ਸ਼੍ਰੋਮਣੀ ਅਕਾਲੀ ਦਲ ਵੱਲੋਂ ਪੁਲਸ ਥਾਣਾ ਸੁਲਤਾਨਪੁਰ ਲੋਧੀ ਦੇ ਅੱਗੇ ਜ਼ਬਰਦਸਤ ਰੋਸ ਧਰਨਾ

06/17/2019 3:15:18 PM

ਸੁਲਤਾਨਪੁਰ ਲੋਧੀ (ਸੋਢੀ)— ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਰਕਰਾਂ ਵੱਲੋਂ ਥਾਣਾ ਸੁਲਤਾਨਪੁਰ ਲੋਧੀ ਮੁਹਰੇ ਵਿਸ਼ਾਲ ਧਰਨਾ ਦਿੱਤਾ ਗਿਆ। ਇਹ ਧਰਨਾ ਅਕਾਲੀ-ਭਾਜਪਾ ਵਰਕਰਾਂ ਵੱਲੋਂ ਪੁਲਸ ਵੱਲੋਂ ਸੱਤਾਧਾਰੀ ਪਾਰਟੀ ਦੇ ਦਬਾਅ ਹੇਠ ਅਕਾਲੀ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਬੇਇਨਸਾਫੀਆਂ ਖਿਲਾਫ ਦਿੱਤਾ ਗਿਆ। ਇਸ ਸਮੇਂ ਭਾਰੀ ਗਿਣਤੀ 'ਚ ਪੁੱਜੇ ਵਰਕਰਾਂ ਵੱਲੋਂ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਰੋਸ ਧਰਨੇ ਨੂੰ ਇੰਜੀਨੀਅਰ ਸਵਰਨ ਸਿੰਘ ਰਿਟਾਇਰਡ ਐਡੀਸ਼ਨਲ ਐੱਸ. ਸੀ. ਅਤੇ ਮੈਂਬਰ ਪੀ. ਏ. ਸੀ. ਸ਼੍ਰੋਮਣੀ ਅਕਾਲੀ ਦਲ ਅਤੇ ਸੀਨੀਅਰ ਅਕਾਲੀ ਨੇਤਾ ਸੱਜਣ ਸਿੰਘ ਚੀਮਾ ਅਰਜਨ ਐਵਾਰਡੀ ਰਿਟਾਇਰਡ ਐੱਸ. ਪੀ. ਅਤੇ ਭਾਜਪਾ ਦੇ ਜ਼ਿਲੇ ਦੇ ਸੀਨੀਅਰ ਆਗੂ ਰਾਕੇਸ਼ ਨੀਟੂ ਆਦਿ ਨੇ ਸੰਬੋਧਨ ਕਰਦੇ ਹੋਏ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਦੇ ਆਗੂਆਂ ਦੀ ਸ਼ਹਿ 'ਤੇ ਪੁਲਸ ਵੱਲੋਂ ਅਕਾਲੀ ਅਤੇ ਭਾਜਪਾ ਵਰਕਰਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸ਼ਹਿਰ 'ਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜ ਗਈ ਹੈ। ਗੁੰਡਾਗਰਦੀ ਦੀਆਂ ਹਰ ਰੋਜ਼ ਘਟਨਾਵਾਂ ਹੋ ਰਹੀਆਂ ਹਨ।

ਇਸ ਤੋਂ ਪਹਿਲਾਂ ਸ਼ਹਿਰ 'ਚ ਰੋਸ ਮਾਰਚ ਵੀ ਕੱਢਿਆ ਗਿਆ ਅਤੇ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਨੂੰ ਮੰਗ ਪੱਤਰ ਸੌਪਿਆ ਗਿਆ। ਇਸ 'ਚ ਮੰਗ ਕੀਤੀ ਗਈ ਕਿ ਨਗਰ ਕੌਸਲ ਪ੍ਰਧਾਨ ਵੱਲੋਂ ਸਰਕਾਰੀ ਦਫਤਰ ਦੀ ਗਲਤ ਕੰਮਾਂ ਲਈ ਕੀਤੀ ਗਈ ਵਰਤੋਂ ਬਾਰੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸੂਰਜ ਧੀਰ 'ਤੇ ਕਾਤਾਲਾਨਾ ਹਮਲਾ ਕਰਨ ਦੇ ਦੋਸ਼ੀਆਂ ਨੂੰ ਅਤੇ ਪਿੰਡ ਸਰਾਏਜੱਟਾਂ ਦੇ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋ ਕੇ ਅਮਰਜੀਤ ਸਿੰਘ 'ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ।