''ਸਟਾਪ ਦਿ ਸਪੌਟ'' ਸੰਸਥਾ ਨੇ ਕੇਰਲ ਹੜ੍ਹ ਪੀੜਤ ਔਰਤਾਂ ਲਈ ਭੇਜੇ 2 ਹਜ਼ਾਰ ਸੈਨੇਟਰੀ ਪੈਡਜ਼

08/21/2018 3:54:45 PM

ਜਲੰਧਰ (ਚੋਪੜਾ)— ਸਮਾਜ ਸੇਵੀ ਸੰਸਥਾ 'ਸਟਾਪ ਦਿ ਸਪੌਟ' ਨੇ ਕੇਰਲ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ। ਸੰਸਥਾ ਦੀ ਸੰਚਾਲਕ ਜਾਨ੍ਹਵੀ ਵੀਰ ਸਿੰਘ ਦੀ ਟੀਮ ਨੇ ਖਾਲਸਾ ਏਡ ਅਤੇ ਆਰਟ ਆਫ ਲਿਵਿੰਗ ਰਾਹੀਂ ਹੜ੍ਹ ਪੀੜਤ ਔਰਤਾਂ ਲਈ 2000 ਸੈਨੇਟਰੀ ਪੈਡਜ਼ ਦੇ ਪੈਕਟ ਭੇਜੇ। ਸੰਸਥਾ ਦੇ ਮੈਂਬਰਾਂ ਸੁਮੇਰ ਸਿੰਘ ਵੀਰ, ਲਾਵਨਿਆ ਜੈਨ, ਰਣਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਮੁੱਚੀ ਟੀਮ ਸਕੂਲ ਟਾਈਮ ਤੋਂ ਬਾਅਦ ਸਮਾਂ ਕੱਢ ਕੇ ਜ਼ਿਆਦਾ ਤੋਂ ਜ਼ਿਆਦਾ ਪੈਡ ਬਣਾਵੇਗੀ ਤਾਂ ਜੋ ਆਉਣ ਵਾਲੇ ਸਮੇਂ ਵਿਚ ਵੱਧ ਤੋਂ ਵੱਧ ਮਦਦ ਕੇਰਲ ਦੀਆਂ ਔਰਤਾਂ ਲਈ ਭੇਜ ਸਕੀਏ। 
ਜ਼ਿਕਰਯੋਗ ਹੈ ਕਿ ਸਕੂਲਾਂ ਦੇ ਛੋਟੇ-ਛੋਟੇ ਵਿਦਿਆਰਥੀਆਂ ਨੇ ਉਕਤ ਸੰਸਥਾ ਨੂੰ ਅਪਣਾ ਕੇ ਘਰ 'ਚ ਹੀ ਸੈਨੇਟਰੀ ਪੈਡਜ਼ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਇਨ੍ਹਾਂ ਪੈਡਜ਼ ਨੂੰ ਜਾ ਕੇ ਗਰੀਬ ਬਸਤੀਆਂ 'ਚ ਜਾ ਕੇ ਗਰੀਬ ਅਤੇ ਲੋੜਵੰਦ ਔਰਤਾਂ ਸਮੇਤ ਲੜਕੀਆਂ ਨੂੰ ਮੁਫਤ ਵੰਡਿਆ ਸੀ। ਇਸ ਤੋਂ ਇਲਾਵਾ ਬੱਚਿਆਂ ਨੇ ਸਲੱਮ ਏਰੀਆ ਵਿਚ ਜਾ ਕੇ ਔਰਤਾਂ ਨੂੰ ਮਾਹਵਾਰੀ ਦੌਰਾਨ ਸੈਨੇਟਰੀ ਪੈਡਸ ਦੀ ਵਰਤੋਂ ਨੂੰ ਲੈ ਕੇ ਜਾਗਰੂਕ ਕਰਨ ਸਬੰਧੀ ਮੁਹਿੰਮ ਵੀ ਛੇੜੀ ਹੋਈ ਹੈ ਤਾਂ ਜੋ ਮਾਹਵਾਰੀ ਦੇ ਦਿਨਾਂ ਵਿਚ ਸਾਫ ਸਫਾਈ ਨਾ ਹੋਣ ਕਾਰਨ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਿਆ ਜਾ ਸਕੇ। 
ਬੱਚਿਆਂ ਦੇ ਇਸ ਅਨੌਖੇ ਯਤਨ ਨੂੰ ਲੈ ਕੇ ਉਨ੍ਹਾਂ ਨੂੰ ਪੂਰੇ ਦੇਸ਼ 'ਚ ਪ੍ਰਸ਼ੰਸਾ ਮਿਲ ਰਹੀ ਹੈ ਅਤੇ ਪੰਜਾਬ ਸਰਕਾਰ ਨੇ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ 'ਚ ਸੰਸਥਾ ਨੂੰ ਸਨਮਾਨਿਤ ਵੀ ਕੀਤਾ ਹੈ। ਰਾਹਤ ਸਮੱਗਰੀ ਭੇਜਣ ਦੌਰਾਨ ਇੰਦੂ ਸਿੰਘ, ਸੁਨੀਤਾ ਰਾਣੀ, ਦੁਰਗੇਸ਼ ਕੁਮਾਰ, ਰਾਜੂ ਕੁਮਾਰ, ਅਮਿਤ ਕੁਮਾਰ, ਤ੍ਰੀਨਭ ਜੈਨ ਅਤੇ ਹੋਰ ਵੀ ਮੌਜੂਦ ਸਨ।