5.73 ਕਰੋੜ ਦੀ ਲਾਗਤ ਨਾਲ ਪਵਿੱਤਰ ਨਗਰੀ ਦੇ ਨਵੇਂ ਬੱਸ ਸਟੈਂਡ ਦਾ ਨਿਰਮਾਣ ਸ਼ੁਰੂ

02/11/2019 6:55:00 PM

ਸੁਲਤਾਨਪੁਰ ਲੋਧੀ, (ਸੋਢੀ) : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਤਹਿਤ ਅੱਜ ਸੁਲਤਾਨਪੁਰ ਲੋਧੀ ਵਿਖੇ ਆਧੁਨਿਕ ਸਹੂਲਤਾਂ ਵਾਲੇ ਨਵੇਂ ਬੱਸ ਸਟੈਂਡ ਦੇ ਨਿਰਮਾਣ ਦਾ ਕਾਰਜ ਪੀ. ਆਰ. ਟੀ. ਸੀ. ਵਲੋਂ ਆਰੰਭ ਕਰਵਾ ਦਿੱਤਾ ਗਿਆ । ਇਸ ਸਮੇਂ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਤੇ ਕੇ ਕੇ ਸ਼ਰਮਾ ਚੇਅਰਮੈਨ ਪੀ ਆਰ ਟੀ ਸੀ ਪੁੱਜੇ। ਜਿਨ੍ਹਾਂ ਨਾਰੀਅਲ ਭੰਨ ਕੇ ਬੱਸ ਸਟੈਂਡ ਬਣਾਉਣ ਦਾ ਵਿਕਾਸ ਕਾਰਜ ਆਰੰਭ ਕਰਵਾਇਆ । ਇਸ ਤੋਂ ਪਹਿਲਾਂ ਗਿਆਨੀ ਦਿਲਬਾਗ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਅੰਤਰਯਾਮਤਾ ਸਾਹਿਬ ਨੇ ਅਰਦਾਸ ਕੀਤੀ ਤੇ ਉਪਰੰਤ ਨਿਰਮਾਣ ਕਾਰਜ ਆਰੰਭ ਹੋਇਆ । ਇਸ ਸਮੇ ਨਵਤੇਜ ਸਿੰਘ ਚੀਮਾ ਵਿਧਾਇਕ ਤੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ ਕੇ ਸ਼ਰਮਾ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਨਵਾਂ ਬਸ ਸਟੈਂਡ ਪਹਿਲੇ ਸਥਾਨ 'ਤੇ ਹੀ ਨਗਰ ਕੌਸਲ ਵਲੋਂ ਮੁਹੱਈਆ ਕਰਵਾਈ 1.80 ਏਕੜ ਜਗ੍ਹਾ 'ਚ ਬਣਾਇਆ ਜਾਵੇਗਾ। ਜਿਸ ਦੇ ਨਿਰਮਾਣ ਲਈ 5.73 ਕਰੋੜ ਰੁਪਏ ਸਰਕਾਰ ਵਲੋਂ ਮੁਹੱਈਆ ਕਰਵਾਏ ਗਏ ਹਨ । ਬਸ ਸਟੈਂਡ ਬਣਾਉਣ ਦਾ ਕੰਮ ਪੀ. ਆਰ. ਟੀ. ਸੀ. ਵਲੋਂ ਗੁਲਰਾਜ ਸਿੰਘ ਨਾਗੀ ਠੇਕੇਦਾਰ ਲੁਧਿਆਣਾ ਨੂੰ ਅਲਾਟ ਕੀਤਾ ਗਿਆ ਹੈ, ਜੋ ਕਿ 6 ਮਹੀਨੇ 'ਚ ਅਗਸਤ ਮਹੀਨੇ ਤੱਕ ਕੰਮ ਮੁਕੰਮਲ ਕਰਵਾਉਣ ਲਈ ਪਾਬੰਦ ਹੋਵੇਗਾ ।

ਚੀਮਾ ਨੇ ਦੱਸਿਆ ਕਿ ਬੱਸ ਸਟੈਂਡ ਦਾ ਕਵਰਡ ਏਰੀਆ ( ਗਰਾਉਂਡ ਫਲੋਰ ) 9000 ਵਰਗ ਫੁੱਟ ਹੈ ਅਤੇ ਪਹਿਲੀ ਮੰਜ਼ਿਲ ਉੱਪਰ ਵਪਾਰਿਕ ਅਤੇ ਦਫਤਰੀ ਮੰਤਵ ਲਈ 2500 ਵਰਗ ਫੁੱਟ ਕਵਰਡ ਏਰੀਆ ਹੈ । ਉਨ੍ਹਾਂ ਦੱਸਿਆ ਕਿ ਬੱਸ ਸਟੈਂਡ 'ਚ ਬੱਸਾਂ ਦੇ ਚੱਲਣ ਲਈ 8 ਵੱਖ-ਵੱਖ ਕਾਊਂਟਰ ਬਣਾਏ ਜਾਣਗੇ । ਸਵਾਰੀਆਂ ਲਈ ਲੋਡਿੰਗ -ਅਨਲੋਡਿੰਗ ਪਲੇਟ  ਫਾਰਮ , ਪੁੱਛ-ਗਿੱਛ ਲਈ ਕਮਰਾ, ਜਨਾਨਾ-ਮਰਦਾਨਾ ਅਤੇ ਅੰਗਹੀਣਾਂ ਲਈ ਵੱਖਰੇ-ਵੱਖਰੇ ਟੁਆਲਿਟ ਬਲਾਕ, ਸਮਾਂ ਸਾਰਨੀ ਦਿਖਾਉਦੀਆਂ ਐਲ. ਸੀ. ਡੀਜ਼, ਗਲੋਅ ਸਾਈਨ ਰੂਟ , ਕਾਊਟਰ ਬੋਰਡ, ਪੀਣ ਵਾਲੇ ਸ਼ੁੱਧ ਪਾਣੀ ਆਰ. ਓ. ਸਿਸਟਮ, ਸਾਈਕਲ, ਸਕੂਟਰ ਅਤੇ ਕਾਰਾਂ ਲਈ ਵੱਖਰੀ ਪਾਰਕਿੰਗ ਤੇ ਸਟੈਂਡ, ਬੱਸਾਂ ਅਤੇ ਯਾਤਰੀਆਂ ਦੇ ਅੰਦਰ ਆਉਣ ਅਤੇ ਬਾਹਰ ਜਾਣ ਦੇ ਵੱਖਰੇ ਵੱਖਰੇ ਰਸਤੇ ਅਤੇ ਵੱਖ-ਵੱਖ ਮੰਤਵਾਂ ਲਈ 4 ਕਮਰਸ਼ੀਅਲ ਸਟਾਲ ਬਣਾਏ ਜਾਣਗੇ ।