ਸ਼ਾਹਕੋਟ 'ਚ ਪੱਕੇ ਡੇਰੇ ਲਾਉਣਗੇ ਬਾਦਲ!

05/04/2018 3:44:11 PM

ਜਲੰਧਰ— ਸ਼ਾਹਕੋਟ ਜ਼ਿਮਨੀ ਚੋਣ 'ਚ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰਚਾਰ ਕਰਨਗੇ। ਹਾਲਾਂਕਿ ਪਿਛਲੇ ਸਾਲ ਹੋਈ ਗੁਰਦਾਸਪੁਰ ਜ਼ਿਮਨੀ ਚੋਣ 'ਚ ਵੱਡੇ ਬਾਦਲ ਨੇ ਸਿਹਤ ਢਿੱਲੀ ਹੋਣ ਕਾਰਨ ਭਾਜਪਾ ਦੇ ਉਮੀਦਵਾਰਾਂ ਲਈ ਪ੍ਰਚਾਰ ਨਹੀਂ ਕੀਤਾ ਸੀ। ਸ੍ਰੀ ਬਾਦਲ ਵੱਲੋਂ ਸ਼ਾਹਕੋਟ ਹਲਕੇ 'ਚ ਕੁਝ ਦਿਨ ਪੱਕੇ ਡੇਰੇ ਲਾਏ ਜਾਣ ਦੀ ਸੂਚਨਾ ਹੈ, ਜਦਕਿ ਅਜੀਤ ਸਿੰਘ ਕੋਹਾੜ ਦੇ ਹੁੰਦਿਆਂ ਬਾਦਲਾਂ ਨੂੰ ਪਿਛਲੀਆਂ ਕਈ ਚੋਣਾਂ 'ਚ ਸ਼ਾਹਕੋਟ ਹਲਕੇ 'ਚ ਜਾ ਕੇ ਪ੍ਰਚਾਰ ਕਰਨ ਦੀ ਲੋੜ ਨਹੀਂ ਦੱਸੀ ਸੀ। ਸੂਤਰਾਂ ਮੁਤਾਬਕ ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਪਿੰਡ ਢੱਡੋਵਾਲ 'ਚ ਇਕ ਐੱਨ. ਆਰ.ਆਈ. ਦੀ ਵੱਡੀ ਕੋਠੀ 'ਚ ਸ੍ਰੀ ਬਾਦਲ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਦੂਜੇ ਪਾਸੇ ਅਕਾਲੀ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਜੇਕਰ ਸ੍ਰੀ ਬਾਦਲ ਹਲਕੇ 'ਚ ਰੁਕੇ ਤਾਂ ਉਹ ਅਜੀਤ ਸਿੰਘ ਕੋਹਾੜ ਦੇ ਘਰ ਹੀ ਰੁਕਣਗੇ। ਸ੍ਰੀ ਬਾਦਲ 13 ਮਈ ਦੇ ਨੇੜੇ-ਤੇੜੇ ਹਲਕੇ 'ਚ ਪ੍ਰਚਾਰ ਮੁਹਿੰਮ ਭਖਾਉਣ ਲਈ ਆ ਸਕਦੇ ਹਨ। ਇਹ ਵੀ ਕਿਹਾ ਗਿਆ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼ਾਹਕੋਟ ਹਲਕੇ 'ਚ ਚੋਣਾਂ ਤੱਕ ਕੁਝ ਦਿਨ ਜਲੰਧਰ ਰੁਕ ਸਕਦੇ ਹਨ। 
ਅਕਾਲੀ ਦਲ ਨੇ ਸ਼ਾਹਕੋਟ ਹਲਕੇ ਨੂੰ 43 ਜ਼ੋਨਾਂ 'ਚ ਵੰਡ ਕੇ 43 ਵੱਡੇ ਆਗੂਆਂ ਦੀਆਂ ਪੱਕੀਆਂ ਡਿਊਟੀਆਂ ਲਗਾ ਦਿੱਤੀਆਂ ਹਨ। 5 ਮਈ ਤੋਂ ਅਕਾਲੀ ਆਗੂ ਸ਼ਾਹਕੋਟ ਹਲਕੇ 'ਚ ਡੇਰੇ ਲਗਾ ਕੇ ਆਪੋ-ਆਪਣੀਆਂ ਜ਼ੋਨਾਂ ਦੀ ਕਮਾਂਡ ਸੰਭਾਲ ਲੈਣਗੇ। ਪਿੰਡਾਂ 'ਚ 28 ਮਈ ਤੱਕ ਐਨ.ਆਰ.ਆਈਜ਼. ਦੀਆਂ ਕੋਠੀਆਂ ਬੁੱਕ ਕਰਕੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਹਰ ਜ਼ੋਨ 'ਚ 5 ਤੋਂ 6 ਪਿੰਡ ਰੱਖੇ ਗਏ ਹਨ। ਵਿਧਾਇਕਾਂ ਸਾਬਕਾ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਨੂੰ ਇਨ੍ਹਾਂ ਜ਼ੋਨਾਂ ਦੇ ਮੁਖੀ ਲਗਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਬੀਬੀ ਜਗੀਰ ਕੌਰ ਦੀ ਡਿਊਟੀ ਲੋਹੀਆਂ ਨੇੜੇ ਦੇ ਪਿੰਡਾਂ 'ਚ ਲਗਾਈ ਹੈ, ਜਦਕਿ ਵਿਰਸਾ ਸਿੰਘ ਵਲਟੋਹਾ ਦੇ ਜ਼ੋਨ 'ਚ ਸੀਚੇਵਾਲ ਅਤੇ ਚੱਕ ਚੇਲਾ ਸਮੇਤ ਤਿੰਨ ਹੋਰ ਪਿੰਡ ਹਨ। ਅਕਾਲੀ ਦਲ ਦੇ ਬੁਲਾਰੇ ਅਤੇ ਵਿਧਾਇਕ ਪਵਨ ਟੀਨੂੰ ਦੀ ਡਿਊਟੀ ਮਹਿਤਪੁਰ ਨੇੜਲੇ ਪਿੰਡਾਂ 'ਚ ਲਗਾਈ ਗਈ ਹੈ। ਇਸ ਤੋਂ ਇਲਾਵਾ ਅਕਾਲੀ ਦਲ ਵੱਲੋਂਸਾਰੇ ਕੱਦਾਵਾਰ ਆਗੂਆਂ ਨੂੰ ਚੋਣਾਂ ਤੱਕ ਸ਼ਾਹੋਕਟ ਹਲਕੇ 'ਚ ਹੀ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।