ਨਿਗਮ ਨੂੰ ਮਹਿੰਗਾ ਪੈ ਸਕਦਾ ਹੈ ਬੱਚਿਆਂ ਤੋਂ ਕੂੜਾ ਤੇ ਚਿੱਕੜ ਚੁਕਵਾਉਣਾ

01/22/2020 1:57:26 PM

ਜਲੰਧਰ (ਖੁਰਾਣਾ)— ਇਨ੍ਹੀਂ ਦਿਨੀਂ ਦੇਸ਼ ਦੇ ਸੈਂਕੜੇ ਸ਼ਹਿਰਾਂ 'ਚ ਸਵੱਛਤਾ ਸਰਵੇਖਣ 2020 ਦਾ ਚੌਥਾ ਅਤੇ ਆਖਰੀ ਰਾਊਂਡ ਚੱਲ ਰਿਹਾ ਹੈ, ਜਿਸ ਦੌਰਾਨ ਸਰਵੇ ਕਰਨ ਵਾਲੀਆਂ ਟੀਮਾਂ ਦੇ ਨੁਮਾਇੰਦੇ ਸਬੰਧਤ ਸ਼ਹਿਰਾਂ 'ਚ ਜਾ ਕੇ ਉਥੋਂ ਦੀ ਸਫਾਈ ਵਿਵਸਥਾ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਨੰਬਰ ਦੇਣਗੇ, ਜਿਸ ਦੇ ਆਧਾਰ 'ਤੇ ਸ਼ਹਿਰ ਦੀ ਰੈਂਕਿੰਗ ਬਣਾਈ ਜਾਵੇਗੀ। ਜਲੰਧਰ 'ਚ ਇਸ ਸਰਵੇਖਣ ਦੇ ਚੌਥੇ ਰਾਊਂਡ ਦੀ ਸ਼ੁਰੂਆਤ 4 ਜਨਵਰੀ ਨੂੰ ਹੋ ਚੁੱਕੀ ਹੈ ਅਤੇ ਸਬੰਧਤ ਟੀਮਾਂ ਨੇ ਆਪਣੇ ਪੱਧਰ 'ਤੇ ਚੁਪ-ਚੁਪੀਤੇ ਸਰਵੇ ਸ਼ੁਰੂ ਕੀਤਾ ਹੋਇਆ ਹੈ। ਖਾਸ ਗੱਲ ਇਹ ਹੈ ਕਿ ਸਰਵੇ ਕਰਨ ਵਾਲੀਆਂ ਟੀਮਾਂ ਦੇ ਨੁਮਾਇੰਦੇ ਨਿਗਮ ਜਾਂ ਸ਼ਹਿਰ ਦੇ ਕਿਸੇ ਅਧਿਕਾਰੀ ਨੂੰ ਦੱਸੇ ਬਿਨਾਂ ਆਪਣੇ ਪੱਧਰ 'ਤੇ ਸਫਾਈ ਵਿਸਵਥਾ ਆਦਿ ਦਾ ਨਿਰੀਖਣ ਕਰਨਗੇ।

ਇਸ ਸਰਵੇਖਣ 'ਚ ਚੰਗੀ ਰੈਂਕਿੰਗ ਹਾਸਲ ਕਰਨ ਲਈ ਨਗਰ ਨਿਗਮ ਨੇ ਚੌਥੇ ਰਾਊਂਡ ਦੀ ਇੰਸਪੈਕਸ਼ਨ ਲਈ ਕੋਈ ਖਾਸ ਤਿਆਰੀਆਂ ਤਾਂ ਨਹੀਂ ਕੀਤੀਆਂ ਪਰ ਅਚਾਨਕ ਨਿਗਮ ਨੇ 16 ਜਨਵਰੀ ਨੂੰ ਇਕ ਮੁਹਿੰਮ ਸ਼ੁਰੂ ਕਰ ਦਿੱਤੀ, ਜਿਸ ਦੇ ਤਹਿਤ ਸ਼ਹਿਰ ਦੇ 6 ਕਾਲਜਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਬੱਚਿਆਂ 'ਤੇ ਆਧਾਰਿਤ ਟੀਮਾਂ ਨੂੰ ਤਤਕਾਲ ਫੀਲਡ 'ਚ ਭੇਜਿਆ ਗਿਆ। ਇਨ੍ਹੀਂ ਦਿਨੀਂ ਭਾਰੀ ਸਰਦੀ ਦੇ ਬਾਵਜੂਦ ਇਨ੍ਹਾਂ ਕਾਲਜਾਂ ਦੇ ਬੱਚਿਆਂ ਨੇ ਸਵੇਰੇ ਤੜਕੇ ਸੜਕਾਂ 'ਤੇ ਨਿਕਲ ਕੇ ਨਾ ਸਿਰਫ ਝਾੜੂ ਫੇਰਿਆ ਅਤੇ ਕੂੜਾ ਚੁੱਕਿਆ ਸਗੋਂ ਫੁੱਟਪਾਥਾਂ ਉਪਰ ਅਤੇ ਸੜਕਾਂ ਦੇ ਕਿਨਾਰੇ ਸਾਲਾਂ ਤੋਂ ਜੰਮੀ ਗੰਦਗੀ ਨੂੰ ਵੀ ਸਾਫ ਕੀਤਾ। ਕਈ ਥਾਵਾਂ 'ਤੇ ਤਾਂ ਇਨ੍ਹਾਂ ਬੱਚਿਆਂ ਨੇ ਸੜਕਾਂ ਦੇ ਕਿਨਾਰਿਆਂ 'ਤੇ ਜੰਮਿਆ ਚਿੱਕੜ ਤੱਕ ਸਾਫ ਕੀਤਾ।

ਬੱਚਿਆਂ ਦੀ ਸ਼ਹਿਰ ਪ੍ਰਤੀ ਕੰਮ ਕਰਨ ਦੀ ਭਾਵਨਾ ਵੇਖ ਕੇ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਖੁਦ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਸ਼ਹਿਰੀਆਂ ਨੇ ਵੀ ਇਨ੍ਹਾਂ ਬੱਚਿਆਂ ਦੀ ਮਿਹਨਤ ਦੀ ਕਾਫੀ ਸ਼ਲਾਘਾ ਕੀਤੀ ਪਰ ਹੁਣ ਸੂਚਨਾ ਮਿਲ ਰਹੀ ਹੈ ਕਿ ਕੇਂਦਰ ਸਰਕਾਰ ਨਾਲ ਸਬੰਧਤ ਮੰਤਰਾਲਾ ਨੇ ਨਿਗਮ ਵਲੋਂ ਬੱਚਿਆਂ ਕੋਲੋਂ ਕਰਵਾਈ ਗਈ ਅਜਿਹੀ ਸਫਾਈ ਸਬੰਦੀ ਮੁਹਿੰਮ ਦਾ ਨੋਟਿਸ ਲੈ ਲਿਆ ਹੈ ਅਤੇ ਨਿਗਮ ਨੂੰ ਇਕ ਚਿੱਠੀ ਵੀ ਜਾਰੀ ਕੀਤੀ ਹੈ।

ਪਤਾ ਲੱਗਾ ਹੈ ਕਿ ਮੰਤਰਾਲਾ ਕੋਲ ਇਸ ਮੁਹਿੰਮ ਬਾਰੇ ਛਪੀਆਂ ਖਬਰਾਂ ਦੀਆਂ ਤਸਵੀਰਾਂ ਪਹੁੰਚੀਆਂ ਸਨ, ਜਿਸ ਤੋਂ ਨਿਗਮ ਦੀ ਪੋਲ ਖੁੱਲ੍ਹੀ ਕਿ ਨਿਗਮ ਸਵੱਛਤਾ ਸਰਵੇਖਣ ਦੇ ਨਜ਼ਰੀਏ ਤੋਂ ਹੀ ਇਹ ਮੁਹਿੰਮ ਐਨ ਮੌਕੇ 'ਤੇ ਚਲਾ ਰਿਹਾ ਹੈ। ਉਂਝ ਨਿਗਮ ਦੇ ਅਧਿਕਾਰੀ ਕੇਂਦਰ ਸਰਕਾਰ ਦੇ ਮੰਤਰਾਲਾ ਤੋਂ ਆਈ ਚਿੱਠੀ ਨੂੰ ਨਕਾਰ ਰਹੇ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਨਿਗਮ ਨੂੰ ਬੱਚਿਆਂ ਕੋਲੋਂ ਕਰਵਾਈ ਗਈ ਅਜਿਹੀ ਸਫਾਈ ਦੀ ਮੁਹਿੰਮ ਆਉਣ ਵਾਲੇ ਦਿਨਾਂ 'ਚ ਮਹਿੰਗੀ ਪੈ ਸਕਦੀ ਹੈ। ਇਸ ਮੁਹਿੰਮ ਦੌਰਾਨ ਜਿਨ੍ਹਾਂ ਲੋਕਾਂ ਨੇ ਬੱਚਿਆਂ ਨੂੰ ਸੜਕਾਂ 'ਤੇ ਸਫਾਈ ਕਰਦੇ ਵੇਖਿਆ, ਉਨ੍ਹਾਂ ਨੇ ਜਿੱਥੇ ਬੱਚਿਆਂ ਦੇ ਜਜ਼ਬੇ ਨੂੰ ਸਰਾਹਿਆ, ਉਥੇ ਨਗਰ ਨਿਗਮ ਦੇ ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰੱਜ ਕੇ ਭੰਡਿਆ ਜੋ ਮੋਟੀਆਂ ਤਨਖਾਹਾਂ ਲੈ ਕੇ ਵੀ ਅਜਿਹੀ ਸਫਾਈ ਨਹੀਂ ਕਰ ਰਹੇ ਸਨ।

ਅਟਵਾਲ ਅਤੇ ਚੌਧਰੀ ਸੰਤੋਖ ਸਿੰਘ ਦੇ ਪੋਸਟਰ ਅਜੇ ਤੱਕ ਸ਼ਹਿਰ 'ਚ ਲੱਗੇ
ਦੇਸ਼ 'ਚ ਲੋਕ ਸਭਾ ਚੋਣਾਂ ਅਪ੍ਰੈਲ-ਮਈ 2019 'ਚ ਹੋਈਆਂ ਸਨ, ਜਿਨ੍ਹਾਂ ਨੂੰ ਹੋਇਆਂ ਇਕ ਸਾਲ ਹੋਣ ਨੂੰ ਹੈ ਪਰ ਅਜੇ ਤੱਕ ਸ਼ਹਿਰ ਦੀਆਂ ਕੰਧਾਂ 'ਤੇ ਉਸ ਸਮੇਂ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਅਤੇ ਚੌਧਰੀ ਸੰਤੋਖ ਸਿੰਘ ਦੇ ਪੋਸਟਰ ਲੱਗੇ ਹੋਏ ਹਨ, ਜਿਸ ਤੋਂ ਸਪੱਸ਼ਟ ਹੈ ਕਿ ਨਿਗਮ ਨੇ ਕਦੇ ਇਨ੍ਹਾਂ ਨੂੰ ਸਾਫ ਕਰਨ ਜਾਂ ਹਟਾਉਣ ਦਾ ਕੰਮ ਨਹੀਂ ਕੀਤਾ। ਹਾਲ ਹੀ ਵਿਚ ਕਾਲਜਾਂ ਦੇ ਬੱਚਿਆਂ ਨੇ ਸੜਕਾਂ ਅਤੇ ਫੁੱਟਪਾਥਾਂ ਦੀ ਸਫਾਈ ਦੇ ਨਾਲ-ਨਾਲ ਹਜ਼ਾਰਾਂ ਦੀ ਗਿਣਤੀ 'ਚ ਲੱਗੇ ਅਜਿਹੇ ਪੋਸਟਰ ਵੀ ਉਤਾਰੇ, ਜਿਸ ਨਾਲ ਸ਼ਹਿਰ ਕੁਝ ਸਾਫ-ਸਾਫ ਨਜ਼ਰ ਆਇਆ।

shivani attri

This news is Content Editor shivani attri