ਪ੍ਰਕਾਸ਼ ਪੁਰਬ ''ਤੇ 13 ਲੱਖ ਤੋਂ ਵੱਧ ਸ਼ਰਧਾਲੂ ਗੁ. ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ

11/13/2019 4:05:58 PM

ਸੁਲਤਾਨਪੁਰ ਲੋਧੀ (ਸੋਢੀ, ਧੀਰ)— ਪਹਿਲੀ ਪਾਤਸ਼ਾਹੀ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਬੀਤੇ ਦਿਨ ਬੜੀ ਹੀ ਸ਼ਰਦਾ ਨਾਲ ਵੱਡੇ ਪੱਧਰ 'ਤੇ ਮਨਾਇਆ ਗਿਆ ਹੈ। ਪ੍ਰਕਾਸ਼ ਦਿਹਾੜੇ 'ਤੇ 13 ਲੱਖ ਤੋਂ ਵੀ ਵੱਧ ਸ਼ਰਧਾਲੂ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸਮੇਤ ਸਥਾਨਕ ਹੋਰ ਗੁਰਦੁਆਰਿਆਂ ਸ੍ਰੀ ਹੱਟ ਸਾਹਿਬ ਜੀ, ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਜੀ, ਗ. ਸ੍ਰੀ ਕੋਠੜੀ ਸਾਹਿਬ ਜੀ, ਗੁ. ਸ੍ਰੀ ਗੁਰੂ ਕਾ ਬਾਗ ਸਾਹਿਬ ਜੀ, ਗੁਰਦੁਆਰਾ ਸ੍ਰੀ ਅੰਤਰਯਾਮਤਾ ਸਾਹਿਬ, ਗੁ. ਬੇਬੇ ਨਾਨਕੀ ਜੀ ਵਿਖੇ ਨਤਮਸਤਕ ਹੋਏ। ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਮੂਹਰੇ ਕਤਾਰਾਂ 'ਚ ਖੜ੍ਹੇ ਹੋ ਕੇ ਦਰਬਾਰ ਸਾਹਿਬ 'ਚ ਮੱਥਾ ਟੇਕਿਆ ਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਸੰਗਤਾਂ 'ਚ ਏਨਾ ਉਤਸ਼ਾਹ ਦੇਖਣ ਨੂੰ ਮਿਲਿਆ ਕਿ ਗੁਰਦੁਆਰਾ ਬੇਰ ਸਾਹਿਬ ਤੋਂ ਗੁਰਦੁਆਰਾ ਹੱਟ ਸਾਹਿਬ ਤੱਕ ਪੂਰੀ ਸੜਕ ਪੂਰਾ ਹੀ ਦਿਨ ਸੰਗਤਾਂ ਨਾਲ ਭਰੀ ਰਹੀ। ਪੁਲਸ ਵੱਲੋਂ ਵੀ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ।

ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਦਰਸ਼ਨੀ ਡਿਊੜੀ ਦੇ ਬਾਹਰ ਤੱਕ ਸੰਗਤਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ। ਭਾਵੇਂ ਦੇਸ਼ ਦੇ ਰਾਸ਼ਟਰਪਤੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦਰਸ਼ਨਾਂ ਲਈ ਆਉਣ ਸਮੇਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਕੁਝ ਸਮਾਂ ਰੋਕਿਆ ਗਿਆ ਪਰ ਫਿਰ ਵੀ ਸੰਗਤਾਂ ਦਾ ਉਤਸ਼ਾਹ ਵਧਦਾ ਹੀ ਨਜ਼ਰ ਆਇਆ। ਗੁਰਦੁਆਰਾ ਸਾਹਿਬ ਦੇ ਅੰਦਰੋਂ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦਿ ਦੀ ਦੇਗ ਪ੍ਰਾਪਤ ਕਰਕੇ ਭੋਗ ਲਵਾ ਕੇ ਪ੍ਰਸ਼ਾਦਿ ਘਰਾਂ ਨੂੰ ਲਿਜਾਇਆ ਗਿਆ। ਸੰਗਤਾਂ ਨੂੰ ਮੱਥਾ ਟਿਕਾਉਣ ਲਈ ਜਿੱਥੇ ਪੁਲਸ ਵਲੋਂ ਵੱਖ-ਵੱਖ ਰਸਤਿਆਂ 'ਚ ਰੋਕਾਂ ਲਗਾਈਆਂ ਗਈਆਂ ਸਨ, ਉਥੇ ਭਾਈ ਬਾਲਾ ਜੀ ਨਿਸ਼ਕਾਮ ਸੇਵਾ ਸੋਸਾਇਟੀ ਦੇ ਨੌਜਵਾਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਸਾਰੇ ਦਰਵਾਜ਼ਿਆਂ 'ਤੇ ਸਖਤ ਡਿਊਟੀ ਦਿੰਦੇ ਹੋਏ ਸੰਗਤਾਂ ਦੀ ਮੱਥਾ ਟਿਕਾਉਣ 'ਚ ਸਹਾਇਤਾ ਕੀਤੀ। ਸੰਗਤਾਂ ਨੇ ਸ੍ਰੀ ਬੇਰੀ ਸਾਹਿਬ ਦੇ ਦਰਸ਼ਨ ਅਤੇ ਸਤਿਗੁਰੂ ਸਾਹਿਬ ਦੇ ਭਗਤੀ ਵਾਲੇ ਅਸਥਾਨ ਭੋਰਾ ਸਾਹਿਬ ਦੇ ਵੀ ਦਰਸ਼ਨ ਕੀਤੇ।

ਇਸੇ ਤਰ੍ਹਾਂ ਗੁਰਦੁਆਰਾ ਹੱਟ ਸਾਹਿਬ ਵਿਖੇ ਸੰਗਤਾਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਹਸਤ ਕਮਲਾਂ ਦੀ ਛੋਹ ਪ੍ਰਾਪਤ ਮੋਦੀਖਾਨੇ ਦੇ ਪਾਵਨ ਵੱਟਿਆਂ ਦੇ ਵੀ ਦਰਸ਼ਨ ਕੀਤੇ। ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਵਿਖੇ ਸਤਿਗੁਰੂ ਜੀ ਦੀ ਨਾਲ ਗੂੜ੍ਹੀ ਸਾਂਝ ਰੱਖਦੀ ਪਾਵਨ ਕੋਠੜੀ ਦੇ ਦਰਸ਼ਨ ਸ਼ਰਧਾ ਭਾਵ ਨਾਲ ਕੀਤੇ। ਗੁਰਦੁਆਰਾ ਸੰਤਘਾਟ ਸਾਹਿਬ ਵਿਖੇ ਮੂਲ ਮੰਤਰ ਅਸਥਾਨ ਅਤੇ ਗੁਰਦੁਆਰਾ ਬੇਬੇ ਨਾਨਕੀ ਜੀ ਪੁਰਾਤਨ ਘਰ ਵਿਖੇ ਧਰਮਸ਼ਾਲਾ 'ਚ ਸੁਸ਼ੋਭਿਤ ਬੇਬੇ ਨਾਨਕੀ ਜੀ ਦੀ ਪੁਰਾਤਨ ਖੂਹੀ ਦੇ ਦਰਸ਼ਨ ਕੀਤੇ। ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀਆਂ ਸੰਗਤਾਂ ਲਈ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ।

shivani attri

This news is Content Editor shivani attri