ਐੱਸ. ਸੀ./ਐੱਸ. ਟੀ. ਐਕਟ ਅਧੀਨ ਜਾਤੀ ਅਪਸ਼ਬਦ ਬੋਲਣ ਵਾਲੀ ਔਰਤ ਖਿਲਾਫ ਮਾਮਲਾ ਦਰਜ

06/17/2019 1:07:02 PM

ਬੰਗਾ (ਚਮਨ/ਰਾਕੇਸ਼)— ਥਾਣਾ ਮੁਕੰਦਪੁਰ ਪੁਲਸ ਵੱਲੋਂ ਸੋਸ਼ਲ ਮੀਡੀਆ ਸਾਈਟ 'ਤੇ ਐੱਸ. ਸੀ./ਐੱਸ. ਟੀ. ਐਕਟ ਅਧੀਨ ਜਾਤੀ ਅਪਸ਼ਬਦ ਬੋਲਣ ਵਾਲੀ ਇਕ ਔਰਤ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅੰਬੇਡਕਰ ਸੈਨਾ ਪੰਜਾਬ ਹੈੱਡ ਆਫਿਸ ਫਗਵਾੜਾ ਦੇ ਸਮੂਹ ਮੈਂਬਰਾਂ ਵੱਲੋਂ ਬੀਤੇ ਦਿਨ ਬੰਗਾ ਦੇ ਡੀ. ਐੱਸ. ਪੀ. ਨੂੰ ਇਕ ਮੰਗ-ਪੱਤਰ ਸੌਂਪ ਕੇ ਸੋਸ਼ਲ ਮੀਡੀਆ 'ਤੇ ਜਾਤੀ ਅਪਸ਼ਬਦ ਬੋਲਣ ਵਾਲੀ ਪਿੰਡ ਰਹਿਪਾ ਦੀ ਬਲਵਿੰਦਰ ਕੌਰ ਢੀਂਡਸਾ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ, ਜਿਸ 'ਤੇ ਡੀ. ਐੱਸ. ਪੀ. ਬੰਗਾ ਵੱਲੋਂ ਆਈ ਸ਼ਿਕਾਇਤ 'ਤੇ ਕਾਰਵਾਈ ਕਰਦੇ ਮੁਕੰਦਪੁਰ ਦੀ ਪੁਲਸ ਨੂੰ ਉਪਰੋਕਤ ਔਰਤ ਖਿਲਾਫ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ। ਥਾਣਾ ਮੁਕੰਦਪੁਰ ਦੀ ਪੁਲਸ ਵਲੋਂ ਪਿੰਡ ਰਹਿਪਾ ਦੀ ਨਿਵਾਸੀ ਔਰਤ ਬਲਵਿੰਦਰ ਕੌਰ ਢੀਂਡਸਾ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਪਿੰਡ ਰਹਿਪਾ ਦੀ ਰਹਿਣ ਵਾਲੀ ਉਕਤ ਔਰਤ ਖਿਲਾਫ ਮਾਮਲਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮੀਸ਼ਨਰ ਦੇ ਧਿਆਨ 'ਚ ਲਿਆਂਦਾ ਗਿਆ ਸੀ, ਜਿਥੇ ਉਕਤ ਔਰਤ ਨੇ ਹੋਈ ਇਸ ਗਲਤੀ ਪ੍ਰਤੀ ਮੁਆਫੀ ਮੰਗੀ ਸੀ ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਸੀ ਪਰ ਬੀਤੇ ਦਿਨ ਫਿਰ ਤੋਂ ਆਈ ਸ਼ਿਕਾਇਤ 'ਤੇ ਡੀ. ਐੱਸ. ਪੀ. ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਉਕਤ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

shivani attri

This news is Content Editor shivani attri