ਸੱਪ ਦਾ ਸ਼ਿਕਾਰ ਹੋਏ ਲੋਕਾਂ ਨੂੰ ਬਚਾਉਣ ''ਚ ਸਿਵਲ ਹਸਪਤਾਲ ਸਭ ਤੋਂ ਅੱਗੇ

07/15/2019 3:58:30 PM

ਜਲੰਧਰ (ਸ਼ੋਰੀ)— ਜਿੱਥੇ ਇਕ ਪਾਸੇ ਬਰਸਾਤੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਪਰ ਦੂਜੇ ਪਾਸੇ ਇਸ ਮੀਂਹ ਦੇ ਸੀਜ਼ਨ 'ਚ ਡਰ ਵੀ ਸਤਾਉਣ ਲੱਗ ਗਿਆ ਹੈ ਕਿ ਕਿਤੇ ਜ਼ਹਿਰੀਲੇ ਸੱਪ ਨਾ ਡੱਸ ਲੈਣ। ਅਸਲ 'ਚ ਸੱਪ ਦਾ ਸ਼ਿਕਾਰ ਲੋਕ ਇਸ ਗੱਲ ਨੂੰ ਲੈ ਕੇ ਹੀ ਡਰ ਜਾਂਦੇ ਹਨ ਕਿ ਉਨ੍ਹਾਂ ਦੀ ਜਾਨ ਬਚ ਸਕੇਗੀ ਜਾਂ ਨਹੀਂ ਕਿਉਂਕਿ ਆਮ ਤੌਰ 'ਤੇ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਸੱਪ ਕਿੰਨਾ ਜ਼ਹਿਰੀਲਾ ਹੈ। ਉਥੇ ਸ਼ਹਿਰ ਦੇ ਕੁਝ ਪ੍ਰਾਈਵੇਟ ਹਸਪਤਾਲਾਂ 'ਚ ਸੱਪ ਦੇ ਡੱਸਣ ਦਾ ਸ਼ਿਕਾਰ ਹੋਏ ਲੋਕ ਇਲਾਜ ਲਈ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਜੇਬਾਂ ਹੀ ਖਾਲੀ ਹੋ ਜਾਂਦੀਆਂ ਹਨ ਕਿਉਂਕਿ ਪ੍ਰਾਈਵੇਟ ਹਸਪਤਾਲਾਂ 'ਚ ਇਸ ਦਾ ਇਲਾਜ ਕਾਫ਼ੀ ਮਹਿੰਗਾ ਹੋਣ ਨਾਲ ਮਰੀਜ਼ ਨੂੰ ਲੱਗਣ ਵਾਲੇ ਟੀਕੇ ਵੀ ਮਹਿੰਗੇ ਹੁੰਦੇ ਹਨ। ਸਿਵਲ ਹਸਪਤਾਲ ਦੇ ਟਰੌਮਾ ਵਾਰਡ 'ਚ ਸੱਪ ਦੇ ਸ਼ਿਕਾਰ ਹੋਏ ਲੋਕਾਂ ਦੇ ਇਲਾਜ ਲਈ ਵਧੀਆ ਸਹੂਲਤ ਉਪਲਬਧ ਹੈ, ਜਿੱਥੇ ਡਾਕਟਰ ਅਤੇ ਸਟਾਫ ਨੇ ਕਾਫੀ ਅਜਿਹੇ ਮਰੀਜ਼ਾਂ ਨੂੰ ਠੀਕ ਕੀਤਾ ਹੈ, ਜੋ ਕਿ ਸੱਪ ਦੇ ਡੱਸਣ ਤੋਂ ਬਾਅਦ ਅਰਧਬੇਹੋਸ਼ੀ ਦੀ ਹਾਲਤ 'ਚ ਚਲੇ ਜਾਂਦੇ ਹਨ।
ਸਿਵਲ ਹਸਪਤਾਲ 'ਚ ਫ੍ਰੀ ਹੈ ਇਲਾਜ
ਉਂਝ ਤਾਂ ਸੱਪ ਦੇ ਸ਼ਿਕਾਰ ਮਰੀਜ਼ ਨੂੰ ਐਂਟੀ ਸਨੇਕ ਵੇਨਮ ਨਾਮਕ ਟੀਕਾ ਲੱਗਦਾ ਹੈ , ਜੋ ਮਰੀਜ਼ ਦੇ ਜੀਵਨ ਦੀ ਰੱਖਿਆ ਕਰਨ ਵਿਚ ਕਾਫੀ ਅਹਿਮ ਸਾਬਤ ਹੁੰਦਾ ਹੈ । ਇਕ ਮਰੀਜ਼ ਨੂੰ ਇਲਾਜ ਦੌਰਾਨ ਕਰੀਬ 20 ਤੋਂ ਲੈ ਕੇ 30 ਤੱਕ ਟੀਕੇ ਵੀ ਲੱਗ ਜਾਂਦੇ ਹਨ, ਕਿਉਂਕਿ ਸੱਪ ਵੱਲੋਂ ਡੱਸਣ ਦੇ ਬਾਅਦ ਮਰੀਜ਼ ਦੇ ਸਰੀਰ 'ਚ ਜ਼ਹਿਰ ਕਿੰਨੀ ਜ਼ਿਆਦਾ ਮਾਤਰਾ 'ਚ ਫੈਲ ਜਾਂਦੇ ਹੈ, ਉਸ ਦਾ ਪ੍ਰਭਾਵ ਘੱਟ ਕਰਨ ਲਈ ਉਕਤ ਟੀਕੇ ਹੀ ਮਰੀਜ਼ ਲਈ ਵਰਦਾਨ ਸਾਬਤ ਹੁੰਦੇ ਹਨ । ਬਾਜ਼ਾਰ 'ਚ ਉਕਤ ਟੀਕਾ ਕਰੀਬ 700 ਤੋਂ ਲੈ ਕੇ 800 ਰੁਪਏ ਤੱਕ ਮਿਲਦਾ ਹੈ ਜਦੋਂਕਿ ਸਿਵਲ ਹਸਪਤਾਲ 'ਚ ਸਰਕਾਰ ਦੇ ਹੁਕਮਾਂ ਦੇ ਮੁਤਾਬਕ ਉਕਤ ਟੀਕੇ ਫ੍ਰੀ 'ਚ ਮਰੀਜ਼ ਨੂੰ ਲਗਾਏ ਜਾਂਦੇ ਹਨ ਅਤੇ ਨਾਲ ਹੀ ਮਰੀਜ਼ ਦਾ ਇਲਾਜ ਪੂਰੀ ਤਰ੍ਹਾਂ ਫ੍ਰੀ ਹੁੰਦਾ ਹੈ
7 ਸਾਲਾਂ 'ਚ ਹਸਪਤਾਲ ਨੇ ਬਚਾਈ 855 ਲੋਕਾਂ ਦੀ ਜਾਨ
ਸਿਵਲ ਹਸਪਤਾਲ ਦੇ ਰਿਕਾਰਡ ਮੁਤਾਬਕ 7 ਸਾਲਾਂ 'ਚ ਹੁਣ ਤੱਕ ਹਸਪਤਾਲ ਦੇ ਟਰੌਮਾ ਵਾਰਡ ਦੇ ਡਾਕਟਰ ਅਤੇ ਸਟਾਫ ਨੇ ਮਿਲਕੇ ਕਰੀਬ 855 ਲੋਕਾਂ ਦੀ ਜਾਨ ਬਚਾ ਕੇ ਉਨ੍ਹਾਂ ਨੂੰ ਜੀਵਨ ਦਾਨ ਦਿੱਤਾ ਹੈ ।

ਸਾਲ   ਮਰੀਜ਼ ਮੌਤਾਂ
2013 131 2
2014 101 8
2015 106 6
2016 188 12
2017 170 16
2018 193 5
2019 15 0

 

ਝਾੜ ਫੂਕ ਦੇ ਚੱਕਰ 'ਚ ਮਰੀਜ਼ ਨੂੰ ਨਾ ਫਸਾਓ
ਸੱਪ ਦਾ ਸ਼ਿਕਾਰ ਹੋਏ ਲੋਕ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਫਿਰ ਮਾਹਰ ਡਾਕਟਰ ਕੋਲ ਜਾਣ ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਸੱਪ ਦੇ ਡੰਗਣ ਤੋਂ ਬਾਅਦ ਬਾਬਿਆਂ ਦੇ ਚੱਕਰ 'ਚ ਪੈ ਕੇ ਝਾੜ ਫੂਕ ਜਾਂ ਫਿਰ ਫਾਂਡਾ ਕਰਵਾਉਣ ਚਲੇ ਜਾਂਦੇ ਹਨ। ਬਾਬਾ ਮਣੀ ਕੱਢ ਕੇ ਸੱਪ ਵੱਲੋਂ ਡੱਸੀ ਥਾਂ 'ਤੇ ਲਗਾ ਕੇ ਜ਼ਹਿਰ ਸਰੀਰ 'ਚੋਂ ਨਿਕਲ ਜਾਣ ਦੀ ਗੱਲ ਕਰਦਾ ਹੈ ਪਰ ਅਜਿਹਾ ਕੁਝ ਨਹੀਂ ਹੁੰਦਾ, ਸਿਵਲ ਹਸਪਤਾਲ ਵਿਚ ਕਈ ਮਰੀਜ਼ ਸੀਰੀਅਸ ਹਾਲਤ 'ਚ ਆਉਂਦੇ ਹਨ ਜੋ ਕਿ ਅਜਿਹੇ ਬਾਬਿਆਂ ਕੋਲ ਜਾ ਕੇ ਹੋਰ ਗੰਭੀਰ ਹਾਲਤ 'ਚ ਪਹੁੰਚ ਜਾਂਦੇ ਹਨ । ਬਾਬੇ ਬਾਅਦ 'ਚ ਉਨ੍ਹਾਂ ਨੂੰ ਹਸਪਤਾਲ ਭੇਜ ਦਿੰਦੇ ਹਨ ਅਤੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ।
ਸੱਪ ਦੇ ਡੱਸਣ ਤੋਂ ਬਾਅਦ ਕੀ ਕਰੋ
ਸਿਵਲ ਹਸਪਤਾਲ 'ਚ ਤਾਇਨਾਤ ਸੀਨੀਅਰ ਮੈਡੀਕਲ ਦਫਤਰ ਡਾ . ਕਸ਼ਮੀਰੀ ਲਾਲ ਦਾ ਕਹਿਣਾ ਹੈ ਕਿ ਸੱਪ ਦੇ ਡੱਸਣ ਤੋਂ ਬਾਅਦ ਤੁਰੰਤ ਉਸ ਥਾਂ ਨੂੰ ਸਾਬਣ ਨਾਲ ਸਾਫ ਕਰੋ ਅਤੇ ਜਿਸ ਥਾਂ 'ਤੇ ਸੱਪ ਨੇ ਡੱਸਿਆ ਹੈ। ਉੱਥੇ ਕਿਸੇ ਤੇਜ਼ਧਾਰ ਚੀਜ਼ ਨਾਲ ਕੱਟ ਬਿਲਕੁਲ ਨਾ ਲਗਾਓ ਅਤੇ ਰੱਸੀ ਜਾਂ ਕੱਪੜੇ ਨਾਲ ਉਸ ਥਾਂ ਨੂੰ ਕੱਸ ਕੇ ਬਿਲਕੁਲ ਨਾ ਬੰਨ੍ਹੋ ਕਿਉਂਕਿ ਇਸ ਨਾਲ ਖੂਨ ਸਰੀਰ 'ਚ ਜਾਣਾ ਬੰਦ ਹੋ ਜਾਂਦਾ ਹੈ। ਡਾ . ਕਸ਼ਮੀਰੀ ਲਾਲ ਦੱਸਦੇ ਹਨ ਕਿ ਮੀਂਹ ਦੇ ਮੌਸਮ 'ਚ ਜ਼ਮੀਨ ਉੱਤੇ ਸੌਣ ਤੋਂ ਪਰਹੇਜ਼ ਕਰੋ। ਖਾਸ ਤੌਰ 'ਤੇ ਖੇਤਾਂ 'ਚ ਕੰਮ ਕਰਨ ਦੌਰਾਨ ਲੇਬਰ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਖੇਤਾਂ 'ਚ ਸੱਪ ਡੱਸ ਲੈਂਦੇ ਹਨ। ਉਹ ਪੈਰਾਂ 'ਚ ਬੂਟ ਅਤੇ ਪੈਰਾਂ ਨੂੰ ਪੂਰੀ ਤਰ੍ਹਾਂ ਕਵਰ ਕਰਕੇ ਰੱਖਣ । ਢਿੱਡ ਦਰਦ, ਬੇਚੈਨੀ, ਦੌਰੇ ਪੈਣੇ, ਸਰੀਰ ਉੱਤੇ ਕੱਟਣ ਦਾ ਨਿਸ਼ਾਨ ਹੋਣਾ ਅਤੇ ਉਸ ਵਿਚੋਂ ਖੂਨ ਨਿਕਲਣਾ ਇਹ ਨਿਸ਼ਾਨੀਆਂ ਵੀ ਸੱਪ ਦੇ ਡੰਗਣ ਦੀਆਂ ਹਨ । ਸਿਵਲ ਹਸਪਤਾਲ ਵਿਚ 4 ਵੈਂਟੀਲੇਟਰ ਮੌਜੂਦ ਹਨ , ਜਿੱਥੇ ਗੰਭੀਰ ਹਾਲਤ 'ਚ ਮਰੀਜ਼ਾਂ ਨੂੰ ਰੱਖ ਕੇ ਉਨ੍ਹਾਂ ਦੀ ਜਾਨ ਬਚਾਈ ਜਾਂਦੀ ਹੈ ।
ਟਰੌਮਾ ਵਾਰਡ ਵਿਚ ਚਾਹੀਦਾ ਹੈ ਸੁਰੱਖਿਆ ਕਰਮਚਾਰੀ
ਸਿਵਲ ਹਸਪਤਾਲ ਦੇ ਟਰੌਮਾ ਵਾਰਡ ਵਿਚ ਕਰੀਬ 11 ਸਟਾਫ ਮੈਂਬਰ ਹਨ ਜੋ ਕਿ ਘੱਟ ਹਨ ਸਟਾਫ ਫਿਰ ਵੀ ਮਰੀਜ਼ਾਂ ਦੀ ਸੇਵਾ ਵਿਚ ਦਿਨ-ਰਾਤ ਮੌਜੂਦ ਰਹਿੰਦੇ ਹਨ ਪਰ ਕੁਝ ਮਰੀਜ਼ਾਂ ਦੇ ਪਰਿਵਾਰ ਵਾਲੇ ਬਿਨਾਂ ਕਾਰਨ ਸਟਾਫ ਨਾਲ ਬਦਤਮੀਜ਼ੀ ਅਤੇ ਹੰਗਾਮਾ ਤੱਕ ਕਰਦੇ ਹਨ। ਲੋਕਾਂ ਨੂੰ ਆਪਣਾ ਫਰਜ਼ ਵੀ ਸਮਝਣਾ ਚਾਹੀਦਾ ਹੈ ਅਤੇ ਸਟਾਫ ਦੇ ਨਾਲ ਠੀਕ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ। ਟਰੌਮਾ ਵਾਰਡ 'ਚ ਤਾਇਨਾਤ ਸਟਾਫ ਦਾ ਕਹਿਣਾ ਹੈ ਕਿ ਮਰੀਜ਼ਾਂ ਦੇ ਨਾਲ ਇਕ ਅਟੈਂਡੈਂਟ ਵੀ ਵਾਰਡ 'ਚ ਹੋਣਾ ਚਾਹੀਦਾ ਹੈ ਪਰ ਵਾਰਡ 'ਚ ਇਕ ਮਰੀਜ਼ ਦੇ ਨਾਲ 4 ਤੋਂ ਲੈ ਕੇ 5 ਲੋਕ ਬੈੱਡ ਦੇ ਕੋਲ ਖੜ੍ਹੇ ਹੋ ਜਾਂਦੇ ਹਨ। ਉਨ੍ਹਾਂ ਨੂੰ ਬਾਹਰ ਜਾਣ ਲਈ ਕਹੋ ਤਾਂ ਉਹ ਝਗੜਾ ਕਰਦੇ ਹਨ। ਲੋੜ ਹੈ ਕਿ ਟਰੌਮਾ ਵਾਰਡ 'ਚ ਪੱਕੇ ਤੌਰ 'ਤੇ ਪ੍ਰਾਈਵੇਟ ਸੁਰੱਖਿਆ ਕਰਮਚਾਰੀ ਦੀ ਡਿਊਟੀ ਲੱਗੀ ਹੋਵੇ ਅਤੇ ਉਹ ਭੀੜ ਨੂੰ ਕੰਟਰੋਲ ਕਰੇ।

shivani attri

This news is Content Editor shivani attri