ਜੁੱਤੀਆਂ ਦੀ ਹੀਲ ''ਚ ਹੈਰੋਇਨ ਲੁਕੋ ਕੇ ਲਿਆ ਰਿਹਾ ਤਸਕਰ ਗ੍ਰਿਫਤਾਰ

11/14/2019 11:07:06 PM

ਜਲੰਧਰ, (ਜ.ਬ.)— ਜੁੱਤੀਆਂ ਦੀ ਹੀਲ 'ਚ ਨਸ਼ੇ ਵਾਲਾ ਪਦਾਰਥ ਲੁਕੋ ਕੇ ਸਪਲਾਈ ਦੇਣ ਜਾ ਰਹੇ ਸਮੱਗਲਰ ਨੂੰ ਥਾਣਾ ਮਕਸੂਦਾਂ ਦੀ ਪੁਲਸ ਨੇ ਵਿਧੀਪੁਰ ਅੱਡੇ ਨੇੜੇ ਬੱਸ ਤੋਂ ਉਤਰਦੇ ਸਮੇਂ ਕਾਬੂ ਕੀਤਾ, ਜਿਸ ਕੋਲੋਂ ਪੁਲਸ ਪਾਰਟੀ ਨੇ ਮੌਕੇ 'ਤੇ 200 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਕਾਬੂ ਕੀਤੇ ਵਿਅਕਤੀ ਦੀ ਪਛਾਣ ਸਾਜਨ ਸਿੰਘ ਉਰਫ ਸਾਜਨ ਪੁੱਤਰ ਜੋਗਿੰਦਰ ਸਿੰਘ ਵਾਸੀ ਹਮੀਦਪੁਰ ਜ਼ਿਲ੍ਹਾ ਅੰਮ੍ਰਿਤਸਰ ਦੇ ਤੌਰ 'ਤੇ ਹੋਈ ਹੈ। ਪੁਲਸ ਨੇ ਮੁਲਜ਼ਮ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਥਾਣਾ ਮਕਸੂਦਾਂ ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐੱਸ. ਆਈ. ਰਘਵੀਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਉਕਤ ਸਮੱਗਲਰ ਜੋ ਨਸ਼ੇ ਵਾਲੇ ਪਦਾਰਥ ਵੇਚਣ ਦਾ ਕਾਰੋਬਾਰ ਕਰਦਾ ਹੈ, ਅੰਮ੍ਰਿਤਸਰ ਤੋਂ ਹੈਰੋਇਨ ਦੀ ਸਪਲਾਈ ਦੇਣ ਕਰਤਾਰਪੁਰ ਤੋਂ ਬੱਸ ਵਿਚ ਸਵਾਰ ਹੋ ਕੇ ਜਲੰਧਰ ਆ ਰਿਹਾ ਹੈ। ਪੁਲਸ ਪਾਰਟੀ ਨੇ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਟ੍ਰੈਪ ਲਾ ਕੇ ਵਿਧੀਪੁਰ ਵਿਖੇ ਬੱਸ 'ਚੋਂ ਉਤਰਦੇ ਵਿਅਕਤੀ ਨੂੰ ਸ਼ੱਕ 'ਤੇ ਆਧਾਰ 'ਤੇ ਰੋਕ ਕੇ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਬੈਗ ਵਿਚ ਪਏ ਬੂਟਾਂ ਦੀ ਹੀਲ 'ਚ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਅੰਮ੍ਰਿਤਸਰ 'ਚ ਵੀ ਕੇਸ ਦਰਜ ਹੈ।

ਸਾਜਨ ਜੁੱਤੀਆਂ ਦੀ ਹੀਲ ਵਿਚ ਲੁਕੋ ਕੇ ਸਪਲਾਈ ਦੇਣ ਜਾਂਦਾ ਸੀ
ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਮੁਲਜ਼ਮ ਸਾਜਨ ਹਰ ਵਾਰ ਨਵੇਂ-ਨਵੇਂ ਤਰੀਕੇ ਅਪਣਾ ਕੇ ਹੈਰੋਇਨ ਦੀ ਸਪਲਾਈ ਦੇਣ ਜਾਂਦਾ ਸੀ। ਸ਼ੱਕ ਦੇ ਆਧਾਰ 'ਤੇ ਜਦੋਂ ਉਸ ਦੇ ਕੱਪੜਿਆਂ ਤੇ ਜੇਬਾਂ ਵਿਚੋਂ ਤਲਾਸ਼ੀ ਲੈਣ 'ਤੇ ਕੁਝ ਨਹੀਂ ਮਿਲਿਆ ਤਾਂ ਸੂਚਨਾ ਪੱਕੀ ਹੋਣ ਕਾਰਣ ਦੁਬਾਰਾ ਉਸ ਦੇ ਹੱਥ ਵਿਚ ਫੜੇ ਬੈਗ ਦੀ ਤਲਾਸ਼ੀ ਲਈ ਤਾਂ ਬੈਗ ਵਿਚ ਰੱਖੇ ਬੂਟਾਂ ਦੀ ਜਾਂਚ ਕੀਤੀ ਗਈ ਤਾਂ ਉਸ ਦੀ ਹੀਲ ਵਿਚੋਂ ਹੈਰੋਇਨ ਬਰਾਮਦ ਹੋਈ।

KamalJeet Singh

This news is Content Editor KamalJeet Singh