ਵੈਸਟ ਹਲਕੇ ''ਚ ਸਮਾਰਟ ਸਿਟੀ ਦੇ ਕੰਮ ਜਲਦੀ ਸ਼ੁਰੂ ਹੋਣਗੇ

12/18/2019 4:54:54 PM

ਜਲੰਧਰ (ਖੁਰਾਣਾ) : ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਸਮਾਰਟ ਸਿਟੀ ਕੰਪਨੀ ਦੇ ਸੀ. ਈ. ਓ. ਦੀਪਰਵ ਲਾਕੜਾ ਨਾਲ ਮੁਲਾਕਾਤ ਕਰ ਕੇ ਸਮਾਰਟ ਸਿਟੀ ਮਿਸ਼ਨ 'ਤੇ ਲੰਬੀ ਚਰਚਾ ਕੀਤੀ, ਜਿਸ ਦੌਰਾਨ ਵਿਧਾਇਕ ਨੂੰ ਦੱਸਿਆ ਗਿਆ ਕਿ ਜਲੰਧਰ ਵੈਸਟ ਹਲਕੇ 'ਚ ਸਮਾਰਟ ਸਿਟੀ ਨਾਲ ਸਬੰਧਤ ਕੰਮ ਜਲਦੀ ਹੀ ਸ਼ੁਰੂ ਹੋਣ ਜਾ ਰਹੇ ਹਨ ਅਤੇ ਕਈ ਕੰਮਾਂ ਦੀ ਟੈਂਡਰਿੰਗ ਪ੍ਰਕਿਰਿਆ ਚੱਲ ਰਹੀ ਹੈ। ਅਗਲੇ ਸਾਲ ਦੇ ਸ਼ੁਰੂ ਤੱਕ ਕਈ ਕੰਮ ਚਾਲੂ ਹੋ ਜਾਣਗੇ। ਵਿਧਾਇਕ ਰਿੰਕੂ ਨੇ ਸਮਾਰਟ ਸਿਟੀ ਦੇ ਸੀ. ਈ. ਓ. ਨੂੰ ਕਿਹਾ ਕਿ ਵੈਸਟ ਹਲਕੇ 'ਚ ਆਉਂਦੇ ਸਾਰੇ ਸਕੂਲਾਂ ਅਤੇ ਸਰਕਾਰੀ ਦਫਤਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਾਏ ਜਾਣ ਤਾਂ ਜੋ ਬਿਜਲੀ 'ਤੇ ਨਿਰਭਰਤਾ ਘੱਟ ਹੋ ਸਕੇ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਫੁੱਟਬਾਲ ਚੌਕ ਤੋਂ ਲੈ ਕੇ ਸਪੋਰਟਸ ਮਾਰਕੀਟ ਤੱਕ ਦੀਆਂ ਸੜਕਾਂ ਨੂੰ ਸਮਾਰਟ ਰੋਡ ਦੇ ਘੇਰੇ 'ਚ ਲਿਆਂਦਾ ਜਾਵੇ।

ਸ਼ਹਿਰ ਦੇ ਸੁੰਦਰੀਕਰਨ ਅਤੇ ਸਟਾਰਮ ਵਾਟਰ ਸੀਵਰ ਦਾ ਕੰਮ ਜਲਦੀ ਸ਼ੁਰੂ ਹੋਵੇਗਾ
ਸਮਾਰਟ ਸਿਟੀ ਦੇ ਸੀ. ਈ. ਓ. ਦੀਪਰਵ ਲਾਕੜਾ ਨੇ ਿਵਧਾਇਕ ਰਿੰਕੂ ਨੂੰ ਦੱਸਿਆ ਕਿ ਵੈਸਟ ਹਲਕੇ 'ਚ ਪੈਂਦੀ ਨਹਿਰ ਜੋ ਬਾਬੂ ਲਾਭ ਸਿੰਘ ਨਗਰ ਅਤੇ ਗੁਰਬੰਤਾ ਸਿੰਘ ਰੋਡ ਦੇ ਨਾਲ ਲੱਗਦੀ ਹੈ, ਦੇ ਸੁੰਦਰੀਕਰਨ ਦਾ ਕੰਮ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ, ਜਿਸ 'ਤੇ ਕਰੀਬ 3 ਕਰੋੜ ਰੁਪਏ ਖਰਚ ਆਉਣਗੇ ਅਤੇ ਇਸ ਦੀ ਟੈਂਡਰ ਪ੍ਰਕਿਰਿਆ ਚੱਲ ਰਹੀ ਹੈ। ਇਸ ਪ੍ਰਾਜੈਕਟ ਦੇ ਅਧੀਨ ਨਹਿਰ ਦੇ ਕਿਨਾਰਿਆਂ ਨੂੰ ਪੱਕਾ ਕਰ ਕੇ ਉਥੇ ਲੋਕਾਂ ਦੇ ਸੈਰ ਕਰਨ ਲਈ ਟਰੈਕ, ਕਈ ਪਖਾਨੇ, ਗ੍ਰੀਨ ਬੈਲਟ ਅਤੇ ਬੈਠਣ ਲਈ ਫਰਨੀਚਰ ਆਦਿ ਲਾਇਆ ਜਾਵੇਗਾ, ਜਿਸ ਨਾਲ ਨਹਿਰ ਦੀ ਨੁਹਾਰ ਹੀ ਬਦਲ ਜਾਵੇਗੀ।

ਸ਼੍ਰੀ ਲਾਕੜਾ ਨੇ ਵਿਧਾਇਕ ਰਿੰਕੂ ਨੂੰ ਦੱਸਿਆ ਕਿ 36 ਕਰੋੜ ਰੁਪਏ ਦੀ ਲਾਗਤ ਨਾਲ 120 ਫੁੱਟੀ ਰੋਡ 'ਤੇ ਸਟਾਰਮ ਵਾਟਰ ਸੀਵਰ ਦਾ ਕੰਮ ਜਲਦੀ ਸ਼ੁਰੂ ਹੋਵੇਗਾ ਅਤੇ ਇਸ ਦੇ ਵੀ ਟੈਂਡਰ ਲਾਏ ਜਾ ਰਹੇ ਹਨ। ਇਸ ਨਾਲ ਇਕ ਵੱਡੇ ਇਲਾਕੇ ਨੂੰ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ 120 ਫੁੱਟੀ ਰੋਡ ਨੂੰ ਸਮਾਰਟ ਰੋਡ ਬਣਾਉਣ ਦੀ ਵੀ ਤਜਵੀਜ਼ ਹੈ, ਜਿਸ 'ਤੇ 20 ਕਰੋੜ ਰੁਪਏ ਤੋਂ ਵੱਧ ਖਰਚਾ ਆਵੇਗਾ।

Anuradha

This news is Content Editor Anuradha