ਮੇਰੀ ਮਾਂ ਦੇ ਭੋਗ 'ਤੇ ਆਉਣਾ ਤਾਂ ਦੂਰ, ਕੇਜਰੀਵਾਲ ਨੇ ਫੋਨ ਤੱਕ ਵੀ ਨਹੀਂ ਕੀਤਾ: ਖਹਿਰਾ

08/19/2018 4:31:31 PM

ਕਪੂਰਥਲਾ— ਆਮ ਆਦਮੀ ਪਾਰਟੀ 'ਚ ਬਗਾਵਤ 'ਤੇ ਉਤਰੇ ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਫਿਰ ਤੰਜ ਕੱਸਿਆ। ਭੁਲੱਥ 'ਚ ਵਰਕਰਾਂ ਨਾਲ ਬੈਠਕ ਦੌਰਾਨ ਖਹਿਰਾ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਮਾਤਾ ਦਾ ਦਿਹਾਂਤ ਹੋਇਆ ਸੀ ਤਾਂ ਕੇਜਰੀਵਾਲ ਨੇ ਭੋਗ 'ਤੇ ਆਉਣਾ ਤਾਂ ਦੂਰ ਫੋਨ ਕਰਕੇ ਅਫਸੋਸ ਤੱਕ ਵੀ ਨਹੀਂ ਜਤਾਇਆ ਸੀ। ਕੇਜਰੀਵਾਲ ਨਿੱਜੀ ਤੌਰ 'ਤੇ ਉਨ੍ਹਾਂ ਨਾਲ ਵੈਰ ਰੱਖਦੇ ਹਨ। ਕਿਸੇ ਵਿਧਾਇਕ ਦੇ ਪਿਤਾ ਦੇ ਭੋਗ 'ਤੇ ਮੈਂ ਕੋਈ ਰਾਜਨੀਤੀ ਨਹੀਂ ਰੱਖਣਾ ਚਾਹੁੰਦਾ। ਪਾਰਟੀ ਵੱਲੋਂ ਕੇਜਰੀਵਾਲ ਦੇ ਪੰਜਾਬ ਆਉਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਨੇਤਾ ਵਿਰੋਧੀ ਧਿਰ ਦੇ ਤੌਰ 'ਤੇ ਉਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਪੁਰਜ਼ੋਰ ਤਰੀਕੇ ਨਾਲ ਚੁੱਕਿਆ ਸੀ।  

ਖਹਿਰਾ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਨੂੰ ਉਨ੍ਹਾਂ ਦੀ ਲੋਕਪ੍ਰਸਿੱਧੀ ਸਹਿਣ ਨਹੀਂ ਹੋ ਰਹੀ ਸੀ। ਵਿਧਾਨ ਸਭਾ ਚੋਣਾਂ ਦੇ ਸਮੇਂ ਵੀ ਪੰਜਾਬ ਦਾ ਮੁੱਖ ਮੰਤਰੀ ਹੋਣ ਦੀ ਵਕਾਲਤ ਕਰਨ ਦੀ ਸਜ਼ਾ ਉਨ੍ਹਾਂ ਨੂੰ ਨੇਤਾ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾ ਕੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖਹਿਰਾ ਨੇ ਕਿਹਾ ਕਿ ਅਗਲੀ ਵਿਧਾਨ ਸਭਾ ਚੋਣ ਵੀ ਉਹ ਭੁਲੱਥ ਤੋਂ ਹੀ ਲੜਨਗੇ। 

ਦੱਸਣਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਬਰਨਾਲਾ ਦੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੇ ਭੋਗ 'ਚ ਸ਼ਾਮਲ ਹੋਣ ਲਈ ਪਹੁੰਚੇ, ਜਿੱਥੇ ਉਨ੍ਹਾਂ ਵਿਧਾਇਕ ਪੰਡੋਰੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।