ਸ਼ਰਾਬ ਦੀ ਫੈਕਟਰੀ 'ਚ ਫਟਿਆ ਬੁਆਇਲਰ, ਇਕ ਦੀ ਮੌਤ

10/15/2018 6:41:21 PM

ਦਸੂਹਾ (ਵਰਿੰਦਰ ਪੰਡਿਤ,ਝਾਵਰ )— ਸ਼ੂਗਰ ਮਿਲ ਰੰਧਾਵਾ 'ਚ ਚੱਲ ਰਹੀ ਸ਼ਰਾਬ ਦੀ ਫੈਕਟਰੀ ਦਾ ਬੁਆਇਲਰ ਫਟਣ ਨਾਲ ਅੱਗ ਲੱਗਣ ਕਰਕੇ ਇਕ ਕਰਮਚਾਰੀ ਦੀ ਮੌਤ ਹੋ ਗਈ ਜਦਕਿ ਦੋ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਦੁਪਹਿਰ ਕਰੀਬ ਸਾਢੇ 3 ਵਜੇ ਵਾਪਰਿਆ। ਮਾਰੇ ਗਏ ਵਿਅਕਤੀ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਬੋਦਲਾ ਦੇ ਰੂਪ 'ਚ ਹੋਈ ਹੈ। ਜ਼ਖਮੀਆਂ ਦੀ ਪਛਾਣ ਸੁਖਜੀਤ ਸਿੰਘ ਨਿਵਾਸੀ ਰੂਪੋਵਾਲ ਅਤੇ ਮਨਦੀਪ ਸਿੰਘ ਨਿਵਾਸੀ ਰੰਧਾਵਾ ਦੇ ਰੂਪ 'ਚ ਹੋਈ ਹੈ।  ਬੁਆਇਲਰ ਫਟਣ ਨਾਲ ਹੋਏ ਜ਼ਬਰਦਸਤ ਧਮਾਕੇ 'ਚ ਨੇੜੇ ਹੀ ਖੜ੍ਹੇ ਕੁਝ ਮਿੱਲ ਵਰਕਰ ਵਾਲ-ਵਾਲ ਬਚੇ। ਧਮਾਕੇ ਦੀ ਆਵਾਜ਼ ਸੁਣ ਕੇ ਮਿੱਲ ਵਰਕਰਾਂ 'ਚ ਭਾਜੜ ਮਚ ਗਈ। ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਦਸੂਹਾ ਏ. ਆਰ. ਸ਼ਰਮਾ, ਥਾਣਾ ਮੁਖੀ ਦਸੂਹਾ ਜਗਦੀਸ਼ ਰਾਜ ਅੱਤਰੀ, ਥਾਣਾ ਮੁਖੀ ਟਾਂਡਾ ਪ੍ਰਦੀਪ ਸਿੰਘ ਅਤੇ ਥਾਣਾ ਮੁਖੀ ਹਰਕੰਵਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। 

ਪੁਲਸ ਨੇ ਦੱਸਿਆ ਖੰਡ ਮਿੱਲ ਰੰਧਾਵਾ ਨਜ਼ਦੀਕ ਇਹ ਸ਼ਰਾਬ ਫੈਕਟਰੀ ਚੱਲ ਰਹੀ ਹੈ, ਜਦਕਿ ਬੁਆਇਲਰ ਫਟਣ ਦੀ ਸ਼ਿਕਾਇਤ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਅਧਿਕਾਰੀਆਂ ਨੂੰ ਕਰ ਦਿੱਤੀ ਗਈ ਸੀ। ਇਸ ਮੌਕੇ ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ ਬੱਲੀ ਨੇ ਕਿਹਾ ਕਿ ਇਸ ਘਟਨਾ ਲਈ ਮਿੱਲ ਮੈਨੇਜਮੈਂਟ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਹ ਮੈਨੇਜਮੈਂਟ ਵਿਰੁੱਧ ਪੰਜਾਬ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਹਨ।

ਸੰਘਰਸ਼ ਕਮੇਟੀ ਨੇ ਕੀਤਾ ਪ੍ਰਦਰਸ਼ਨ
ਸੰਘਰਸ਼ ਕਮੇਟੀ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਪਿਤਾ ਬਲਜੀਤ ਸਿੰਘ, ਚਾਚੇ ਰਣਜੀਤ ਸਿੰਘ ਅਤੇ ਸੰਘਰਸ਼ ਕਮੇਟੀ ਦੇ ਬੁਲਾਰੇ ਦਲਵਿੰਦਰ ਬੋਦਲ, ਸਤਪਾਲ ਬੇਰਛਾ, ਵਰਿੰਦਰ ਸਿੰਘ ਮਛਿਆਣਾ ਅਤੇ ਜਸਵੀਰ ਸਿੰਘ ਨੇ ਕਿਹਾ ਕਿ ਉਕਤ ਘਟਨਾ ਮਿੱਲ ਪ੍ਰਬੰਧਕਾਂ ਅਤੇ ਮੈਨੇਜਮੈਂਟ ਦੀ ਗਲਤੀ ਕਾਰਨ ਵਾਪਰੀ ਹੈ, ਜਿਸ ਕਾਰਨ ਗਗਨਦੀਪ ਸਿੰਘ ਦੀ ਮੌਤ ਹੋ ਗਈ। ਇਸ ਮੌਕੇ ਸੰਘਰਸ਼ ਕਮੇਟੀ ਦੇ 100 ਤੋਂ ਵਧ ਮੈਂਬਰਾਂ ਵੱਲੋਂ ਮਿੱਲ ਮੈਨੇਜਮੈਂਟ ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਥਾਣਾ ਮੁਖੀ ਦਸੂਹਾ ਜਗਦੀਸ਼ ਰਾਜ ਅੱਤਰੀ ਤੋਂ ਉਕਤ ਘਟਨਾ ਸਬੰਧੀ ਕਤਲ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ।

ਫਾਇਰ ਬ੍ਰਿਗੇਡ ਦੇਰ ਨਾਲ ਮੰਗਵਾਇਆ
ਕੁਝ ਕਰਮਚਾਰੀਆਂ ਅਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਮੌਕੇ ਫਾਇਰ ਬ੍ਰਿਗੇਡ ਦੇਰ ਨਾਲ ਮੰਗਵਾਇਆ ਗਿਆ  ਸੀ, ਜਦ ਅੱਗ ਦੀਆਂ ਲਪਟਾਂ ਅਸਮਾਨ ਛੂ ਰਹੀਆਂ ਸਨ। ਹੁਸ਼ਿਆਰਪੁਰ ਅਤੇ ਦਸੂਹਾ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮਿਹਨਤ ਨਾਲ ਅੱਗ 'ਤੇ ਕਾਬੂ ਪਾਇਆ। 

ਕੀ ਕਹਿੰਦੇ ਹਨ ਥਾਣਾ ਮੁਖੀ
ਇਸ ਸਬੰਧੀ ਥਾਣਾ ਮੁਖੀ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਸ਼ਰਾਬ ਮਿਲ ਦੇ ਮੀਤ ਪ੍ਰਧਾਨ ਅਲੋਕ ਗੁਪਤਾ ਅਤੇ ਮਿਲ ਅਧਿਕਾਰੀਆਂ ਦੇ  ਵਿਰੁੱਧ  ਧਾਰਾ 304 ਆਈ. ਪੀ. ਸੀ ਅਧੀਨ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਗਗਨਦੀਪ ਸਿੰਘ ਦੀ ਲਾਸ਼ ਨੂੰ ਦਸੂਹਾ ਦੇ ਲਾਸ਼ ਘਰ 'ਚ ਰੱਖਿਆ ਗਿਆ ਹੈ। 

ਕੀ ਕਹਿੰਦੇ ਹਨ ਮਿੱਲ ਅਧਿਕਾਰੀ
ਸ਼ਰਾਬ ਫੈਕਟਰੀ ਦੇ ਮੀਤ ਪ੍ਰਧਾਨ ਮੌਕੇ ਤੋਂ ਗਾਇਬ ਹੋ ਗਏ। ਚੀਨੀ ਮਿੱਲ ਦੇ ਉੱਚ ਅਧਿਕਾਰੀ ਨਾਲ ਜਦ ਗੱਲ ਹੋਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਘਟਨਾ 'ਚ ਜਿਸ ਵਰਕਰ ਦੀ ਮੌਤ ਹੋਈ ਹੈ ਉਸ ਦੇ ਪਰਿਵਾਰ ਨਾਲ ਸਾਨੂੰ ਹਮਦਰਦੀ ਹੈ। ਜ਼ਖਮੀਆਂ ਦਾ ਇਲਾਜ ਮੈਨੇਜਮੈਂਟ ਵੱਲੋਂ ਕਰਵਾਇਆ ਜਾਵੇਗਾ। 

ਕੀ ਕਹਿੰਦੇ ਹਨ ਪ੍ਰਦੂਸ਼ਣ ਕੰਟਰੋਲ ਬੋਰਡ ਅਧਿਕਾਰੀ
ਜਦੋਂ ਇਸ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਅਸ਼ੋਕ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਜਲਦ ਮਿੱਲ ਅੰਦਰ ਪਹੁੰਚ ਰਹੇ ਹਨ। ਮ੍ਰਿਤਕ ਵਰਕਰ ਦੇ ਪਰਿਵਾਰ ਨੂੰ ਪੂਰਾ ਇਨਸਾਫ ਮਿਲੇਗਾ ਅਤੇ ਸੰਘਰਸ਼ ਕਮੇਟੀ ਦੇ ਮੈਂਬਰਾਂ ਦੀ ਵੀ ਪੂਰੀ ਗੱਲ ਸੁਣੀ ਜਾਵੇਗੀ। ਇਸ ਸਬੰਧੀ ਮਿੱਲ ਮੈਨੇਜਮੈਂਟ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।