ਨੂਰਪੁਰਬੇਦੀ ਵਿਖੇ ਗ਼ਰੀਬਾਂ ਦੇ ਸੜੇ ਆਸ਼ਿਆਨੇ, ਝੁੱਗੀਆਂ ਨੂੰ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ

02/10/2023 1:38:31 PM

ਨੂਰਪੁਰਬੇਦੀ (ਭੰਡਾਰੀ)- ਨੂਰਪੁਰਬੇਦੀ ਖੇਤਰ ਦੇ ਪਿੰਡ ਭੈਣੀ ਵਿਖੇ ਦਰਿਆ ਕਿਨਾਰੇ ਰਹਿੰਦੇ 3 ਪ੍ਰਵਾਸੀ ਮਜ਼ਦੂਰਾਂ ਦੀਆਂ ਬੀਤੇ ਦਿਨ ਦੁਪਹਿਰ ਸਮੇਂ ਅੱਗ ਲੱਗਣ ਨਾਲ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਅਚਾਨਕ ਵਾਪਰੀ ਇਸ ਅਗਜਨੀ ਦੀ ਘਟਨਾ ਸਮੇਂ ਉਕਤ ਉੱਤਰ ਪ੍ਰਦੇਸ਼ ਨਾਲ ਸਬੰਧਿਤ ਤਿੰਨੋਂ ਪਰਿਵਾਰਾਂ ਦੇ ਜੀਅ ਕੰਮ ’ਤੇ ਗਏ ਹੋਣ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਜਦਕਿ ਝੁੱਗੀਆਂ ’ਚ ਪਿਆ ਅਨਾਜ, ਨਕਦੀ, ਕਪੜੇ, ਬੱਚਿਆਂ ਦੀਆਂ ਕਿਤਾਬਾਂ ਅਤੇ ਬੈੱਡਾਂ ਸਮੇਤ ਹੋਰ ਸਮੁੱਚਾ ਸਮਾਨ ਅੱਗ ਦੀ ਭੇਟ ਚੜ੍ਹਨ ਨਾਲ ਉਕਤ ਪਰਿਵਾਰਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ।

ਘਟਨਾ ਦੀ ਜਾਣਕਾਰੀ ਦਿੰਦੇ ਪੀੜਤ ਪਰਿਵਾਰ ਦੇ ਇਕ ਲੜਕੇ ਰਾਜੀਵ ਕੁਮਾਰ ਨੇ ਦੱਸਿਆ ਕਿ ਉਹ ਨੂਰਪੁਰਬੇਦੀ ਵਿਖੇ ਸੀਨੀਅਰ ਸੈਕੰਡਰੀ ਸਕੂਲ ’ਚ ਪੜ੍ਹਦਾ ਹੈ ਅਤੇ ਉਕਤ ਪੀੜਤ ਤਿੰਨ ਵਿਅਕਤੀਆਂ ਰਾਜ ਕੁਮਾਰ, ਲਾਲੂ ਅਤੇ ਰਤਨ ਸਿੰਘ ਦੇ ਪਰਿਵਾਰ ਇਸ ਪਿੰਡ ’ਚ ਕਰੀਬ ਬੀਤੇ 15 ਸਾਲਾਂ ਤੋਂ ਰਹਿ ਰਹੇ ਹਨ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਹਨ। ਉਸ ਨੇ ਦੱਸਿਆ ਕਿ ਦੁਪਹਿਰ ਉਸ ਸਮੇਂ ਅਗਜ਼ਨੀ ਦੀ ਘਟਨਾ ਵਾਪਰੀ ਜਦੋਂ ਉਕਤ ਪਰਿਵਾਰਾਂ ਦੇ ਜੀਅ ਕੰਮ ’ਤੇ ਜਦਕਿ ਬੱਚੇ ਆਪਣੇ ਸਕੂਲਾਂ ’ਚ ਗਏ ਹੋਏ ਸਨ। ਘਰ ’ਚ ਮੌਜੂਦ ਪੀੜਤ ਲਾਲੂ ਦੀ ਪਤਨੀ ਦੇਵਕੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਰਾਜ ਕੁਮਾਰ ਦੀ ਝੁੱਗੀ ਨੂੰ ਅੱਗ ਲੱਗੀ ਅਤੇ ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੀ ਵੇਖਦੇ ਹੀ ਵੇਖਦੇ ਦੂਜੀਆਂ 2 ਝੁੱਗੀਆਂ ਨੂੰ ਵੀ ਅੱਗ ਨੇ ਲਪੇਟ ’ਚ ਲੈ ਲਿਆ। ਇਸ ਅਗਜ਼ਨੀ ਦੀ ਘਟਨਾ ’ਚ ਰਤਨ ਸਿੰਘ, ਰਾਜ ਕੁਮਾਰ ਅਤੇ ਲਾਲੂ ਦੇ ਪਰਿਵਾਰ ਦਾ ਝੁੱਗੀਆਂ ’ਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਇਹ ਵੀ ਪੜ੍ਹੋ : ਜਲੰਧਰ: ਨਿੱਕੀ ਜਿਹੀ ਗੱਲ ਪਿੱਛੇ ਹੋਇਆ ਵਿਵਾਦ ਤਾਂ ਜੀਪ ਵਾਲੇ ਨੇ ਕਰ 'ਤਾ ਕਾਂਡ, ਵੇਖਦੇ ਰਹਿ ਗਏ ਲੋਕ (ਵੀਡੀਓ)

ਇਸ ਦੌਰਾਨ ਰਾਜ ਕੁਮਾਰ ਵੱਲੋਂ ਘਰ ’ਚ ਰੱਖੀ 15 ਹਜ਼ਾਰ ਦੀ ਨਕਦੀ ਅਤੇ ਮੋਬਾਇਲ ਜਦਕਿ ਲਾਲੂ ਵੱਲੋਂ ਘਰ ’ਚ ਰੱਖੀ 8 ਹਜ਼ਾਰ ਦੀ ਨਕਦੀ ਸਮੇਤ ਅਨਾਜ, ਕੱਪੜੇ, ਬੈਂਚ, ਬੱਚਿਆਂ ਦੀਆਂ ਕਿਤਾਬਾਂ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਪਰਿਵਾਰ ਖਾਣਾ ਬਣਾ ਕੇ ਕੰਮ ’ਤੇ ਗਏ ਸਨ. ਜਿਸ ਕਰਕੇ ਸ਼ਾਇਦ ਚੁੱਲ੍ਹੇ ਦੀ ਅੱਗ ਕਾਰਨ ਉਕਤ ਅਗਜ਼ਨੀ ਦੀ ਘਟਨਾ ਵਾਪਰੀ ਹੈ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਦਾ ਵੱਡਾ ਬਿਆਨ, 'ਬਾਹਰੀ ਵਿਅਕਤੀ ਪੰਜਾਬ 'ਚ ਜ਼ਮੀਨ ਦਾ ਮਾਲਕ ਨਾ ਬਣੇ, ਪੇਸ਼ ਕਰਾਂਗਾ ਬਿੱਲ'

ਬੇਘਰ ਹੋਏ ਪਰਿਵਾਰਾਂ ਨੇ ਪਿੰਡ ਦੇ ਕਮਿਊਨਿਟੀ ਸੈਂਟਰ ’ਚ ਸ਼ਰਣ ਲਈ
ਝੁੱਗੀਆਂ ਦੇ ਰਾਖ ਹੋਣ ਕਾਰਨ ਬੇਘਰ ਹੋਏ ਉਕਤ ਪਰਿਵਾਰਾਂ ਦੀ ਮਦਦ ਲਈ ਪਿੰਡ ਵਾਸੀ ਅੱਗੇ ਆਏ ਅਤੇ ਜਿਨ੍ਹਾਂ ਉਨ੍ਹਾਂ ਨੂੰ ਪਿੰਡ ਦੇ ਕਮਿਊਨਿਟੀ ਸੈਂਟਰ ਵਿਖੇ ਰਹਿਣ ਲਈ ਲਿਆਂਦਾ। ਇਸ ਦੌਰਾਨ ਪਿੰਡ ਵਾਸੀਆਂ ਨੇ ਉਕਤ ਪਰਿਵਾਰਾਂ ਨੂੰ ਠੰਡ ਤੋਂ ਵਚਣ ਲਈ ਕਪੜੇ ਅਤੇ ਖਾਣੇ ਲਈ ਅਨਾਜ ਮੁਹੱਈਆ ਕਰਵਾਇਆ। ਪਿੰਡ ਦੀ ਸਰਪੰਚ ਅਮਰਜੀਤ ਕੌਰ, ਮਾ. ਮੋਹਣ ਸਿੰਘ ਭੈਣੀ, ਪੰਚ ਦਰੋਪਦੀ, ਸੰਤੋਖ ਸਿੰਘ, ਪੰਚ ਸੁਰਜੀਤ, ਪੰਚ ਸੱਤਿਆ ਦੇਵੀ ਅਤੇ ਲਾਲਾ ਪੰਚ ਸਮੇਤ ਸਮੂਹ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਪਰਿਵਾਰਾਂ ਦੀ ਸਾਰ ਲਈ ਜਾਵੇ ਅਤੇ ਉਨ੍ਹਾਂ ਨੂੰ ਉਚਿਤ ਆਰਥਿਕ ਸਹਿਯੋਗ ਪ੍ਰਦਾਨ ਕੀਤਾ ਜਾਵੇ।

ਇਹ ਵੀ ਪੜ੍ਹੋ :  ਜਲੰਧਰ 'ਚ ਵੱਡੀ ਵਾਰਦਾਤ, ਦੋਮੋਰੀਆ ਪੁਲ ਨੇੜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri