ਸਿਵਲ ਸਰਜਨ ਦਫ਼ਤਰ ਦੇ ਸੁਪਰਡੈਂਟ ਤੇ ਸੀਨੀ. ਸਹਾਇਕ ਵਿਰੁੱਧ ਕੇਸ ਦਰਜ, ਸੁਪਰਡੈਂਟ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

03/03/2023 11:06:38 AM

ਜਲੰਧਰ (ਮਹੇਸ਼)–ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਅਧੀਨ ਸਿਵਲ ਸਰਜਨ ਦਫ਼ਤਰ ਜਲੰਧਰ ਦੀ ਜਨਮ ਅਤੇ ਮੌਤ ਬ੍ਰਾਂਚ ਵਿਚ ਹਲਕਾ ਫਿਲੌਰ ਦੇ ਰਜਿਸਟਰਾਂ ਦੇ ਰਿਕਾਰਡ ਵਿਚ ਹੇਰ-ਫੇਰ ਕਰਨ ਦੇ ਦੋਸ਼ਾਂ ਅਧੀਨ ਦੋਸ਼ੀ ਨਿਰਮਲ ਸਿੰਘ ਸੁਪਰਡੈਂਟ ਜਨਮ ਅਤੇ ਮੌਤ ਸਰਟੀਫਿਕੇਟ ਰਿਕਾਰਡ ਬ੍ਰਾਂਚ, ਦਫ਼ਤਰ ਸਿਵਲ ਸਰਜਨ ਜਲੰਧਰ ਹੁਣ ਜਨਮ ਅਤੇ ਮੌਤ ਬ੍ਰਾਂਚ ਦਫ਼ਤਰ ਨਗਰ ਨਿਗਮ ਜਲੰਧਰ ਅਤੇ ਦੋਸ਼ੀ ਹਰਜਿੰਦਰ ਸਿੰਘ ਸੀਨੀਅਰ ਸਹਾਇਕ ਜਨਮ ਅਤੇ ਮੌਤ ਸਰਟੀਫਿਕੇਟ ਰਿਕਾਰਡ ਬ੍ਰਾਂਚ ਦਫ਼ਤਰ ਸਿਵਲ ਸਰਜਨ ਜਲੰਧਰ ਵਿਰੁੱਧ ਮੁਕੱਦਮਾ ਦਰਜ ਕਰਨ ਉਪਰੰਤ ਨਿਰਮਲ ਸਿੰਘ ਸੁਪਰਡੈਂਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਵੀਰਵਾਰ ਨੂੰ ਵਿਜੀਲੈਂਸ ਬਿਊਰੋ ਜਲੰਧਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਮੁਕੱਦਮਾ ਨੰਬਰ 15 ਮਿਤੀ 21 ਅਗਸਤ 2018 ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7, 13 (2) ਅਤੇ ਆਈ. ਪੀ. ਸੀ. ਦੀ ਧਾਰਾ 120-ਬੀ ਅਧੀਨ ਥਾਣਾ ਵਿਜੀਲੈਂਸ ਬਿਊਰੋ ਜਲੰਧਰ ਵਿਚ ਪਹਿਲਾਂ ਹੀ ਦਰਜ ਕੀਤਾ ਹੋਇਆ ਹੈ, ਜਿਸ ਵਿਚ ਉਕਤ ਨਿਰਮਲ ਸਿੰਘ ਸੁਪਰਡੈਂਟ ਅਤੇ ਥਾਮਸ ਮਸੀਹ (ਏਜੰਟ) ਦੀ ਤਫਤੀਸ਼ ਦੌਰਾਨ ਹਲਕਾ ਫਿਲੌਰ ਦੇ ਰਜਿਸਟਰਾਂ ਦੀ ਜਾਂਚ ਕਰਨ ’ਤੇ ਪਾਇਆ ਗਿਆ ਕਿ ਪਿੰਡ ਕਾਲਾ ਬਾਹੀਆਂ ਦੇ ਜਨਮ ਅਤੇ ਮੌਤ ਦੇ ਰਜਿਸਟਰ ਵਿਚ ਲੱਗੇ ਹੋਏ ਪੁਰਾਣੇ ਪੇਜ ਕੱਢ ਕੇ ਉਨ੍ਹਾਂ ਦੀ ਥਾਂ ਨਵੀਆਂ ਐਂਟਰੀਆਂ ਕਰਕੇ ਪੇਜ ਬਦਲ ਦਿੱਤੇ ਗਏ।

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਕਈ ਮੁੱਦਿਆਂ 'ਤੇ ਹੋਈ ਚਰਚਾ

ਇਸ ਤੋਂ ਇਲਾਵਾ ਪਿੰਡਾਂ ਵਰਿਆਣਾ, ਸੋਹਲਪੁਰ, ਤਲਵੰਡੀ ਸੰਘੇੜਾ, ਕਾਹਲਵਾਂ, ਤਲਵੰਡੀ ਭਰੋ ਅਤੇ ਪਿੰਡ ਟਾਹਲੀ ਸਾਹਿਬ ਦੇ ਰਜਿਸਟਰਾਂ ਵਿਚੋਂ ਵੀ ਪੁਰਾਣੇ ਪੇਜ ਕੱਢ ਕੇ ਉਨ੍ਹਾਂ ਦੀ ਥਾਂ ਗਲਤ ਐਂਟਰੀਆਂ ਪਾ ਕੇ ਨਵੇਂ ਪੇਜ ਲਾ ਦਿੱਤੇ ਗਏ ਅਤੇ ਜਨਮ ਅਤੇ ਮੌਤ ਦੇ ਰਜਿਸਟਰਾਂ ਵਿਚ ਕਈ ਐਂਟਰੀਆਂ ਦੀ ਕਟਿੰਗ ਕੀਤੀ ਗਈ ਹੈ। ਇਸ ਤਰ੍ਹਾਂ ਉਕਤ ਨਿਰਮਲ ਸੁਪਰਡੈਂਟ ਅਤੇ ਹਰਜਿੰਦਰ ਸਿੰਘ ਸੀਨੀਅਰ ਸਹਾਇਕ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਗਲਤ ਐਂਟਰੀਆਂ ਪਾ ਕੇ ਰਜਿਸਟਰ ਵਿਚੋਂ ਪੁਰਾਣੇ ਪੇਜ ਕੱਢ ਕੇ ਉਨ੍ਹਾਂ ਦੀ ਥਾਂ ਨਵੇਂ ਪੇਜ ਲਾਉਣ ਅਤੇ ਐਂਟਰੀਆਂ ਦੀ ਕਟਿੰਗ ਕਰਕੇ ਸਰਟੀਫਿਕੇਟ ਬਣਾਉਣ ਬਦਲੇ ਰਿਸ਼ਵਤ ਵਜੋਂ ਲੱਖਾਂ ਰੁਪਏ ਲਏ ਜਾਣ ਦੇ ਦੋਸ਼ ਸਾਹਮਣੇ ਆਏ ਹਨ।

ਇਸ ਸਬੰਧ ਵਿਚ ਵਿਜੀਲੈਂਸ ਬਿਊਰੋ ਨੇ ਜਾਂਚ ਉਪਰੰਤ ਉਕਤ ਦੋਸ਼ੀਆਂ ਨਿਰਮਲ ਸਿੰਘ ਸੁਪਰਡੈਂਟ ਅਤੇ ਹਰਜਿੰਦਰ ਸਿੰਘ ਸੀਨੀਅਰ ਸਹਾਇਕ ਵਿਰੁੱਧ ਮੁਕੱਦਮਾ ਨੰਬਰ 06 ਮਿਤੀ 1 ਮਾਰਚ 2023 ਨੂੰ ਆਈ. ਪੀ. ਸੀ. ਦੀ ਧਾਰਾ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7, 13 (1) (ਏ), 13 (2) ਅਧੀਨ ਥਾਣਾ ਵਿਜੀਲੈਂਸ ਬਿਊਰੋ ਜਲੰਧਰ ਵਿਚ ਕੇਸ ਦਰਜ ਕੀਤਾ ਹੈ। ਦੋਸ਼ੀ ਨਿਰਮਲ ਸਿੰਘ ਸੁਪਰਡੈਂਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਇਸ ਮੁਕੱਦਮੇ ਦੇ ਫ਼ਰਾਰ ਦੋਸ਼ੀ ਹਰਜਿੰਦਰ ਸਿੰਘ ਸੀਨੀਅਰ ਸਹਾਇਕ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਬਿਊਰੋ ਵੱਲੋਂ ਕਾਰਵਾਈ ਜਾਰੀ ਹੈ।

ਜ਼ਿਕਰਯੋਗ ਹੈ ਕਿ ਉਕਤ ਦੋਸ਼ੀ ਨਿਰਮਲ ਸਿੰਘ ਸੁਪਰਡੈਂਟ, ਦੋਸ਼ੀ ਹਰਜਿੰਦਰ ਸਿੰਘ ਸੀਨੀਅਰ ਸਹਾਇਕ ਅਤੇ ਦੋਸ਼ੀ ਥਾਮਸ ਮਸੀਹ (ਏਜੰਟ) ਨੂੰ ਸੁਖਦੇਵ ਸਿੰਘ ਨਿਵਾਸੀ ਪਿੰਡ ਕਟਾਣਾ, ਡਾਕਖਾਨਾ ਅੱਪਰਾ ਜ਼ਿਲ੍ਹਾ ਜਲੰਧਰ ਤੋਂ ਸਰਟੀਫਿਕੇਟ ਬਣਾਉਣ ਦੇ ਬਦਲੇ 21 ਅਗਸਤ 2018 ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਬੰਧੀ ਪਹਿਲਾਂ ਹੀ ਮੁਕੱਦਮਾ ਨੰਬਰ 15 ਮਿਤੀ 20 ਅਗਸਤ 2018 ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7, 13 (2) ਅਤੇ ਆਈ. ਪੀ. ਸੀ. ਦੀ ਧਾਰਾ 120-ਬੀ ਅਧੀਨ ਥਾਣਾ ਵਿਜੀਲੈਂਸ ਬਿਊਰੋ ਜਲੰਧਰ ਵਿਚ ਦਰਜ ਹੈ, ਜੋਕਿ ਜ਼ੇਰੇ ਸਮਾਇਤ ਹੈ।

ਇਹ ਵੀ ਪੜ੍ਹੋ : ਰੂਪਨਗਰ ਪ੍ਰਸ਼ਾਸਨ ਦਾ ਨਿਵੇਕਲਾ ਉਪਰਾਲਾ, ਹੋਲਾ-ਮਹੱਲਾ ਦੌਰਾਨ ਨਵਜੰਮੇ ਬੱਚਿਆਂ ਤੇ ਮਾਵਾਂ ਨੂੰ ਮਿਲੇਗੀ ਇਹ ਵਿਸ਼ੇਸ਼ ਸਹੂਲਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri