ਲੁਧਿਆਣਾ ’ਚ ਹੋਏ 347 ਕਰੋੜ ਦੇ ਸਕੈਂਡਲ ਦਾ ਮਹਾਨਗਰ ’ਚ ਹੋਈ 48 ਕਰੋੜ ਦੀ ਬੋਗਸ ਬਿਲਿੰਗ ਨਾਲ ਇੰਟਰ ਕੁਨੈਕਸ਼ਨ

04/29/2023 4:38:35 PM

ਜਲੰਧਰ (ਪੁਨੀਤ)– ਜੀ. ਐੱਸ. ਟੀ. ਬੋਗਸ ਬਿਲਿੰਗ ਸਕੈਂਡਲ ਦੇ ਤਾਰ ਅੱਗੇ ਤੋਂ ਅੱਗੇ ਜੁੜਦੇ ਜਾ ਰਹੇ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ’ਚ ਕਈ ਸਫੈਦਪੋਸ਼ਾਂ ਦੇ ਚਿਹਰੇ ਬੇਨਕਾਬ ਹੋ ਸਕਦੇ ਹਨ। ਇਹ ਸਕੈਂਡਲ ਪਲਾਸਟਿਕ ਅਤੇ ਲੋਹੇ ਦੀ ਸਕ੍ਰੈਪ ਦੇ ਵਪਾਰ ਨਾਲ ਸਬੰਧਤ ਹੈ ਅਤੇ ਇਸ ਦੀ ਖ਼ਰੀਦੋ-ਫਰੋਖਤ ਸਿਰਫ਼ ਕਾਗਜ਼ਾਂ ਵਿਚ ਹੋ ਰਹੀ ਸੀ। ਬੋਗਸ ਬਿਲਿੰਗ ਸਕੈਂਡਲ ਨੂੰ ਲੈ ਕੇ ਪਿਛਲੇ ਮਹੀਨੇ ਸਟੇਟ ਜੀ. ਐੱਸ. ਟੀ. ਵਿਭਾਗ ਵੱਲੋਂ 48 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤਾ ਗਿਆ ਸੀ। ਉਥੇ ਹੀ, ਲੁਧਿਆਣਾ ਵਿਚ ਡਾਇਰੈਕਟੋਰੇਟ ਜਨਰਲ ਆਫ਼ ਜੀ. ਐੱਸ. ਟੀ. ਇੰਟੈਲੀਜੈਂਸ (ਡੀ. ਜੀ. ਜੀ. ਆਈ.) ਨੇ 347 ਕਰੋੜ ਰੁਪਏ ਦੀ ਬੋਗਸ ਬਿਲਿੰਗ ਅਤੇ ਫਰਜ਼ੀ ਫਰਮਾਂ ’ਤੇ 63 ਕਰੋੜ ਦੇ ਆਈ. ਟੀ. ਸੀ. (ਇਨਪੁੱਟ ਟੈਕਸ ਕ੍ਰੈਡਿਟ) ਦਾ ਲਾਭ ਲੈਣ ਸਬੰਧੀ ਫਰਜ਼ੀ ਫਰਮਾਂ ਨੂੰ ਬੇਨਕਾਬ ਕੀਤਾ ਸੀ।

ਇਨ੍ਹਾਂ ਦੋਵਾਂ ਮਾਮਲਿਆਂ ਦੇ ਆਪਸ ਵਿਚ ਇੰਟਰ ਕੁਨੈਕਸ਼ਨ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਕਈ ਫਰਮਾਂ ਦੇ ਲੈਣ-ਦੇਣ ਦਾ ਰਿਕਾਰਡ ਚੈੱਕ ਕੀਤਾ ਗਿਆ ਹੈ ਅਤੇ ਇਸ ’ਤੇ ਅੱਗੇ ਦੀ ਜਾਂਚ ਦਾ ਕੰਮ ਚੱਲ ਰਿਹਾ ਹੈ। ਮਹਾਨਗਰ ਵਿਚ ਹੋਏ 48 ਕਰੋੜ ਦੀ ਬੋਗਸ ਬਿਲਿੰਗ ਮਾਮਲੇ ਵਿਚ ਕਥਿਤ ਮੁਲਜ਼ਮਾਂ ਵੱਲੋਂ ਫਰਜ਼ੀ ਫਰਮਾਂ ਜ਼ਰੀਏ ਬੋਗਸ ਬਿਲਿੰਗ ਕਰ ਕੇ ਆਈ. ਟੀ. ਸੀ. ਕਲੇਮ ਕੀਤਾ ਗਿਆ ਸੀ। ਇਸੇ ਤਰ੍ਹਾਂ ਨਾਲ ਲੁਧਿਆਣਾ ਵਿਚ ਵੀ ਠੱਗੀ ਕਰਨ ਲਈ ਇਸੇ ਰਾਹ ਨੂੰ ਅਖਤਿਆਰ ਕੀਤਾ ਗਿਆ। ਕਲੇਮ ਲੈਣ ਦਾ ਢੰਗ ਦੋਵਾਂ ਫਰਮਾਂ ਦਾ ਇਕੋ ਜਿਹਾ ਰਿਹਾ ਹੈ, ਜਿਸ ਕਾਰਨ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਨੇ ਦੋਵਾਂ ਮਾਮਲਿਆਂ ਨੂੰ ਆਪਸ ਵਿਚ ਇੰਟਰ ਕੁਨੈਕਟ ਕਰ ਕੇ ਜਾਂਚ ਨੂੰ ਅੱਗੇ ਵਧਾਇਆ ਹੈ। ਲੁਧਿਆਣਾ ਵਿਚ ਡੀ. ਜੀ. ਜੀ. ਆਈ. ਨੇ 63 ਕਰੋੜ ਦੀ ਜੀ. ਐੱਸ. ਟੀ. ਚੋਰੀ ਮਾਮਲੇ ਵਿਚ 21 ਅਪ੍ਰੈਲ ਨੂੰ ਮਾਸਟਰਮਾਈਂਡ ਰਾਹੁਲ ਬੱਸੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਦੋਂ ਕਿ ਇਕ ਹੋਰ ਮੁਲਜ਼ਮ ਵਿਸ਼ਾਲ ਰਾਏ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ।

ਇਹ ਵੀ ਪੜ੍ਹੋ : ਜਲੰਧਰ: ਸ਼ਾਪਿੰਗ ਮਾਲ ’ਚ ਖੁੱਲ੍ਹੇ ਸਪਾ ਸੈਂਟਰ 'ਚ ਵਿਦੇਸ਼ੀ ਕੁੜੀਆਂ ਤੋਂ ਕਰਵਾਇਆ ਜਾ ਰਿਹਾ ਜਿਸਮਫਰੋਸ਼ੀ ਦਾ ਧੰਦਾ, ਖੁੱਲ੍ਹ ਰਹੇ ਵੱਡੇ ਰਾਜ਼

ਰਾਹੁਲ ਬੱਸੀ ਅਤੇ ਵਿਸ਼ਾਲ ਰਾਏ ਨੇ ਮਿਲ ਕੇ ਹੋਰਨਾਂ ਵਿਅਕਤੀਆਂ ਦੇ ਨਾਂ ’ਤੇ 30 ਤੋਂ ਵੱਧ ਫਰਜ਼ੀ ਫਰਮਾਂ ਖੋਲ੍ਹੀਆਂ ਸਨ, ਜੋ ਕਿ ਜੀ. ਐੱਸ. ਟੀ. ਐਕਟ ਦੀਆਂ ਵਿਵਸਥਾਵਾਂ ਦੀ ਉਲੰਘਣਾ ਕਰ ਕੇ ਲਾਭ ਲੈਣ ਤੋਂ ਪ੍ਰੇਰਿਤ ਰਹੀਆਂ। ਇਸ ਮਾਮਲੇ ਵਿਚ ਧੋਖਾਧੜੀ ਨਾਲ 63 ਕਰੋੜ ਦੇ ਆਈ. ਟੀ. ਸੀ. ਦਾ ਲਾਭ ਉਠਾਇਆ ਗਿਆ। ਇਨ੍ਹਾਂ ਫਰਜ਼ੀ ਫਰਮਾਂ ਦਾ ਕਿਤੇ ਨਾ ਕਿਤੇ ਜਲੰਧਰ ਦੇ ਕਈ ਉਦਯੋਗਪਤੀਆਂ ਨਾਲ ਇੰਟਰ ਕੁਨੈਕਸ਼ਨ ਦੱਸਿਆ ਜਾ ਰਿਹਾ ਹੈ। ਇਸੇ ਕਾਰਨ ਦੋਵਾਂ ਮੁਲਜ਼ਮਾਂ ਦੇ ਫੜੇ ਜਾਣ ਅਤੇ ਇਸ ਵੱਡੇ ਸਕੈਂਡਲ ਦਾ ਪਰਦਾਫਾਸ਼ ਹੋਣ ਨਾਲ ਸਟੇਟ ਜੀ. ਐੱਸ. ਟੀ. ਵਿਭਾਗ ਨੇ 347 ਕਰੋੜ ਦੀ ਬੋਗਸ ਬਿਲਿੰਗ ਨੂੰ ਮਹਾਨਗਰ ਵਿਚ ਹੋਈ 48 ਕਰੋੜ ਦੀ ਬੋਗਸ ਬਿਲਿੰਗ ਨਾਲ ਜੋੜ ਕੇ ਦੇਖਣ ਦਾ ਫੈਸਲਾ ਲਿਆ।

ਮਹਾਨਗਰ ਵਿਚ ਵਾਪਰੇ ਘਟਨਾਕ੍ਰਮ ਮੁਤਾਬਕ ਸਟੇਟ ਜੀ. ਐੱਸ.ਟੀ. ਵਿਭਾਗ ਨੇ 30 ਜਨਵਰੀ ਨੂੰ 48 ਕਰੋੜ ਦੇ ਬੋਗਸ ਬਿਲਿੰਗ ਦੇ ਵੱਡੇ ਸਕੈਂਡਲ ਦਾ ਪਰਦਾਫਾਸ਼ ਕਰਦੇ ਹੋਏ 4 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਸੀ। ਇਨ੍ਹਾਂ ਵਿਚੋਂ 2 ਵਿਅਕਤੀ ਪੰਕਜ ਕੁਮਾਰ ਉਰਫ ਪੰਕਜ ਆਨੰਦ ਪੁੱਤਰ ਪ੍ਰਵੇਸ਼ ਆਨੰਦ ਨਿਵਾਸੀ ਕਾਲੀਆ ਕਾਲੋਨੀ (ਮੈਸਰਜ਼ ਪੀ. ਕੇ. ਟਰੇਡਿੰਗ ਕੰਪਨੀ) ਅਤੇ ਰਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਨਿਵਾਸੀ ਕੋਟ ਰਾਮ ਦਾਸ (ਗੁਰੂ ਹਰਰਾਏ ਟਰੇਡਿੰਗ ਕੰਪਨੀ) ਜੇਲ ਵਿਚ ਬੰਦ ਹਨ। ਉਥੇ ਹੀ, ਇਸ ਮਾਮਲੇ ਵਿਚ ਨਾਮਜ਼ਦ ਗੁਰਵਿੰਦਰ ਸਿੰਘ ਨਿਵਾਸੀ ਕਾਲਾ ਸੰਘਿਆਂ ਰੋਡ ਈਸ਼ਵਰ ਨਗਰ (ਮੈਸਰਜ਼ ਸ਼ਿਵ ਸ਼ਕਤੀ ਐਂਟਰਪ੍ਰਾਈਜ਼ਿਜ਼) ਅਤੇ ਅੰਮ੍ਰਿਤਪਾਲ ਸਿੰਘ ਪੁੱਤਰ ਕੁਲਵਿੰਦਰ ਸਿੰਘ ਨਿਵਾਸੀ ਢਿੱਲੋਂ ਕਾਲੋਨੀ ਰਾਮਾ ਮੰਡੀ (ਮੈਸਰਜ਼ ਨਾਰਥ ਵੋਗ) ਦੀ ਜ਼ਮਾਨਤ ਹੋ ਚੁੱਕੀ ਹੈ। ਵਿਭਾਗ ਨੇ ਜਲੰਧਰ ਵਿਚ ਹੋਏ ਇਸ ਗਬਨ ਮਾਮਲੇ ਵਿਚ ਪੰਕਜ ਅਤੇ ਰਵਿੰਦਰ ਤੋਂ ਇਲਾਵਾ ਗਗਨ ਟਰੇਡਿੰਗ ਕੰਪਨੀ, ਕ੍ਰਿਸ਼ ਟਰੇਡਿੰਗ ਕੰਪਨੀ, ਬਾਲਾਜੀ ਟਰੇਡਿੰਗ ਕੰਪਨੀ, ਕ੍ਰਿਸ਼ ਐਂਟਰਪ੍ਰਾਈਜ਼ਿਜ਼, ਪੰਕਜ ਸਕ੍ਰੈਪ ਕੰਪਨੀ, ਪੀ. ਬੀ. ਇੰਟੀਰੀਅਰ ਡੈਕੋਰ, ਦਸਮੇਸ਼ ਟਰੇਡਿੰਗ ਕੰਪਨੀ ਸਮੇਤ 10 ਦੇ ਲਗਭਗ ਫਰਮਾਂ ਨੂੰ ਨਾਮਜ਼ਦ ਕੀਤਾ ਹੈ।

ਲੁਧਿਆਣਾ ਦੇ ਵਪਾਰੀਆਂ ਨਾਲ ਲੈਣ-ਦੇਣ ਜਾਂਚ ਦਾ ਵਿਸ਼ਾ
ਇਸ ਮਾਮਲੇ ਵਿਚ ਵਿਭਾਗੀ ਜਾਂਚ ’ਚ ਕਈ ਤੱਥ ਉਜਾਗਰ ਹੋਏ ਹਨ, ਜਿਸ ਕਾਰਨ ਕਈ ਨਾਮੀ ਫਰਮਾਂ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਗਈ ਹੈ। ਲੁਧਿਆਣਾ ਵਿਚ ਫੜੇ ਗਏ ਸਕੈਂਡਲ ਵਿਚ ਸਾਹਮਣੇ ਆਈਆਂ ਫਰਮਾਂ ਵੱਲੋਂ ਜਿਹੜੇ ਵਪਾਰੀਆਂ ਨਾਲ ਲੈਣ-ਦੇਣ ਦਿਖਾਇਆ ਗਿਆ ਹੈ, ਉਸਨੂੰ ਜਾਂਚ ਦਾ ਵਿਸ਼ਾ ਬਣਾਇਆ ਜਾ ਰਿਹਾ ਹੈ। ਵਿਭਾਗ ਇਸ ਪੂਰੇ ਘਟਨਾਕ੍ਰਮ ਵਿਚ ਲੁਧਿਆਣਾ ਅਤੇ ਜਲੰਧਰ ਦੀਆਂ ਫਰਮਾਂ ਦਾ ਇੰਟਰ ਕੁਨੈਕਸ਼ਨ ਚੈੱਕ ਕਰ ਕੇ ਆਪਣ ਜਾਂਚ ਨੂੰ ਅੱਗੇ ਵਧਾਏਗਾ। ਆਈ. ਟੀ. ਸੀ. ਕਲੇਮ ਕਰ ਕੇ ਜੀ. ਐੱਸ. ਟੀ. ਵਿਭਾਗ ਨੂੰ ਚੂਨਾ ਲਾਉਣ ਵਾਲੀਆਂ ਕਈ ਫਰਮਾਂ ਇਸ ਜਾਂਚ ਵਿਚ ਫਸਦੀਆਂ ਨਜ਼ਰ ਆ ਰਹੀਆਂ ਹਨ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਵਿਚ ਕਈ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ’ਤੇ ਆਉਣ ਵਾਲੇ ਦਿਨਾਂ ਵਿਚ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ’ਚ ਅਕਾਲੀ-ਭਾਜਪਾ ਦੇ ਗਠਜੋੜ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਇਹ ਬਿਆਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ

 

shivani attri

This news is Content Editor shivani attri