ਨਿਗਮ ਕੰਪਲੈਕਸ ''ਚ ਸ਼ਿਫਟ ਹੋਵੇਗੀ ਸੰਡੇ ਮਾਰਕੀਟ, ਦੁਕਾਨਦਾਰਾਂ ਨਾਲ ਫਿਰ ਤੋਂ ਹੋ ਸਕਦੈ ਝਗੜਾ

04/01/2019 5:51:31 PM

ਜਲੰਧਰ (ਪੁਨੀਤ)— ਜੋਤੀ ਚੌਕ, ਰੈਣਕ ਬਾਜ਼ਾਰ ਤੇ ਆਲੇ-ਦੁਆਲੇ ਲੱਗਣ ਵਾਲੀ ਸੰਡੇ ਮਾਰਕੀਟ ਨੂੰ ਸ਼ਿਫਟ ਕਰਕੇ ਨਗਰ ਨਿਗਮ ਕੰਪਲੈਕਸ 'ਚ ਫਿਸ਼ ਐਕੁਵੇਰੀਅਮ ਵਾਲੇ ਸਥਾਨ 'ਤੇ ਲਗਾਇਆ ਜਾਵੇਗਾ। ਇਸ ਸਬੰਧ 'ਚ ਪਿਛਲੇ ਕਈ ਮਹੀਨਿਆਂ ਤੋਂ ਨਿਗਮ ਅਤੇ ਮਾਰਕੀਟ ਲਗਾਉਣ ਵਾਲਿਆਂ 'ਚ ਝਗੜਾ ਚੱਲਦਾ ਆ ਰਿਹਾ ਹੈ। ਪਿਛਲੀ ਵਾਰ ਦੁਕਾਨਦਾਰਾਂ ਨੇ ਕਿਹਾ ਸੀ ਕਿ 31 ਮਾਰਚ ਨੂੰ ਸੰਡੇ ਵਾਲੇ ਦਿਨ ਮਾਰਕੀਟ ਨੂੰ ਉਥੇ ਲੱਗਣ ਦੇਣ, ਜਿੱਥੇ ਪਹਿਲਾਂ ਲੱਗਦੀ ਆ ਰਹੀ ਹੈ। ਦੁਕਾਨਦਾਰਾਂ ਨੇ ਕਿਹਾ ਸੀ ਕਿ ਉਹ ਇਸ ਢੰਗ ਨਾਲ ਮਾਰਕੀਟ ਲਗਾਉਣਗੇ, ਜਿਸ ਨਾਲ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਅਤੇ ਟ੍ਰੈਫਿਕ ਜਾਮ ਜਿਹੀ ਸਮੱਸਿਆ ਨਹੀਂ ਆਵੇਗੀ। ਨਿਗਮ ਅਧਿਕਾਰੀਆਂ ਨੇ ਅੱਜ ਮਾਰਕੀਟ 'ਚ ਵਿਜ਼ਿਟ ਕੀਤਾ। ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀ ਸੰਤੁਸ਼ਟ ਨਜ਼ਰ ਨਹੀਂ ਆਏ।
ਨਗਰ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਕਿਹਾ ਕਿ ਸੰਡੇ ਮਾਰਕੀਟ ਨੂੰ ਕਈ ਕਾਰਨਾਂ ਕਾਰਨ ਨਗਰ ਨਿਗਮ ਕੰਪਲੈਕਸ 'ਚ ਬਣਨ ਵਾਲੇ ਫਿਸ਼ ਐਕੁਵੇਰੀਅਮ ਵਾਲੇ ਸਥਾਨ 'ਤੇ ਸ਼ਿਫਟ ਕੀਤਾ ਜਾਵੇਗਾ। ਲੋਕਾਂ ਕੋਲੋਂ ਵਸੂਲੀ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਦੁਕਾਨਦਾਰ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਬਹੁਤ ਘੱਟ ਮੁੱਲ 'ਤੇ ਮਾਰਕੀਟ ਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਗਮ ਕੰਪਲੈਕਸ 'ਚ ਮਾਰਕੀਟ ਲੱਗਣ ਨਾਲ ਇਕ ਪਾਸੇ ਜਿਥੇ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ, ਉਥੇ ਦੁਕਾਨਦਾਰਾਂ ਨੂੰ ਵੀ ਇਸ ਨਾਲ ਬੇਹੱਦ ਲਾਭ ਹੋਵੇਗਾ ਕਿਉਂਕਿ ਬਾਜ਼ਾਰਾਂ ਦੇ ਅੰਦਰ ਰਸ਼ ਹੋਣ ਕਾਰਨ ਲੋਕ ਜਾਣ ਤੋਂ ਝਿਜਕਦੇ ਵੀ ਹਨ। ਇਥੇ ਮਾਰਕੀਟ ਲੱਗਣ ਨਾਲ ਲੋਕਾਂ ਨੂੰ ਬਿਹਤਰ ਬਦਲ ਮਿਲੇਗਾ ਤੇ ਉਨ੍ਹਾਂ ਦੀਆਂ ਗੱਡੀਆਂ ਆਦਿ ਵੀ ਪਾਰਕ ਕਰਨ 'ਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ।
ਨਿਗਮ ਅਧਿਕਾਰੀ ਪਹਿਲਾਂ ਵੀ ਕਈ ਵਾਰ ਮਾਰਕੀਟ ਹਟਾਉਣ ਲਈ ਜਾ ਚੁੱਕੇ ਹਨ, ਜਿਨ੍ਹਾਂ ਦਾ ਲੋਕਾਂ ਵਲੋਂ ਭਾਰੀ ਵਿਰੋਧ ਵੀ ਕੀਤਾ ਗਿਆ ਸੀ। ਹੁਣ ਨਿਗਮ ਵਲੋਂ ਮਾਰਕੀਟ ਨੂੰ ਸ਼ਿਫਟ ਕਰਨ ਦੀ ਗੱਲ ਕਹੀ ਜਾ ਰਹੀ ਹੈ, ਜਿਸ ਕਾਰਨ ਦੁਕਾਨਦਾਰਾਂ ਤੇ ਨਿਗਮ 'ਚ ਦੋਬਾਰਾ ਤੋਂ ਵਿਵਾਦ ਹੋ ਸਕਦਾ ਹੈ। ਅਗਲੇ ਐਤਵਾਰ ਨੂੰ ਦੇਖਣਾ ਹੋਵੇਗਾ ਕਿ ਦੁਕਾਨਦਾਰ ਨਿਗਮ ਦੀ ਗੱਲ ਮੰਨਦੇ ਹਨ ਜਾਂ ਫਿਰ ਉਥੇ ਹੀ ਮਾਰਕੀਟ ਲਗਾਉਂਦੇ ਹਨ।

shivani attri

This news is Content Editor shivani attri