ਗੰਦਗੀ ਦੇ ਮਾਹੌਲ ''ਚ ਤਿਆਰ ਹੋਇਆ ਗੁੜ ਤੇ ਸ਼ੱਕਰ ਲੋਕਾਂ ਦੀ ਸਿਹਤ ਨਾਲ ਖਿਲਵਾੜ

03/26/2019 4:17:20 PM

ਜਲੰਧਰ (ਮਹੇਸ਼)— ਜਿਸ ਗੁੜ ਅਤੇ ਸ਼ੱਕਰ ਨੂੰ ਅਸੀਂ ਸਿਹਤ ਦੇ ਨਜ਼ਰੀਏ ਨਾਲ ਸਹੀ ਮੰਨਦੇ ਹਾਂ, ਕੀ ਕਦੇ ਕਿਸੇ ਨੇ ਉਸ ਨੂੰ ਬਣਦੇ ਹੋਏ ਦੇਖਿਆ ਹੈ? ਗੰਦਗੀ ਦੇ ਮਾਹੌਲ 'ਚ ਤਿਆਰ ਹੋਇਆ ਗੁੜ ਅਤੇ ਸ਼ੱਕਰ ਲੋਕਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹੈ। ਸਿਹਤ ਵਿਭਾਗ ਦੀ ਚੈਕਿੰਗ ਦਾ ਖੌਫ ਨਾ ਹੋਣ ਕਾਰਨ ਗੰਨੇ ਦੇ ਰਸ ਤੋਂ ਗੁੜ ਅਤੇ ਸ਼ੱਕਰ ਤਿਆਰ ਕਰਨ 'ਚ ਲੋਕ ਸਫਾਈ ਵਿਵਸਥਾ ਵੱਲ ਧਿਆਨ ਨਹੀਂ ਦਿੰਦੇ। ਹੁਸ਼ਿਆਰਪੁਰ ਰੋਡ 'ਤੇ ਅੱਡਾ ਕਠਾਰ ਨੇੜੇ ਅਤੇ ਜਲੰਧਰ 'ਚ ਤੱਲ੍ਹਣ ਰੋਡ 'ਤੇ ਕਈ ਜਗ੍ਹਾ ਤੁਹਾਨੂੰ ਗੰਨੇ ਦੇ ਰਸ ਤੋਂ ਗੁੜ ਅਤੇ ਸ਼ੱਕਰ ਤਿਆਰ ਹੁੰਦੀ ਦਿਖਾਈ ਦੇਵੇਗੀ ਪਰ ਜਦੋਂ ਉਥੇ ਸਫਾਈ ਵੱਲ ਧਿਆਨ ਦਿਓਗੇ ਤਾਂ ਤੁਹਾਨੂੰ ਇਹ ਗੱਲ ਸੋਚਣ ਲਈ ਮਜਬੂਰ ਕਰ ਦੇਵੇਗੀ ਕਿ ਇਥੋਂ ਰਸ ਪੀਣਾ, ਗੁੜ ਅਤੇ ਸ਼ੱਕਰ ਲੈਣਾ ਕਿੰਨਾ ਲਾਭਦਾਇਕ ਹੈ ਅਤੇ ਕਿੰਨਾ ਨੁਕਸਾਨਦਾਇਕ।


ਜਦੋਂ ਤੁਸੀਂ ਮਸ਼ੀਨ 'ਤੇ ਪਈ ਬੇਸ਼ੁਮਾਰ ਗੰਦਗੀ ਅਤੇ ਬਿਨਾਂ ਸਫਾਈ ਕੀਤੇ ਹੋਏ ਗੰਨਿਆਂ 'ਚੋਂ ਰਸ ਕੱਢਦੇ ਹੋਏ ਦੇਖੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਜਿਸ ਪਲਾਸਟਿਕ ਦੇ ਟੱਬ 'ਚ ਰਸ ਪਾਇਆ ਜਾਂਦਾ ਹੈ ਉਸ ਨੂੰ ਵੀ ਕਦੇ ਸਾਫ ਨਹੀਂ ਕੀਤਾ ਜਾਂਦਾ। ਮਸ਼ੀਨ 'ਤੇ ਮੰਡਰਾਉਂਦੀਆਂ ਮੱਖੀਆਂ ਅਤੇ ਜੰਮੀ ਹੋਈ ਗੰਦਗੀ ਦੇ ਮਾਹੌਲ 'ਚ ਕੱਢੇ ਗਏ ਰਸ ਦੀ ਚਾਹਣੀ ਤਿਆਰ ਕਰਨ ਲਈ ਉਸ ਨੂੰ ਕੜਾਹੇ 'ਚ ਪਾ ਦਿੱਤਾ ਜਾਂਦਾ, ਇਥੋਂ ਤੱਕ ਕਿ ਖਰਾਬ ਗੰਨਿਆਂ ਨੂੰ ਸਹੀ ਗੰਨਿਆਂ ਨਾਲ ਹੀ ਪੀਹ ਦਿੱਤਾ ਜਾਂਦਾ ਹੋਵੇ, ਜੋ ਕਿ ਅੰਦਰੋਂ ਲਾਲ ਹੁੰਦਾ ਹੈ ਅਤੇ ਉਸ ਨਾਲ ਪੂਰਾ ਰਸ ਖਰਾਬ ਹੋ ਜਾਂਦਾ ਹੈ।


ਚਾਹਣੀ ਤੋਂ ਗੁੜ ਅਤੇ ਸ਼ੱਕਰ ਬਣਦੀ ਹੈ, ਜੋ ਕਿ ਤੁਹਾਨੂੰ ਦੇਖਣ 'ਚ ਤਾਂ ਬਹੁਤ ਚੰਗੀ ਲੱਗਦੀ ਹੈ ਪਰ ਉਸ ਦੇ ਪਿੱਛੇ ਦੀ ਸੱਚਾਈ 'ਤੇ ਤੁਹਾਡਾ ਧਿਆਨ ਨਹੀਂ ਜਾਂਦਾ, ਇਸ ਲਈ ਸਿੱਕੇ ਦੇ ਇਕ ਪਹਿਲੂ ਨੂੰ ਨਾ ਦੇਖ ਕੇ ਦੂਜਾ ਪਹਿਲੂ ਵੀ ਦੇਖਣਾ ਜ਼ਰੂਰੀ ਹੈ। ਅਜਿਹੇ 'ਚ ਅਸੀਂ ਕਹਿ ਸਕਦੇ ਹਾਂ ਕਿ ਗੁੜ ਹੈ ਜਾਂ ਮਿੱਠਾ ਜ਼ਹਿਰ। ਸਿਹਤ ਵਿਭਾਗ ਨੂੰ ਸਫਾਈ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਗੰਦਗੀ ਪਰੋਸ ਰਹੇ ਗੁੜ-ਸ਼ੱਕਰ ਵੇਚਣ ਵਾਲਿਆਂ 'ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।

ਰਸਾਇਣ ਦੀ ਵਰਤੋਂ, ਕੌਣ ਜ਼ਿੰਮੇਵਾਰ 
ਗੁੜ ਬਣਾਉਣ ਸਮੇਂ ਜਿਨ੍ਹਾਂ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਆਖਿਰ ਉਸ ਦਾ ਜ਼ਿੰਮੇਵਾਰ ਕੌਣ ਹੈ? ਗੁੜ ਬਣਾਉਣ ਵਾਲਾ ਜਾਂ ਉਸ ਗੁੜ ਨੂੰ ਖਰੀਦਣ ਵਾਲਾ। ਬਣਾਉਣ ਵਾਲਾ ਰਸਾਇਣਾਂ ਦੀ ਵਰਤੋਂ ਇਸ ਲਈ ਕਰਦਾ ਹੈ ਕਿਉਂਕਿ ਜੇਕਰ ਉਹ ਕਿਸੇ ਬਨਸਪਤੀ ਅਤੇ ਔਸ਼ਧੀ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ ਅਤੇ ਫਿਰ ਇਸ ਦੇ ਬਾਵਜੂਦ ਗਾਹਕ ਨਹੀਂ ਖਰੀਦਦਾ ਕਿਉਂਕਿ ਅੱਜ ਦਾ ਗਾਹਕ ਸੂਰਤ ਕੁਝ ਜ਼ਿਆਦਾ ਹੀ ਦੇਖਦਾ ਹੈ। ਅੱਜ ਦੇ ਗਾਹਕ ਨੂੰ ਚਮਕਦਾਰ ਗੁੜ ਜ਼ਿਆਦਾ ਲੁਭਾਉਂਦਾ ਹੈ। ਇਥੋਂ ਤੱਕ ਕਿ ਜਿਹੜੇ ਲੋਕਾਂ ਵੱਲੋਂ ਗੁੜ ਬਣਾਇਆ ਜਾਂਦਾ ਹੈ, ਉਨ੍ਹਾਂ ਲੋਕਾਂ ਨੂੰ ਉਸ ਰਸਾਇਣ ਦੇ ਨਾਂ ਵੀ ਚੰਗੀ ਤਰ੍ਹਾਂ ਨਾਲ ਨਹੀਂ ਪਤਾ।

ਸੁਚੇਤ ਹੋਣ ਦੀ ਲੋੜ 
ਜਦੋਂ ਗਾਹਕ ਭਾਅ ਕਰਨ ਦੇ ਨਾਲ-ਨਾਲ ਵਸਤੂ ਦੀ ਗੁਣਵੱਤਾ 'ਤੇ ਵੀ ਧਿਆਨ ਦੇਵੇਗਾ ਤਾਂ ਦੁਕਾਨਦਾਰ ਅਤੇ ਬਣਾਉਣ ਵਾਲਾ ਵੀ ਸਾਵਧਾਨ ਹੋ ਜਾਵੇਗਾ। ਆਪਣੀ ਸਿਹਤ ਨੂੰ ਦੇਖਦੇ ਹੋਏ ਸਾਨੂੰ ਇੰਨਾ ਤਾਂ ਕਰਨਾ ਹੀ ਪਵੇਗਾ। ਸੂਰਤ ਨਹੀਂ ਸੀਰਤ ਨੂੰ ਦੇਖਣਾ ਹੋਵੇਗਾ। ਇਸ ਸਬੰਧ 'ਚ ਸਮਾਜਿਕ ਬੁਰਾਈਆਂ ਅਤੇ ਚੰਗਿਆਈਆਂ ਨੂੰ ਆਪਣੀ ਕਲਮ ਦੇ ਕੇ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਹਿੰਦੀ ਮਾਹਰ ਕਲਾਕਾਰ ਰਿਤੂ ਮੋਂਗਾ ਨੇ ਕਿਹਾ ਹੈ ਕਿ ਗੁੜ ਬਣਾਉਣ ਦੀ ਪ੍ਰਕਿਰਿਆ 'ਚ ਸਭ ਤੋਂ ਪਹਿਲਾਂ ਰਸ ਨੂੰ ਵੱਡੇ ਕੜਾਹੇ 'ਚ ਪਾਇਆ ਜਾਂਦਾ ਹੈ। ਆਮ ਤੌਰ 'ਤੇ ਪਹਿਲਾਂ ਇਸ 'ਚ ਭਿੰਡੀ ਦੇ ਪੌਧੇ ਪਾ ਕੇ ਸਫਾਈ ਕੀਤੀ ਜਾਂਦੀ ਸੀ ਪਰ ਹੁਣ ਤਾਂ ਇਸ 'ਚ ਉਹ ਰਸਾਇਣ ਮਿਲਾਏ ਜਾਂਦੇ ਹਨ ਜੋ ਕਿ ਸਾਡੀਆਂ ਅੰੜਤੀਆਂ ਨੂੰ ਖਰਾਬ ਕਰ ਸਕਦੇ ਹਨ। ਇਸ ਨਾਲ ਗੁੜ 'ਚ ਚਮਕ ਆ ਜਾਂਦੀ ਹੈ ਤੇ ਲੋਕ ਇਸ ਨੂੰ ਜ਼ਿਆਦਾ ਖਰੀਦਦੇ ਹਨ।


ਗੰਨੇ ਦੇ ਰਸ ਦੇ ਫਾਇਦੇ
ਇਹ ਮੰਨਿਆ ਜਾਂਦਾ ਹੈ ਕਿ ਗੰਨੇ ਦਾ ਰਸ ਸਾਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਇਹ ਸਾਡੇ ਪੇਟ, ਦਿਲ, ਦਿਮਾਗ, ਅੱਖਾਂ ਲਈ ਲਾਭਦਾਇਕ ਹੈ। ਥੱਕਿਆ ਇਨਸਾਨ ਜੇਕਰ ਇਕ ਗਿਲਾਸ ਗੰਨੇ ਦਾ ਰਸ ਪੀ ਲਵੇ ਤਾਂ ਥਕਾਨ ਦੂਰ ਹੋ ਜਾਂਦੀ ਹੈ। ਇਸ 'ਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਵਰਗੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਸਾਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ ਜਿਵੇਂ ਕਿ ਕੈਂਸਰ ਤੇ ਦਿਲ ਸਬੰਧੀ ਰੋਗਾਂ ਤੋਂ। ਗੰਨੇ ਦੇ ਰਸ ਤੋਂ ਗੁੜ ਬਣਦਾ ਹੈ, ਜਿਸ ਨੂੰ ਲੋਕ ਬਹੁਤ ਚਾਅ ਨਾਲ ਖਾਂਦੇ ਹਨ ਕਿਉਂਕਿ ਸਰਦੀਆਂ 'ਚ ਇਹ ਸਾਡੇ ਲਈ ਫਾਇਦੇਮੰਦ ਸਾਬਤ ਹੁੰਦਾ ਹੈ। ਲੋਕ ਇਸ ਨੂੰ ਖਾਣ ਲਈ ਮਿੱਠੇ ਦੇ ਤੌਰ 'ਤੇ ਵੀ ਖਾਂਦੇ ਸਨ।
ਪੂਰੀ ਜਾਂਚ ਕਰਵਾਏਗਾ ਸਿਵਲ ਸਰਜਨ 
ਇਸ ਸਬੰਧੀ ਜਦੋਂ ਸਿਵਲ ਸਰਜਨ ਜਲੰਧਰ ਦੇ ਡਾ. ਰਾਜੇਸ਼ ਬੱਗਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਕਿਸੇ ਨੂੰ ਵੀ ਗੰਦਗੀ ਖੁਆ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਪੂਰੀ ਜਾਂਚ ਕਰਵਾਉਣਗੇ ਅਤੇ ਜੋ ਵੀ ਫੜਿਆ ਜਾਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

shivani attri

This news is Content Editor shivani attri