ਲੋਕਾਂ ਦੀ ਸ਼ਮੂਲੀਅਤ ਨਾਲ ਹੀ ਗੰਗਾ, ਨਦੀਆਂ ਤੇ ਦਰਿਆਵਾਂ ਨੂੰ ਸਾਫ ਕੀਤਾ ਜਾ ਸਕਦੈ: ਸੀਚੇਵਾਲ

02/19/2019 4:03:53 PM

ਸੁਲਤਾਨਪੁਰ ਲੋਧੀ— ਬਨਾਰਸ ਹਿੰਦੂ ਯੂਨੀਵਰਸਿਟੀ 'ਚ ਤਿੰਨ ਦਿਨ ਚੱਲੀ ਕੌਮਾਂਤਰੀ ਕਾਨਫਰੰਸ 'ਚ ਦੇਸ਼ ਦੇ ਦਰਿਆਵਾਂ ਦੀ ਸਿਹਤ ਅਤੇ ਉਨ੍ਹਾਂ ਦੀ ਮੁੜ ਸੁਰਜੀਤੀ ਦੀਆਂ ਸੰਭਾਵਨਾਵਾਂ ਤਲਾਸ਼ਣ 'ਤੇ ਡੂੰਘੀ ਚਰਚਾ ਕੀਤੀ ਗਈ। ਇਸ ਕਾਨਫਰੰਸ 'ਚ ਕੈਨੇਡਾ, ਫਰਾਂਸ, ਆਸਟ੍ਰੇਲੀਆ, ਇਜ਼ਰਾਈਲ ਅਤੇ ਦੱਖਣੀ ਕੋਰੀਆ ਸਮੇਤ ਹੋਰ ਕਈ ਮੁਲਕਾਂ ਦੇ ਮਾਹਿਰ ਆਏ ਹੋਏ ਸਨ। ਦੇਸ਼ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਥਾਪਤ ਕੀਤਾ ਗਿਆ ਮਾਡਲ ਹੀ ਸਭ ਤੋਂ ਵੱਧ ਕਾਰਗਰ ਹੈ। ਫਰਾਂਸ ਤੋਂ ਡਾ: ਓਲੀਵਰ ਅਟੇਈਆ ਅਤੇ ਤੇਲ ਅਵੀਵ ਯੂਨੀਵਰਸਿਟੀ ਇਜ਼ਰਾਇਲ ਤੋਂ ਆਏ ਪ੍ਰੋ ਹਾਦਾਸ ਮਾਮਾਮਈ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੇਸ਼ ਕੀਤੀ ਗਈ ਪ੍ਰੇਜ਼ਨਟੇਸ਼ਨ ਦੇਖਣ ਤੋਂ ਬਾਅਦ ਕਿਹਾ ਕਿ ਦੁਨੀਆ 'ਚ ਕਿਧਰੇ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਿੱਥੇ ਲੋਕਾਂ ਨੇ ਆਪਣੇ ਹੱਥੀ ਨਦੀ ਨੂੰ ਸਾਫ ਕੀਤਾ ਹੋਵੇ। ਇਸ ਤਿੰਨ ਦਿਨਾਂ ਕਾਨਫਰੰਸ ਵਿੱਚ 162 ਮਾਹਿਰਾਂ ਨੇ ਆਪਣੀ ਰਾਏ ਰੱਖੀ। ਦੇਸ਼ ਦੇ ਦਰਿਆਵਾਂ ਅਤੇ ਨਦੀਆਂ 'ਚ ਵੱਧ ਰਹੇ ਪ੍ਰਦੂਸ਼ਣ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ।
ਬੁਲਾਰੇ ਇਸ ਗੱਲ 'ਤੇ ਚਿੰਤਤ ਸਨ ਕਿ ਭਾਰਤ ਦੇ ਸਾਰੇ ਦਰਿਆਵਾਂ 'ਚ ਪਿੰਡਾਂ ਅਤੇ ਸ਼ਹਿਰਾਂ ਦੇ ਗੰਦੇ ਪਾਣੀ ਪਾਏ ਜਾ ਰਹੇ ਹਨ, ਜਿਸ ਨਾਲ ਲੋਕਾਂ ਦੀ ਸਿਹਤ 'ਤੇ ਬੁਰਾ ਅਸਰ ਪੈ ਰਿਹਾ ਹੈ। ਬਨਾਰਸ ਵਿੱਚ ਵੀ ਗੰਗਾ 'ਚ ਥਾਂ-ਥਾਂ 'ਤੇ ਗੰਦਗੀ ਸੁੱਟੀ ਜਾ ਰਹੀ ਹੈ। ਬੁਲਾਰਿਆਂ ਵੱਲੋਂ ਪੇਸ਼ ਕੀਤੇ ਗਏ ਅੰਕੜੇ ਹੈਰਾਨੀਜਨਕ ਸਨ। ਬੁਲਾਰਿਆਂ ਨੇ ਨਦੀਆਂ ਅਤੇ ਦਰਿਆਵਾਂ 'ਚ ਪ੍ਰਦੂਸ਼ਣ ਵੱਧਣ ਪਿੱਛੇ ਰਾਜਨੀਤਿਕ ਆਗੂਆਂ 'ਚ ਇੱਛਾ ਸ਼ਕਤੀ ਦੀ ਘਾਟ ਨੂੰ ਵੀ ਮੁੱਖ ਕਾਰਨ ਦੱਸਿਆ। ਬੁਲਾਰੇ ਇਸ ਗੱਲ 'ਤੇ ਵੀ ਇੱਕਮਤ ਸਨ ਕਿ ਸਿਆਸੀ ਪਾਰਟੀਆਂ ਅਤੇ ਖਾਸ ਕਰਕੇ ਸੱਤਾਧਾਰੀ ਰਾਜਨੀਤਿਕ ਪਾਰਟੀਆਂ ਦੇ ਆਗੂ ਨਦੀਆਂ ਅਤੇ ਦਰਿਆਵਾਂ ਦੇ ਪ੍ਰਦੂਸ਼ਣ ਨੂੰ ਖਤਮ ਕਰਨਾ ਹੀ ਨਹੀਂ ਚਹੁੰਦੇ।



ਪਵਿੱਤਰ ਕਾਲੀ ਵੇਈਂ ਨੂੰ ਲੋਕਾਂ ਦੀ ਸ਼ਾਮੂਲੀਅਤ ਨਾਲ ਮੁੜ ਨਿਰਮਲ ਬਣਾਉਣ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦਸਿਆ ਕਿ ਲੋਕਾਂ ਨਾਲੋਂ ਵੱਧ ਜ਼ਿੰਮੇਵਾਰ ਪ੍ਰਸ਼ਾਸ਼ਨਿਕ ਅਧਿਕਾਰੀ ਹਨ, ਜਿਨ੍ਹਾਂ ਨੇ ਸਮਾਂ ਰਹਿੰਦਿਆਂ ਪ੍ਰਦੂਸ਼ਣ ਰੋਕਣ ਲਈ ਢੁੱਕਵੇਂ ਕਦਮ ਨਹੀਂ ਚੁੱਕੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸ਼ਾਮੂਲੀਅਤ ਨਾਲ ਹੀ ਗੰਗਾ ਸਮੇਤ ਦੇਸ਼ ਦੀਆਂ ਹੋਰ ਨਦੀਆਂ ਅਤੇ ਦਰਿਆਵਾਂ ਨੂੰ ਸਾਫ ਕੀਤਾ ਜਾ ਸਕਦਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਉਹ ਕਿਸੇ ਵੀ ਕੰਮ ਦੀ ਪ੍ਰਾਜੈਕਟ ਰਿਪੋਰਟ ਬਣਾਉਣ ਦੀ ਥਾਂ ਉਸ 'ਤੇ ਅਮਲ ਕਰਨ 'ਚ ਭਰੋਸਾ ਰੱਖਦੇ ਹਨ। ਬਾਬੇ ਨਾਨਕ ਦੀ ਵੇਈਂ ਦੀ ਸਫਾਈ ਦਾ ਪਹਿਲਾਂ ਕੋਈ ਪ੍ਰਾਜੈਕਟ ਜਾਂ ਵੱਡਾ ਬਜਟ ਰੱਖ ਕੇ ਕੰਮ ਨਹੀਂ ਕੀਤਾ ਸਗੋਂ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸੰਤਘਾਟ ਤੋਂ ਸਫਾਈ ਲਈ ਕਾਰ ਸੇਵਾ ਸ਼ੁਰੂ ਕਰ ਦਿੱਤੀ ਸੀ। ਵੇਈਂ ਬਾਰੇ ਡਾ: ਕਲਾਮ ਦੀ ਸਾਂਝ ਦਾ ਜ਼ਿਕਰ ਕਰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਇਕ ਰਾਸ਼ਟਰਪਤੀ ਦਾ ਖਬਰ ਪੜ੍ਹ ਕੇ ਬਾਬੇ ਨਾਨਕ ਦੀ ਨਦੀਂ ਨੂੰ ਦੇਖਣ ਆ ਜਾਣਾ ਆਪਣੇ ਆਪ 'ਚ ਹੀ ਬਹੁਤ ਵੱਡੀ ਗੱਲ ਹੈ। ਇਸ ਨਾਲ ਕਾਰ ਸੇਵਾ ਦਾ ਹੌਸਲਾ ਵੱਧਦਾ ਹੈ। ਉਨ੍ਹਾਂ ਕਿਹਾ ਕਿ ਪਾਣੀਆਂ ਦੇ ਕੁਦਰਤੀ ਸਰੋਤਾਂ ਬਾਰੇ ਰਾਜਨੀਤਿਕ ਲੀਡਰਾਂ ਦੀ ਪਹੁੰਚ ਵੀ ਡਾ. ਕਲਾਮ ਵਰਗੀ ਹੋਣੀ ਚਾਹੀਦੀ ਹੈ। ਦਰਿਆਵਾਂ ਦੇ ਕਿਨਾਰੇ ਲੱਗਣ ਵਾਲੇ ਫਲਦਾਰ ਬੂਟਿਆਂ 'ਚ ਕਿਸਾਨਾਂ ਦੀ ਹਿੱਸੇਦਾਰੀ ਹੋਵੇ। ਉਸ ਦਾ ਮੁਨਾਫਾ ਕਿਸਾਨਾਂ ਦੀਆਂ ਜੇਬਾਂ 'ਚ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਬੂਟੇ ਕਾਗਜ਼ਾਂ 'ਚ ਤਾਂ ਬਹੁਤ ਲੱਗ ਜਾਂਦੇ ਹਨ ਪਰ ਧਰਾਤਲ 'ਤੇ ਇਸ ਦੇ ਨਤੀਜੇ ਕਿਧਰੇ ਵੀ ਦਿਖਾਈ ਨਹੀਂ ਦਿੰਦੇ। ਯੂਨੀਵਰਸਿਟੀ ਆਫ ਅਲਬਰਟਾ ਕੈਨੇਡਾ ਤੋਂ ਆਈ ਮਾਹਿਰ ਅਫਰੀਨ ਅਨਵਰ ਨੇ ਕਿਹਾ ਸਭ ਤੋਂ ਪਹਿਲਾਂ ਤਾਂ ਰਾਜਨੀਤਿਕ ਆਗੂਆਂ ਦੇ ਦਿਲੋਂ–ਦਿਮਾਗ 'ਚੋਂ ਜਦੋਂ ਤਕ ਗੰਦਗੀ ਖਤਮ ਨਹੀਂ ਕੀਤੀ ਜਾ ਸਕਦੀ ਉਦੋਂ ਤੱਕ ਦਰਿਆਵਾਂ ਨੂੰ ਸਾਫ ਕਰਨਾ ਮੁਸ਼ਕਿਲ ਹੈ।

ਕਾਨੂੰਨ ਮਾਹਿਰ ਡਾ. ਅਵਦੇਸ਼ ਪ੍ਰਤਾਪ ਨੇ ਕਿਹਾ ਕਿ ਸੀਚੇਵਾਲ ਮਾਡਲ ਦੇਸ਼ ਦਾ ਸਭ ਤੋਂ ਵਧੀਆ ਮਾਡਲ ਹੈ। ਉਨ੍ਹਾਂ ਨੇ ਕਿਹਾ ਬੇਟੀ ਬਚਾਓ ਬੇਟੀ ਪੜ੍ਹਾਓ ਵਾਂਗ ਹੀ ਦੇਸ਼ ਦੇ ਦਰਿਆਵਾਂ ਅਤੇ ਨਦੀਆਂ ਨੂੰ ਬਚਾਉਣ ਲਈ ਵਿਸ਼ੇਸ਼ ਮੁਹਿੰਮ ਨਦੀ ਬਚਾਉ ਚਲਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀਆਂ ਨਦੀਆਂ ਅਤੇ ਰਾਜਨੀਤਿਕ ਲੋਕਾਂ ਦੀ ਸ਼ਹਿ ਨਾਲ ਹੋ ਰਹੇ ਨਾਜਾਇਜ਼ ਕਬਜ਼ੇ ਅਤੇ ਨਦੀਆਂ 'ਚ ਪਾਏ ਜਾ ਰਹੇ ਗੰਦੇ ਪਾਣੀ ਵੱਡੀ ਸਮੱਸਿਆ ਹੈ, ਜਿਸ ਨੂੰ ਨਜਿੱਠਣ ਲਈ ਸੰਤ ਸੀਚੇਵਾਲ ਜੀ ਵਰਗੀਆਂ ਸਖਸ਼ੀਅਤਾਂ ਦਾ ਇਕ ਮਜ਼ਬੂਤ ਸੰਗਠਨ ਬਣਾਉਣ ਦੀ ਲੋੜ ਹੈ ਜੋ ਦੇਸ਼ ਦੇ ਦਰਿਆਵਾਂ ਨੂੰ ਬਚਾ ਸਕਣ।
ਚੁੰਗਨਮ ਨੈਸ਼ਨਲ ਯੂਨੀਵਰਸਿਟੀ ਦੱਖਣੀ ਕੋਰੀਆ ਦੇ ਪ੍ਰੋ. ਕਵਾਂਗ ਗੁਕ ਅਨ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਡਾ. ਅਰਸ਼ਦ ਹੁਸੈਨ ਨੇ ਕਿਹਾ ਕਿ ਕੋਈ ਵੀ ਮਾਡਲ ਤਾਂ ਹੀ ਸਫਲ ਹੋ ਸਕਦਾ ਹੈ ਜੇ ਉਹ ਧਰਾਤਲ ਦੀਆਂ ਸਮੱਸਿਆਵਾਂ ਨੂੰ ਦੇਖ ਕੇ ਬਣਾਇਆ ਜਾਵੇ। ਵਿਗਿਆਨਿਕ ਅੰਕੜਿਆਂ ਨਾਲ ਭਾਰਤ ਦੇ ਦਰਿਆ ਸਾਫ ਨਹੀਂ ਕੀਤੇ ਜਾ ਸਕਦੇ। ਦੇਸ਼ ਦੀਆਂ ਨਦੀਆਂ ਸਾਫ ਕਰਨ ਲਈ ਸੰਤ ਸੀਚੇਵਾਲ ਜੀ ਵਾਂਗ ਸਮਾਜ ਨੂੰ ਨਾਲ ਲੈ ਕੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਦਾ ਹੈ। ਵਿਗਿਆਨਿਕ ਖੋਜਾਂ ਨਾਲੋਂ ਪਹਿਲਾ ਸਮਾਜ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦਾ ਸਹਿਯੋਗ ਲੈਣ ਦੀ ਲੋੜ ਹੈ, ਜਿਸ ਲਈ ਸੰਤ ਸੀਚੇਵਾਲ ਜੀ ਵਰਗੀਆਂ ਸਖਸ਼ੀਅਤਾ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ।

ਡਾ. ਵੀ ਆਰ ਸਾਰਥ ਬਾਬੂ ਨੇ ਕਿਹਾ ਕਿ ਭਾਰਤ ਦੇਸ਼ ਦਾ ਇਤਿਹਾਸ ਇਨ੍ਹਾਂ ਮਹਾਨ ਹੈ ਕਿ ਇਸ ਦੇਸ਼ ਦੇ ਰਾਜੇ ਵੀ ਲੋਕਾਂ ਦੀਆਂ ਲੋੜਾਂ ਪੂਰੀਆ ਕਰਨ ਲਈ ਕਰੋੜਾਂ ਤਲਾਬ ਬਣਾ ਕੇ ਗਏ, ਨਦੀਆਂ ਖੁਦਵਾਈਆਂ, ਨਦੀਆਂ ਕੰਡੇ ਸੁੰਦਰ ਘਾਟ ਬਣਾਏ, ਜਿਸ ਦੀ ਮਿਸਾਲ ਅੱਜ ਵੀ ਸਤਯੁਗੀ ਸ਼ਹਿਰ ਬਨਾਰਸ ਵਿੱਚ ਗੰਗਾ ਕਿਨਾਰੇ ਵੱਖ ਵੱਖ ਰਾਜਿਆਂ ਵੱਲੋਂ ਬਣਾਏ ਅਨੇਕਾਂ ਸੁੰਦਰ ਘਾਟ ਦੇਖਣ ਨੂੰ ਮਿਲਦੀ ਹੈ। ਬਨਾਰਸ 'ਚ ਹੀ ਇਕ ਹਜ਼ਾਰ ਦੇ ਕਰੀਬ ਤਲਾਬ ਖੁਦਵਾਏ ਹੋਏ ਸਨ।ਅੱਜ ਦੇ ਕਲਯੁਗੀ ਰਾਜਨੀਤਿਕ ਲੋਕ ਸਮਾਜ ਦੀਆਂ ਲੋੜਾਂ ਪੂਰੀਆਂ ਕਰਨ ਨੂੰ ਬਣਾਏ ਇਨ੍ਹਾਂ ਤਲਾਬਾਂ ਨੂੰ ਪੂਰ ਕੇ ਕਲੌਨੀਆਂ ਕੱਟ ਰਹੇ ਹਨ, ਵੱਡੇ ਵੱਡੇ ਹੋਟਲ ਬਣਾ ਰਹੇ ਹਨ। ਸਮਾਜ ਦੀ ਸੋਚ ਵਿੱਚ ਆਏ ਇਸ ਵੱਡੇ ਨਿਗਾਰ ਨੂੰ ਜਿੰਨਾ ਚਿਰ ਬਦਲਿਆ ਨਹੀਂ ਜਾਂਦਾ ਉਨ੍ਹਾਂ ਚਿਰ ਦੇਸ਼ ਦੇ ਦਰਿਆਵਾਂ ਅਤੇ ਤਲਾਬਾਂ ਨੂੰ ਬਚਾਉਣਾ ਔਖਾ ਹੈ।
ਇਸ ਮੌਕੇ ਅੰਤਰਰਾਸ਼ਟਰੀ ਕਾਨਫਰੰਸ ਦੇ ਕਨਵੀਨਰ ਡਾ. ਪ੍ਰਭਾਤ ਕੁਮਾਰ ਸਿੰਘ, ਡਾ. ਸ਼ੀਸ਼ਰ ਗੌਰ, ਅਨੁਰਾਗ ਅੋਹਰੀ, ਸੁਪਰੀਆ ਮੋਹੰਤੀ, ਐਸ ਬੀ ਦੀਵੇਦੀ, ਡਾ. ਸਾਈ ਸੌਰਭ ਅਸੌਰੀਆ, ਅਰਵਿੰਦ ਕੁਮਾਰ ਜੈਨ, ਡਾ. ਇੰਦਰਾ ਕੁਮਾਰ ਝਾ, ਡਾ. ਵਿਕਰਾਂਤ ਜੈਨ, ਰਮੀਤਾ ਵਰਸ਼ਹਨੇ, ਸਮੀਰ ਅਰੋੜਾ, ਏ ਅੇਨ ਸਿੰਘ, ਡਾ. ਸ਼ੋਮਾਦਾਸ ਸਰਕਾਰ, ਨਦੀਮ ਖਲੀਲ, ਸੰਗੀਤਾ ਜਾਇਰਾ,ਸੰਤ ਦਇਆ ਸਿੰਘ ਜੀ, ਗੁਰਵਿੰਦਰ ਸਿੰਘ ਬੋਪਾਰਾਏ, ਡਾ, ਨਾਰੇਂਦਰ ਦੇਵ, ਸ਼੍ਰੀਆਸ ਗੁਣੇ ਨਮਾਮੀ ਗੰਗੇ, ਰਾਜੇਸ਼ ਸ੍ਰੀਵਾਸਤਵਾ, ਡਾ. ਪੀ ਕੇ ਮਿਸ਼ਰਾ, ਡਾ. ਯੋਗਿੰਦਰ ਮਿਸ਼ਰਾ ਆਦਿ ਹਾਜ਼ਰ ਸਨ।