ਪੁਲਸ ਵੱਲੋਂ ਇਕ ਸਨੈਚਰ ਕਾਬੂ, 3 ਮੋਬਾਈਲ, ਐਕਟਿਵਾ, 165 ਨਸ਼ੇ ਵਾਲੀਆਂ ਗੋਲ਼ੀਆਂ ਸਮੇਤ11 ਟੀਕੇ ਜ਼ਬਤ

07/31/2021 5:38:11 PM

ਕਪੂਰਥਲਾ (ਭੂਸ਼ਣ)- ਸੇਫ ਸਿਟੀ ਪ੍ਰਾਜੈਕਟ ਤਹਿਤ ਸਨੈਚਰਾਂ ’ਤੇ ਕਾਰਵਾਈ ਜਾਰੀ ਰੱਖਦਿਆਂ ਕਪੂਰਥਲਾ ਪੁਲਸ ਨੇ ਇਕ ਸਨੈਚਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ 3 ਮੋਬਾਇਲ, ਇਕ ਚੋਰੀ ਦਾ ਐਕਟਿਵਾ ਸਕੂਟਰ, 165 ਨਸ਼ੇ ਵਾਲੀਆਂ ਗੋਲ਼ੀਆਂ ਅਤੇ 11 ਟੀਕੇ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮੰਗਾ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਲੋਧੀ ਭੁਲਾਣਾ ਸੁਲਤਾਨਪੁਰ ਲੋਧੀ ਕਪੂਰਥਲਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਖ਼ੁਲਾਸਾ: ਜਲੰਧਰ ਦੇ ਸੁਖਮੀਤ ਡਿਪਟੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਬੰਬੀਹਾ ਗੁਰੱਪ ਦੀ ਆਈ. ਡੀ. ਨਿਕਲੀ ਫੇਕ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਪੁਲਸ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸੇਫ ਸਿਟੀ ਪ੍ਰਾਜੈਕਟ ਜੂਨ ’ਚ ਸ਼ਹਿਰ ’ਚ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਨਵੀਂ ਪੀ. ਸੀ. ਆਰ. ਗਸ਼ਤ ਮੋਟਰਸਾਈਕਲ ਟੀਮਾਂ ਨੂੰ ਹਰ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਲਈ ਤਾਇਨਾਤ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ’ਤੇ ਨਜ਼ਦੀਕੀ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਸਨੈਚਿੰਗ ਪ੍ਰਭਾਵਿਤ ਖੇਤਰਾਂ ਦੀ ਚੈਕਿੰਗ ਦੌਰਾਨ ਸੀ. ਆਈ. ਏ. ਸਟਾਫ ਕਪੂਰਥਲਾ ਦੀ ਟੀਮ ਨੇ ਮਨਪ੍ਰੀਤ ਸਿੰਘ ਮੰਗਾ ਨੂੰ ਕੁਸ਼ਟ ਆਸ਼ਰਮ ਕੋਲ ਰੋਕਿਆ ਅਤੇ ਉਸ ਕੋਲੋਂ ਤਿੰਨ ਖੋਹ ਕੀਤੇ ਮੋਬਾਇਲ ਫੋਨ, ਚੋਰੀ ਕੀਤਾ ਹੋਇਆ ਐਕਟਿਵਾ ਸਕੂਟਰ, 165 ਨਸ਼ੇ ਵਾਲੀ ਗੋਲੀਆਂ ਤੇ 11 ਟੀਕੇ ਬਰਾਮਦ ਕੀਤੇ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣੇ ਜੁਰਮ ਦਾ ਇਕਬਾਲ ਕੀਤਾ ਅਤੇ ਖ਼ੁਲਾਸਾ ਕੀਤਾ ਕਿ ਉਹ ਪਿਛਲੇ ਮਹੀਨੇ ਹੀ ਜ਼ਮਾਨਤ ’ਤੇ ਰਿਹਾਅ ਹੋ ਕੇ ਆਇਆ ਸੀ। ਬਾਹਰ ਆ ਕੇ ਉਸ ਨੇ ਦੋਬਾਰਾ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਫਤਿਹਗੜ੍ਹ ਚੂੜੀਆਂ 'ਚ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਵਿਅਕਤੀ ਦਾ ਕੀਤਾ ਕਤਲ

ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਨੇ ਬਸਤੀ ਬਾਵਾ ਖੇਲ ਖੇਤਰ ਤੋਂ ਐਕਟਿਵਾ ਸਕੂਟਰ (ਪੀ.ਬੀ-08-ਸੀ.ਵਾਈ-8166) ਚੋਰੀ ਕੀਤਾ ਸੀ ਤੇ ਲੰਬਾ ਪਿੰਡ ਤੋਂ ਇਕ ਮੋਬਾਇਲ ਫੋਨ, ਕਰਤਾਰਪੁਰ ਧਰਮ ਕੰਡਾ ਨੇੜੇ ਤੋਂ ਦੂਸਰਾ ਫੋਨ ਅਤੇ ਤੀਜਾ ਫੋਨ ਕਪੂਰਥਲਾ ’ਚ ਇਕ ਦੁਕਾਨ ਦੇ ਬਾਹਰ ਗੇਮ ਖੇਡ ਰਹੇ ਲੜਕੇ ਤੋਂ ਖੋਹ ਲਿਆ ਸੀ। ਉਨ੍ਹਾਂ ਦੱਸਿਆ ਕਿ ਉਸ ਖ਼ਿਲਾਫ਼ ਧਾਰਾ 22-61-85 ਐੱਨ. ਡੀ. ਪੀ. ਐੱਸ. ਅਤੇ 411 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਉਸ ਨੂੰ ਸਥਾਨਕ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਤੇ ਹੋਰ ਪੁੱਛਗਿੱਛ ਤੇ ਬਰਾਮਦਗੀ ਲਈ ਰਿਮਾਂਡ ’ਤੇ ਲਿਜਾਇਆ ਜਾਵੇਗਾ। ਐੱਸ. ਐੱਸ. ਪੀ. ਨੇ ਅੱਗੇ ਕਿਹਾ ਕਿ ਸੇਫ ਸਿਟੀ ਪ੍ਰਾਜੈਕਟ ਚੰਗੇ ਨਤੀਜੇ ਲੈ ਕੇ ਆ ਰਿਹਾ ਹੈ ਅਤੇ ਆਮ ਲੋਕਾਂ ਲਈ ਪ੍ਰਭਾਵਸ਼ਾਲੀ ਪੁਲਸਿੰਗ ਨੂੰ ਯਕੀਨੀ ਬਣਾਉਣ ਲਈ ਹੋਰ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ: ਟਿਕਟਾਕ ਸਟਾਰ ਲਾਲੀ ਦਾ ਵਿਆਹ ਬਣਿਆ ਵਿਵਾਦ ਦਾ ਵਿਸ਼ਾ, 'ਜਾਗੋ' ’ਚ ਦੋਸਤਾਂ ਨੇ ਕੀਤੇ ਹਵਾਈ ਫਾਇਰ

shivani attri

This news is Content Editor shivani attri