550ਵਾਂ ਪ੍ਰਕਾਸ਼ ਪੁਰਬ: ਉੱਚ ਅਧਿਕਾਰੀਆਂ ਸਮੇਤ ਚੀਮਾ ਨੇ ਕਾਰਜਾਂ ਦਾ ਲਿਆ ਜਾਇਜ਼ਾ

10/22/2019 12:25:36 PM

ਸੁਲਤਾਨਪੁਰ ਲੋਧੀ (ਧੀਰ, ਸੋਢੀ)— ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਸਿਵਲ ਤੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਬੀਤੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸੁਚਾਰੂ ਢੰਗ ਨਾਲ ਮਨਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।ਮੁੱਖ ਸਕੱਤਰ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਕਾਸ ਪ੍ਰਤਾਪ, ਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ ਹੁਸਨ ਲਾਲ, ਵਿਸ਼ੇਸ਼ ਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਗੁਰਕਿਰਤ ਕਿਰਪਾਲ ਸਿੰਘ, ਆਈ. ਜੀ. ਨੌਨਿਹਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਡੀ. ਪੀ. ਐੱਸ. ਖਰਬੰਦਾ ਜਿਨ੍ਹਾਂ ਦੇ ਨਾਲ ਵਿਧਾਇਕ ਨਵਤੇਜ ਸਿੰਘ ਚੀਮਾ ਵੀ ਮੌਜੂਦ ਸਨ, ਵੱਲੋਂ ਪਾਰਕਿੰਗ ਥਾਵਾਂ, ਬੱਸ ਸਟੈਂਡ, ਮੁੱਖ ਪੰਡਾਲ, ਟੈਂਟ ਸਿਟੀ ਅਤੇ ਪਿੰਡ ਬਸੋਵਾਲ ਅਤੇ ਮਾਛੀਜੂਆ ਵਿਖੇ ਬਣਾਏ ਜਾ ਰਹੇ ਹੈਲੀਪੈਡ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਪ੍ਰਕਾਸ਼ ਪੁਰਬ ਸਬੰਧੀ ਪਾਵਨ ਨਗਰੀ 'ਚ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੁੰ ਕੰਮ 'ਚ ਤੇਜ਼ੀ ਲਿਆਉਣ ਲਈ ਕਿਹਾ।ਇਸ ਮੌਕੇ ਉਨ੍ਹਾਂ ਵੱਲੋਂ ਪਵਿੱਤਰ ਵੇਈਂ 'ਤੇ ਬਣਾਏ ਜਾ ਰਹੇ ਦੋ ਫੁੱਟ ਬ੍ਰਿਜਾਂ, ਦੋ ਹਾਈ ਲੈਵਲ ਬ੍ਰਿਜਾਂ, ਬੱਸ ਸਟੈਂਡ, ਲੋਕ ਨਿਰਮਾਣ ਰੈਸਟ ਹਾਊਸ, ਦੋ ਪੈਨਟੂਨ ਪੁਲਾਂ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਬਣਾਏ ਜਾ ਰਹੇ ਹੋਰ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ।
ਇਸ ਤੋਂ ਪਹਿਲਾਂ ਮੀਟਿੰਗ ਦੌਰਾਨ ਉਨ੍ਹਾਂ ਪੰਜਾਬ ਸਟੇਟ ਪਾਵਰ ਸਪਲਾਈ ਅਤੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਾਰੇ ਲੰਗਰਾਂ ਵਿਚ ਮੰਗਲਵਾਰ ਤਕ ਪਾਣੀ ਅਤੇ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਕਿਉਂਕਿ ਵੱਡੀ ਗਿਣਤੀ 'ਚ ਸ਼ਰਧਾਲੂਆਂ ਵੱਲੋਂ ਪਵਿੱਤਰ ਸ਼ਹਿਰ 'ਚ ਆਉਣਾ ਸ਼ੁਰੂ ਕਰ ਦਿੱਤਾ ਗਿਆ ਹੈ।

ਉਨ੍ਹਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਨਿਰਮਾਣ ਕਾਰਜਾਂ 'ਤੇ ਸਮੱਗਰੀ ਸਪਲਾਈ ਲਈ ਬਦਲਵੇਂ ਰੂਟਾਂ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਿਛਲੇ ਪਾਸੇ ਤੋਂ ਰੂਟ ਬਣਾਇਆ ਗਿਆ ਹੈ ਜੋ ਅਗੋਂ ਮਖੂ ਅਤੇ ਜ਼ੀਰਾ ਹਾਈਵੇਅ ਨਾਲ ਜੁੜ ਜਾਂਦਾ ਹੈ। ਉਨ੍ਹਾਂ ਫਾਇਰ ਕੰਟਰੋਲ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਤਿੰਨ ਟੈਂਟ ਸਿਟੀ, 9 ਪਾਰਕਿੰਗ ਥਾਵਾਂ ਅਤੇ 37 ਲੰਗਰ ਘਰਾਂ ਅਤੇ ਮੁੱਖ ਪੰਡਾਲ ਲਈ ਕਿਸੇ ਵੀ ਅੱਗ ਦੀ ਘਟਨਾ ਨੂੰ ਰੋਕਣ ਲਈ ਨੈਸ਼ਨਲ ਫਾਇਰ ਕਾਲਜ ਨਾਗਪੁਰ ਦੀਆਂ ਸੇਵਾਵਾਂ ਲਈ ਤਾਲਮੇਲ ਕੀਤਾ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਮੁੱਖ ਸਕੱਤਰਾਂ ਨੂੰ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸੁਚਾਰੂ ਢੰਗ ਨਾਲ ਮਨਾਉਣ ਲਈ ਸਾਰੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਦੋ ਦਿਨਾਂ 'ਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ ਮੁੱਖ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਜੇ. ਐੱਸ. ਮਾਨ, ਉਪ ਮੰਡਲ ਮੈਜਿਸਟਰੇਟ ਡਾ. ਚਾਰੂਮਿਤਾ, ਪੀ. ਸੀ. ਐੱਸ. ਸਵਾਤੀ ਟਿਵਾਣਾ, ਸੰਯੁਕਤ ਕਮਿਸ਼ਨਰ ਨਗਰ ਨਿਗਮ ਜਲੰਧਰ ਕੁਲਵਿੰਦਰ ਜੌਹਲ, ਓ. ਐੱਸ. ਡੀ. ਨਵਨੀਤ ਕੌਰ ਬੱਲ, ਐਕਸੀਅਨ ਵਰਿੰਦਰ ਸ਼ਰਮਾ, ਐਕਸੀਅਨ ਅਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

shivani attri

This news is Content Editor shivani attri