ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਦੁਖੀ ਹਵੇਲੀ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ

07/16/2019 1:26:02 AM

ਮਾਹਿਲਪੁਰ, (ਮੁੱਗੋਵਾਲ)- ਪਿੰਡ ਹਵੇਲੀ ਵਾਸੀਆਂ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਚੱਲ ਰਹੀ ਸਮੱਸਿਆ ਤੋਂ ਦੁਖੀ ਹੋ ਕੇ ਅੱਜ ਮਾਹਿਲਪੁਰ-ਗਡ਼੍ਹਸ਼ੰਕਰ ਰੋਡ ’ਤੇ ਟਰੈਫਿਕ ਜਾਮ ਕਰ ਕੇ ਸਬੰਧਤ ਵਿਭਾਗ ਦੀ ਟਾਲਮਟੋਲ ਵਾਲੀ ਨੀਤੀ ਖਿਲਾਫ਼ ਜੋਸ਼ੀਲੇ ਨਾਅਰੇ ਲਾ ਕੇ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਗਿਆ। ਸੰਜੀਵ ਕੁਮਾਰ ਨੇ ਦੱਸਿਆ ਕਿ ਪਿੰਡ ਹਵੇਲੀ ਦੇ ਲੋਕ ਪਿਛਲੇ ਕਾਫੀ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਘਰਾਂ ਵਿਚ ਪਾਣੀ ਸਪਲਾਈ ਕਰਨ ਵਾਲੇ ਟਿਊਬਵੈੱਲ ਦੀ ਮੋਟਰ ਖਰਾਬ ਪਈ ਹੈ। ਪਿਛਲੇ ਸਾਲ ਪਿੰਡ ਵਾਸੀਆਂ ਵੱਲੋਂ ਨਵੀਂ ਮੋਟਰ ਲੈਣ ਲਈ ਪੈਸੇ ਇਕੱਠੇ ਕਰ ਕੇ ਵੀ ਦਿੱਤੇ ਗਏ ਸਨ ਪਰ ਸਮੱਸਿਆ ਪੂਰੀ ਤਰ੍ਹਾਂ ਹੱਲ ਨਹੀਂ ਹੋਈ। ਸਬੰਧਤ ਵਿਭਾਗ ਦੀ ਢਿੱਲ-ਮੱਠ ਕਾਰਨ ਪਿਛਲੇ ਦਿਨਾਂ ਤੋਂ ਮੋਟਰ ਖਰਾਬ ਪਈ ਹੈ। ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਅੱਜ ਮਜਬੂਰਨ ਪਿੰਡ ਵਾਸੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਵਰਣਨਯੋਗ ਹੈ ਕਿ ਟਰੈਫਿਕ ਵਿਚ ਪੈ ਰਹੇ ਵਿਘਨ ਨੂੰ ਦੇਖਦਿਆਂ ਪੁਲਸ ਸਟੇਸ਼ਨ ਮਾਹਿਲਪੁਰ ਤੋਂ ਉੱਚ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਉਪਰੰਤ ਸਮੱਸਿਆ ਦਾ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਹੀ ਟਰੈਫਿਕ ਚਾਲੂ ਹੋ ਸਕਿਆ। ਇਸ ਮੌਕੇ ਗੁਰਪ੍ਰੀਤ ਸਿੰਘ, ਰਾਜੀਵ, ਸੰਜੀਵ ਕੁਮਾਰ, ਹਰਦੇਵ ਸਿੰਘ, ਗਗਨਦੀਪ, ਗੁਰਬਖਸ਼ ਸਿੰਘ, ਜਗਮੀਤ ਸਿੰਘ, ਅਮਰਿੰਦਰ ਸਿੰਘ, ਮਨਜਿੰਦਰ ਸਿੰਘ, ਦਰਸ਼ਨ ਕੌਰ, ਰਾਣੀ, ਜਸਵਿੰਦਰ ਸਿੰਘ, ਰਾਜਿੰਦਰ ਕੌਰ, ਰਣਜੀਤ ਕੌਰ, ਕਮਲਾ ਦੇਵੀ, ਦਵਿੰਦਰ ਕੌਰ ਪੰਚ ਸਮੇਤ ਪਿੰਡ ਵਾਸੀ ਹਾਜ਼ਰ ਸਨ।

Bharat Thapa

This news is Content Editor Bharat Thapa