ਭਗਤ ਸਿੰਘ ਚੌਂਕ ’ਚ ਲਾਏ ਸ਼ਹੀਦ-ਏ-ਆਜ਼ਮ ਦੇ ਬੁੱਤ ਦੀ ਜਾਂਚ ਸ਼ੁਰੂ

04/16/2021 1:38:42 PM

ਜਲੰਧਰ (ਖੁਰਾਣਾ)–ਸਾਬਕਾ ਲੋਕਲ ਬਾਡੀਜ਼ ਮੰਤਰੀ ਅਤੇ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਦਖਲ ਤੋਂ ਬਾਅਦ ਜਲੰਧਰ ਦੇ ਸ਼ਹੀਦ ਭਗਤ ਸਿੰਘ ਚੌਕ ਵਿਚ ਹਾਲ ਹੀ ਵਿਚ ਲਾਏ ਗਏ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਦੀ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਦਫਤਰ ਨੇ ਇਕ ਚਿੱਠੀ ਲੋਕਲ ਬਾਡੀਜ਼ ਮਹਿਕਮੇ ਦੇ ਪ੍ਰਿੰਸੀਪਲ ਸੈਕਟਰੀ ਨੂੰ ਕੱਢੀ ਹੈ, ਜਿਸ ਵਿਚ ਇਸ ਮਾਮਲੇ ਦੀ 15 ਦਿਨਾਂ ਵਿਚ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ 24 ਮਾਰਚ ਨੂੰ ਮੁੱਖ ਮੰਤਰੀ ਅਤੇ ਹੋਰਨਾਂ ਨੂੰ ਲਿਖੀ ਚਿੱਠੀ ਵਿਚ ਦੋਸ਼ ਲਾਇਆ ਸੀ ਕਿ ਭਗਤ ਸਿੰਘ ਚੌਂਕ ਵਿਚ ਸ਼ਹੀਦ-ਏ-ਆਜ਼ਮ ਦਾ ਜਿਹੜਾ ਬੁੱਤ ਲਾਇਆ ਗਿਆ ਹੈ, ਉਹ ਸਾਈਜ਼ ਵਿਚ ਨਾ ਸਿਰਫ ਛੋਟਾ ਹੈ, ਸਗੋਂ ਉਸ ਦੀ ਸ਼ਕਲ ਵੀ ਸ਼ਹੀਦ-ਏ-ਆਜ਼ਮ ਨਾਲ ਮੇਲ ਨਹੀਂ ਖਾਂਦੀ।

ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, 27 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਕਈ ਹੋਰ ਲੋਕਾਂ ਅਤੇ ਸੰਸਥਾਵਾਂ ਦੇ ਵੀ ਅਜਿਹੇ ਦੋਸ਼ ਸਨ ਕਿ ਹਾਲ ਹੀ ਵਿਚ ਲਾਇਆ ਗਿਆ ਬੁੱਤ ਕਿਸੇ ਜੋਸ਼ੀਲੇ ਨੌਜਵਾਨ ਦੀ ਬਜਾਏ ਇਕ ਸੰਤ ਦਾ ਜਾਪਦਾ ਹੈ। ਇਸ ਮਾਮਲੇ ਵਿਚ ਮਨੋਰੰਜਨ ਕਾਲੀਆ ਨੇ ਇਹ ਵੀ ਮੰਗ ਕੀਤੀ ਸੀ ਕਿ ਬੁੱਤ ਦੇ ਨਿਰਮਾਣ ਵਿਚ ਲਾਪ੍ਰਵਾਹੀ ਵਰਤਣ ਵਾਲੇ ਨਿਗਮ ਅਧਿਕਾਰੀਆਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਅਤੇ ਇਸ ਨੂੰ ਬਦਲ ਕੇ ਇਥੇ ਸ਼ਹੀਦ-ਏ-ਆਜ਼ਮ ਦਾ ਕਾਂਸੇ ਦਾ ਬੁੱਤ ਲੁਆਇਆ ਜਾਵੇ, ਜੋ ਕਿਸੇ ਪ੍ਰਸਿੱਧ ਸ਼ਿਲਪਕਾਰ ਤੋਂ ਬਣਵਾਇਆ ਜਾਵੇ ਅਤੇ ਇਸਦਾ ਸਾਰਾ ਖਰਚ ਸਬੰਧਤ ਨਿਗਮ ਅਧਿਕਾਰੀਆਂ ਕੋਲੋਂ ਵਸੂਲਿਆ ਜਾਵੇ। ਹੁਣ ਦੇਖਣਾ ਹੈ ਕਿ ਲੋਕਲ ਬਾਡੀਜ਼ ਮਹਿਕਮਾ ਇਸ ਮਾਮਲੇ ਵਿਚ ਜਾਂਚ ਕਰ ਕੇ ਮੁੱਖ ਮੰਤਰੀ ਦਫ਼ਤਰ ਨੂੰ ਕੀ ਰਿਪੋਰਟ ਭੇਜਦਾ ਹੈ।

ਸੰਗਮਰਮਰ ਦੀ ਥਾਂ ਕਿਤੇ ਪਾਲਿਸਟੋਨ ਦਾ ਤਾਂ ਨਹੀਂ ਬਣਿਆ ਹੋਇਆ ਬੁੱਤ
ਨਗਰ ਨਿਗਮ ਨੇ ਸ਼ਹੀਦ ਭਗਤ ਸਿੰਘ ਚੌਂਕ ਦੇ ਸੁੰਦਰੀਕਰਨ ਦਾ ਕੰਮ ਟੈਂਡਰ ਜ਼ਰੀਏ ਹਰੀ ਕੰਸਟਰੱਕਸ਼ਨ ਕੰਪਨੀ ਤੋਂ ਕਰਵਾਇਆ, ਜਿਸ ’ਤੇ ਲਗਭਗ 10 ਲੱਖ ਦਾ ਖ਼ਰਚ ਹੋਇਆ ਦੱਸਿਆ ਜਾ ਰਿਹਾ ਹੈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਇਹ ਬੁੱਤ ਸੰਗਮਰਮਰ ਦਾ ਹੈ ਪਰ ਇਸ ਮਾਮਲੇ ਵਿਚ ਮਾਹਿਰ ਦੋਸ਼ ਲਾ ਰਹੇ ਹਨ ਕਿ ਇਹ ਬੁੱਤ ਸੰਗਮਰਮਰ ਪੱਥਰ ਦਾ ਨਹੀਂ, ਸਗੋਂ ਪਾਲਿਸਟੋਨ (ਜਿਸ ਮੈਟੀਰੀਅਲ ਦੀਆਂ ਬਣੀਆਂ ਮੂਰਤੀਆਂ ਅੱਜਕਲ ਬਾਜ਼ਾਰਾਂ ਵਿਚ ਆਮ ਵਿਕ ਰਹੀਆਂ ਹਨ) ਦਾ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਰੁੜਕਾ ਕਲਾਂ ਪਿੰਡ ਦੀ ਪਹਿਲ, ਬਰਸਾਤੀ ਪਾਣੀ ਨੂੰ ਬਚਾਉਣ ਲਈ ਛੱਤ ’ਤੇ ਲਾਇਆ ‘ਵਾਟਰ ਰਿਚਾਰਜ ਪਲਾਂਟ’

ਮਾਹਿਰਾਂ ਦਾ ਕਹਿਣਾ ਹੈ ਕਿ ਬੁੱਤ ਦੇ ਉੱਪਰ ਜਿਸ ਤਰ੍ਹਾਂ ਪਲਾਸਟਿਕ ਪੇਂਟ ਕੀਤਾ ਗਿਆ ਹੈ, ਉਸ ਤੋਂ ਸਾਫ ਹੈ ਕਿ ਇਹ ਬੁੱਤ ਸੰਗਮਰਮਰ ਦਾ ਨਹੀਂ ਹੈ। ਹੁਣ ਜਾਂਚ ਵਿਚ ਇਸ ਗੱਲ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ ਕਿ ਅਸਲ ਵਿਚ ਬੁੱਤ ਕਿਤੇ ਸਸਤੇ ਪਾਲਿਸਟੋਨ ਦਾ ਨਹੀਂ ਬਣਿਆ ਹੋਇਆ ਹੈ।

shivani attri

This news is Content Editor shivani attri