੁੜੇ ਹੋਏ ਹਨ, ਜਿਸ ਕਾਰਨ ਉਨ੍ਹਾਂ ਨੂੰ ਸ਼ਹਿਰ ਦੇ ਛੋਟੇ ਤੋਂ ਛੋਟੇ ਮਸਲੇ ਦੀ ਵੀ ਜਾਣਕਾਰੀ ਹੈ। ਦੂਜੇ ਪਾਸੇ ਹਾਲ ਹੀ ਵਿਚ ਪੰਜਾਬ ਦੇ ਅਫ਼ਸਰਾਂ ਦੀ ਨਾਲਾਇਕੀ ਕਾਰਨ ਬਰਲਟਨ ਪਾਰਕ ਸਪੋਰਟਸ ਹੱਬ ਇਕ ਵਾਰ ਫਿਰ ਤੋਂ ਰੱਦ ਹੋ ਗਿਆ ਹੈ, ਜਿਸ ਕਾਰਨ ਸ਼ਹਿਰ ਦੇ ਲੱਖਾਂ ਲੋਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ।

ਅਜਿਹੇ ਲੋਕਾਂ ਵਿਚ ਹੁਣ ਆਸ ਦੀ ਇਕ ਕਿਰਨ ਨਵੇਂ ਚੁਣੇ ਗਏ ਸੰਸਦ ਮੈਂਬਰ ਸੁਸ਼ੀਲ ਰਿੰਕੂ ਹੀ ਹਨ, ਜੋ ਆਪਣੇ ਪ੍ਰਭਾਵ ਦੀ ਵਰਤੋਂ ਕਰ ਕੇ ਬਰਲਟਨ ਪਾਰਕ ਇਲਾਕੇ ਵਿਚ ਸੁਧਾਰ ਕਰਵਾ ਸਕਦੇ ਹਨ। ਖਾਸ ਗੱਲ ਇਹ ਹੈ ਕਿ ਜਿਸ ਹਲਕੇ ਦੀ ਸੁਸ਼ੀਲ ਰਿੰਕੂ ਨੁਮਾਇੰਦਗੀ ਕਰਦੇ ਹਨ, ਉਸ ਵਿਚ ਵਧੇਰੇ ਲੋਕ ਉਹੀ ਰਹਿੰਦੇ ਹਨ, ਜਿਹੜੇ ਖੇਡ ਉਦਯੋਗ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਵਿਧਾਨ ਸਭਾ ਹਲਕੇ ਵਿਚ ਨਾ ਸਿਰਫ਼ ਖੇਡਾਂ ਦੇ ਹੀ ਹਜ਼ਾਰਾਂ ਛੋਟੇ-ਵੱਡੇ ਵਪਾਰੀ ਤੇ ਕਾਰੋਬਾਰੀ ਹਨ, ਸਗੋਂ ਸੈਂਕੜੇ ਛੋਟੇ-ਵੱਡੇ ਕਾਰਖਾਨੇ ਵੀ ਸੁਸ਼ੀਲ ਰਿੰਕੂ ਦੇ ਹਲਕੇ ਵਿਚ ਆਉਂਦੇ ਹਨ। ਇਨ੍ਹਾਂ ਕਾਰਖਾਨਿਆਂ ਅਤੇ ਛੋਟੇ ਉਦਯੋਗਾਂ ਵਿਚ ਵੀ ਜਿਹੜੀ ਲੇਬਰ ਕੰਮ ਕਰਦੀ ਹੈ, ਉਨ੍ਹਾਂ ਵਿਚੋਂ 90 ਫੀਸਦੀ ਲੋਕ ਵੈਸਟ ਹਲਕੇ ਨਾਲ ਸਬੰਧਤ ਹਨ। ਇਸ ਲਈ ਸੰਸਦ ਮੈਂਬਰ ਸੁਸ਼ੀਲ ਰਿੰਕੂ ਲਈ ਇਹ ਫਾਇਦੇਮੰਦ ਸੌਦਾ ਹੋਵੇਗਾ ਕਿ ਜੇਕਰ ਉਹ ਬਰਲਟਨ ਪਾਰਕ ਸਪੋਰਟਸ ਹੱਬ ਨੂੰ ਸਿਰੇ ਚੜ੍ਹਾਉਂਦੇ ਹਨ ਤਾਂ ਖੇਡ ਉਦਯੋਗ ਵਿਚ ਵੀ ਉਨ੍ਹਾਂ ਦਾ ਵਿਸ਼ੇਸ਼ ਨਾਂ ਬਣੇਗਾ ਅਤੇ ਉਨ੍ਹਾਂ ਦੇ ਆਪਣੇ ਇਲਾਕੇ ਨੂੰ ਵੀ ਬਹੁਤ ਫਾਇਦਾ ਪਹੁੰਚੇਗਾ।

ਇਹ ਵੀ ਪੜ੍ਹੋ - ਸੜਕ ਵਿਚਕਾਰ ਬੀਅਰ ਪੀਣ ਲੱਗਾ ਪੁਲਸ ਮੁਲਾਜ਼ਮ, ਲੋਕਾਂ ਦੇ ਪੁੱਛਣ 'ਤੇ ਦਿੱਤਾ ਅਜੀਬੋ-ਗ਼ਰੀਬ ਜਵਾਬ

ਸਮਾਰਟ ਸਿਟੀ ਮਿਸ਼ਨ ਬੰਦ ਹੋ ਗਿਆ ਤਾਂ ਸਪੋਰਟਸ ਹੱਬ ਬਣਨਾ ਅਸੰਭਵ
ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਨੇ ਸਮਾਰਟ ਸਿਟੀ ਮਿਸ਼ਨ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਹੈ ਅਤੇ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਹੋਏ ਹਨ ਕਿ ਸਮਾਰਟ ਸਿਟੀ ਨਾਲ ਸਬੰਧਤ ਸਾਰੇ ਪ੍ਰਾਜੈਕਟ 30 ਜੂਨ ਤੱਕ ਮੁਕੰਮਲ ਕਰ ਲੈਣ, ਨਹੀਂ ਤਾਂ ਮਿਸ਼ਨ ਤਹਿਤ ਦਿੱਤੇ ਗਏ ਸਾਰੇ ਪੈਸੇ ਵਾਪਸ ਲੈ ਲਏ ਜਾਣਗੇ ਅਤੇ ਜਿਹੜੇ ਪ੍ਰਾਜੈਕਟ ਜਿੱਥੇ ਹੋਣਗੇ, ਉਸ ਤੋਂ ਅੱਗੇ ਦਾ ਕੰਮ ਸੂਬਾ ਸਰਕਾਰਾਂ ਨੂੰ ਆਪਣੇ ਖਰਚੇ ’ਤੇ ਕਰਵਾਉਣਾ ਹੋਵੇਗਾ। ਹੁਣ ਸਮਾਰਟ ਸਿਟੀ ਕੰਪਨੀ ਨੇ ਸਪੋਰਟਸ ਹੱਬ ਲਈ ਦੁਬਾਰਾ ਟੈਂਡਰ ਲਾਉਣ ਨੂੰ ਕਹਿ ਤਾਂ ਦਿੱਤਾ ਹੈ ਪਰ ਜੇਕਰ ਇਸ ਵਿਚ ਦੇਰੀ ਹੁੰਦੀ ਹੈ ਅਤੇ ਸਮਾਰਟ ਸਿਟੀ ਮਿਸ਼ਨ ਕੇਂਦਰ ਵੱਲੋਂ ਸਮੇਟ ਲਿਆ ਜਾਂਦਾ ਹੈ ਤਾਂ ਬਾਅਦ ਵਿਚ ਪੰਜਾਬ ਸਰਕਾਰ ਲਈ ਸਪੋਰਟਸ ਹੱਬ ਬਣਾਉਣਾ ਅਸੰਭਵ ਹੋ ਜਾਵੇਗਾ, ਕਿਉਂਕਿ ਉਦੋਂ ਸੂਬਾ ਸਰਕਾਰ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਮੇਂ ਸਮਾਰਟ ਸਿਟੀ ਕੋਲ ਕਾਫੀ ਫੰਡ ਪਏ ਹੋਏ ਹਨ, ਜਿਹੜੇ ਸਪੋਰਟਸ ਹੱਬ ਬਣਾਉਣ ਲਈ ਵਰਤੇ ਜਾ ਸਕਦੇ ਹਨ।

ਦੂਜੇ ਕੰਮਾਂ ਲਈ ਵਰਤੀ ਜਾ ਰਹੀ ਹੈ ਬਰਲਟਨ ਪਾਰਕ ਦੀ ਜ਼ਮੀਨ
ਬਰਲਟਨ ਪਾਰਕ ਵਿਚ ਸਪੋਰਟਸ ਹੱਬ ਬਣਾਉਣ ਦਾ ਪ੍ਰਾਜੈਕਟ ਅਫਸਰਾਂ ਦੀ ਨਾਲਾਇਕੀ ਕਾਰਨ ਸਿਰੇ ਨਹੀਂ ਚੜ੍ਹ ਰਿਹਾ, ਜਦੋਂ ਕਿ ਵੱਖ-ਵੱਖ ਪਾਰਟੀਆਂ ਦੇ ਸਿਆਸਤਦਾਨ ਇਸ ਥਾਂ ਦੀ ਜ਼ਮੀਨ ਨੂੰ ਹੋਰ ਕੰਮਾਂ ਲਈ ਵਰਤ ਰਹੇ ਹਨ। ਇਨ੍ਹੀਂ ਦਿਨੀਂ ਇਥੇ ਬਹੁਤ ਵੱਡਾ ਜ਼ਮੀਨਦੋਜ਼ ਵਾਟਰ ਟੈਂਕ ਪੁੱਟਿਆ ਜਾ ਰਿਹਾ ਹੈ, ਜਿਸ ਉੱਪਰ ਆਉਣ ਵਾਲੇ ਸਮੇਂ ਵਿਚ ਪੱਕਾ ਨਿਰਮਾਣ ਨਹੀਂ ਕੀਤਾ ਜਾ ਸਕੇਗਾ। ਇਸੇ ਤਰ੍ਹਾਂ ਬਰਲਟਨ ਪਾਰਕ ਦੇ ਇਕ ਸਿਰੇ ’ਤੇ ਕੁਝ ਜ਼ਮੀਨ ’ਤੇ ਸਰਕਾਰੀ ਸਕੂਲ ਬਣਾਇਆ ਜਾ ਚੁੱਕਾ ਹੈ। ਕਾਂਗਰਸ ਸਰਕਾਰ ਵੇਲੇ ਇਥੇ ਪੁਲਸ ਥਾਣਾ ਬਣਾਉਣ ਲਈ ਜ਼ਮੀਨ ਦੀ ਚੋਣ ਕੀਤੀ ਗਈ ਸੀ। ਹੁਣ ਦੇਖਣਾ ਹੋਵੇਗਾ ਕਿ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਬਣਦਾ ਹੈ ਜਾਂ ਇਸ ਦੀ ਜ਼ਮੀਨ ਇਧਰ- ਉਧਰ ਖ਼ੁਰਦ-ਬੁਰਦ ਹੋ ਜਾਂਦੀ ਹੈ।

ਇਹ ਵੀ ਪੜ੍ਹੋ -ਇਕ ਹੋਰ ਵੱਡੇ ਐਕਸ਼ਨ ਦੀ ਤਿਆਰੀ 'ਚ ਪੰਜਾਬ ਸਰਕਾਰ, ਇਸ ਖੇਤਰ 'ਚ ਸਥਾਪਤ ਹੋਵੇਗਾ ਡਿਟੈਕਟਿਵ ਵਿੰਗ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 

shivani attri

This news is Content Editor shivani attri