ਮਾਮਲਾ ਸ਼ੈਲਰ ਮਾਲਕਾਂ ਦੀ ਹੜਤਾਲ ਦਾ : ਰੁੱਲਣ ਲੱਗਾ ਮੰਡੀਆਂ ''ਚ ਝੋਨਾ, ਆੜ੍ਹਤੀਆਂ ਤੇ ਕਿਸਾਨਾਂ ''ਚ ਰੋਸ

10/12/2019 6:22:45 PM

ਭੋਗਪੁਰ,(ਸੂਰੀ) : ਸਰਕਾਰ ਵੱਲੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਤੋਂ 12 ਦਿਨ ਬੀਤਣ ਬਾਅਦ ਨਾ ਤਾਂ ਮੰਡੀ 'ਚੋਂ ਝੋਨੇ ਦੀ ਲਿਫਟਿੰਗ ਸ਼ੁਰੂ ਹੋ ਸਕੀ ਹੈ, ਨਾ ਹੀ ਸਰਕਾਰ ਵੱਲੋਂ ਆੜ੍ਹਤੀਆਂ ਨੂੰ ਕੋਈ ਪੇਮੈਂਟ ਦਿੱਤੀ ਜਾ ਸਕੀ ਹੈ। ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਮੰਡੀਆਂ 'ਚ ਖਰੀਦ ਵੀ ਬੰਦ ਹੀ ਨਜ਼ਰ ਆ ਰਹੀ ਹੈ। ਮੰਡੀਆਂ 'ਚ ਝੋਨੇ ਦੇ ਅੰਬਾਰ ਲੱਗ ਗਏ ਹਨ। ਜੇਕਰ ਜਲਦ ਝੋਨੇ ਦੀ ਲਿਫਟਿੰਗ ਤੇ ਖਰੀਦ ਨਾ ਸ਼ੁਰੂ ਕਰਵਾਈ ਗਈ ਤਾਂ ਜਲਦ ਹੀ ਮੰਡੀਆਂ ਦੇ ਹਲਾਤ ਬੇਹੱਦ ਖਰਾਬ ਹੋ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਤੇਂ 24 ਘੰਟਿਆਂ 'ਚ ਭੁਗਤਾਨ ਕੀਤੇ ਜਾਣ ਦਾ ਐਲਾਨ ਹੀ ਸਿਰਫ ਐਲਾਨ ਬਣ ਕੇ ਰਹਿ ਗਿਆ ਹੈ। ਸਰਕਾਰ ਵੱਲੋਂ ਪਹਿਲੀ ਅਕਤੂਬਰ ਤੋਂ ਪੰਜਾਬ ਭਰ ਦੀਆਂ ਮੰਡੀਆਂ 'ਚ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਸੀ। ਖਰੀਦ ਸ਼ੁਰੂ ਹੋਂਦ ਤੋਂ ਬਾਰਾਂ ਦਿਨ ਬਾਅਦ ਵੀ ਸਰਕਾਰ ਵੱਲੋਂ ਆੜ੍ਹਤੀਆਂ ਨੂੰ ਇਕ ਵੀ ਪੇਮੈਂਟ ਜਾਰੀ ਨਹੀਂ ਕੀਤੀ ਗਈ ਹੈ। ਸ਼ੈਲਰ ਮਾਲਕਾਂ ਵੱਲੋਂ ਸ਼ੁਰੂ ਕੀਤੀ ਹੜਤਾਲ ਕਾਰਨ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਸਪੈਕਟਰਾਂ ਉਪਰ ਸਰਕਾਰ ਦਾ ਦਬਾਅ ਹੈ ਕਿ ਖਰੀਦ ਨੂੰ ਜਾਰੀ ਰੱਖਿਆ ਜਾਵੇ ਤੇ ਸ਼ੈਲਰ ਮਾਲਕਾਂ ਤੋਂ ਲਿਫਟਿੰਗ ਕਰਵਾਈ ਜਾਵੇ। ਆੜ੍ਹਤੀ ਇੰਸਪੈਕਟਰਾਂ ਤੋਂ ਪੇਮੈਂਟ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੂੰ ਮੰਡੀ 'ਚ ਝੋਨਾ ਢੇਰੀ ਕਰਨ ਲਈ ਜਗ੍ਹਾ ਨਹੀਂ ਮਿਲ ਰਹੀ ਹੈ। ਆੜ੍ਹਤੀਆਂ ਵੱਲੋਂ ਮੰਡੀਆਂ 'ਚ ਸੜਕਾਂ 'ਚ ਵੀ ਝੋਨਾ ਢੇਰੀ ਕਰਵਾਇਆ ਜਾ ਰਿਹਾ ਹੈ। ਮੰਡੀਆਂ 'ਚ ਕਿਸਾਨ ਤੇ ਆੜ੍ਹਤੀ 'ਚ ਸਰਕਾਰ ਖਿਲਾਫ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ।

ਸਰਕਾਰ ਦੀ ਨਵੀਂ ਮਿਲਿੰਗ ਪਾਲਸੀ ਨੂੰ ਸ਼ੈਲਰ ਮਾਲਕ ਦੱਸ ਰਹੇ ਹਨ ਮੌਤ ਦਾ ਵਰੰਟ
ਸਰਕਾਰ ਵੱਲੋਂ ਪੈਡੀ ਸੀਜ਼ਨ 2019-20 ਲਈ ਜਾਰੀ ਕੀਤੀ ਗਈ ਮਿਲਿੰਗ ਪਾਲਸੀ ਨੂੰ ਸ਼ੈਲਰ ਮਾਲਕ ਆਪਣੀ ਮੌਤ ਦਾ ਵਰੰਟ ਦੱਸ ਰਹੇ ਹਨ। ਸ਼ੈਲਰ ਮਾਲਕਾਂ ਵੱਲੋਂ ਪੰਜਾਬ ਭਰ 'ਚ ਹੜਤਾਲ ਕੀਤੀ ਗਈ ਹੈ। ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਪੰਜਾਬ ਭਰ ਦੇ ਐਫ. ਸੀ. ਆਈ. ਗੁਦਾਮ ਚੋਲਾਂ ਨਾਲ ਪਹਿਲਾਂ ਤੋਂ ਹੀ ਭਰੇ ਪਏ ਹਨ। ਕਿਸੇ ਵੀ ਗੁਦਾਮ 'ਚ ਚੋਲ ਲਗਾਉਣ ਲਈ ਜਗ੍ਹਾ ਨਹੀਂ ਹੈ। ਇਸ ਪੈਡੀ ਸੀਜ਼ਨ ਦੌਰਾਨ ਆਪਣੇ ਸ਼ੈਲਰਾਂ 'ਚ ਸਰਕਾਰੀ ਝੋਨਾ ਸਟਾਕ ਕਰਨ ਵਾਲੇ ਸ਼ੈਲਰਾਂ ਨੂੰ 31 ਮਾਰਚ ਤੱਕ ਸਰਕਾਰ ਦਾ ਚਾਵਲ ਐਫ. ਸੀ. ਆਈ. ਗੁਦਾਮਾਂ 'ਚ ਜਮਾਂ ਕਰਵਾਉਣਾ ਹੋਵੇਗਾ। ਚਾਵਲ ਜਮਾਂ ਕਰਵਾਉਣ 'ਚ ਅਸਫਲ ਰਹਿਣ ਵਾਲੇ ਸ਼ੈਲਰਾਂ ਅੰਦਰ ਪਏ ਝੋਨੇ ਨੂੰ ਸਰਕਾਰ ਆਪਣੇ ਕਰਜ਼ਾ 'ਚ ਲੈ ਲਵੇਗੀ ਤੇ ਸਰਕਾਰ ਝੋਨੇ ਦੀ ਮਿੰਲਿੰਗ ਤੇ ਹੋਰ ਖਰਚ ਸਬੰਧਤ ਸ਼ੈਲਰ ਮਾਲਕ ਤੋਂ ਭਾਰੀ ਜੁਰਮਾਨਿਆਂ ਨਾਲ ਵਸੂਲ ਕਰੇਗੀ। ਸਰਕਾਰ ਵੱਲੋਂ ਪਿਛਲੇ ਸਾਲ ਝੋਨੇ ਦੀ ਮਿਲਿੰਗ ਕਰਨ ਵਾਲੇ ਸ਼ੈਲਰਾਂ ਨੂੰ ਉਨ੍ਹਾਂ ਦੇ ਬਣਦੇ ਕਰੋੜਾਂ ਰੁਪਏ ਦੇ ਬਕਾਏ ਹੁਣ ਤੱਕ ਜਾਰੀ ਨਹੀ ਕੀਤੇ ਗਏ ਹਨ। ਅਜਿਹੇ ਹਾਲਾਤਾਂ 'ਚ ਸ਼ੈਲਰ ਮਾਲਕ ਵੀ ਸਰਕਾਰ ਤੋਂ ਪ੍ਰੇਸ਼ਾਨ ਹੋ ਕੇ ਇਸ ਵਾਰ ਝੋਨੇ ਦੀ ਮਿਲਿੰਗ ਨਾ ਕਰਨ ਦਾ ਮਨ ਬਣਾਈ ਬੈਠੇ ਦਿਖਾਈ ਦੇ ਰਹੇ ਹਨ।