ਬੱਸ ਅੱਡੇ ਦੀ ਥਾਂ ਤਬਦੀਲ ਕਰਨ ਤੋਂ ਗੁੱਸਾਏ ਲੋਕਾਂ ਨੇ ਲਾਇਆ ਧਰਨਾ

02/25/2020 4:53:39 PM

ਰੂਪਨਗਰ (ਵਿਜੇ ਸ਼ਰਮਾ)— ਰੂਪਨਗਰ ਦੇ ਬੱਸ ਅੱਡੇ ਨੂੰ ਤਬਦੀਲ ਕਰਕੇ ਪੁਲਸ ਲਾਈਨ ਪਿੰਡ ਭਿਓਰਾ ਨੇੜੇ ਲਿਜਾਣ ਦੇ ਫੈਸਲੇ ਦੇ ਵਿਰੋਧ 'ਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਬਾਗ 'ਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੌਰਾਨ ਸੰਬੋਧਨ ਕਰਦੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਸਨ, ਜਿਸ 'ਚ ਨੌਜਵਾਨਾਂ ਨੂੰ ਨੌਕਰੀ ਦੇਣਾ, ਨਸ਼ੇ ਦਾ ਖਾਤਮਾ ਕਰਨਾ, ਕਿਸਾਨ ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹਿੱਤ 'ਚ ਕੰਮ ਕਰਨੇ ਆਦਿ ਸ਼ਾਮਲ ਸਨ। ਪਰ ਹੁਣ ਉੁਕਤ ਵਾਅਦਿਆਂ ਤੋਂ ਮੁਨਕਰ ਹੋ ਕੇ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਜਨਤਾ 'ਚ ਭਾਰੀ ਰੋਸ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਰੂਪਨਗਰ ਵਿਖੇ ਸ਼ਹਿਰ, ਕਾਲਜ, ਕੋਰਟ, ਸੈਨਿਕ ਹਸਪਤਾਲ, ਮਿੰਨੀ ਸਕੱਤਰੇਤ ਨੇੜੇ ਪੈਂਦੇ ਬੱਸ ਅੱਡੇ ਨੂੰ ਤਬਦੀਲ ਕਰਕੇ ਨਵਾਂ ਬੱਸ ਅੱਡਾ ਪੁਲਸ ਲਾਈਨ ਪਿੰਡ ਭਿਓਰਾ ਨੇੜੇ ਬਣਾਉਣ ਦੀ ਨੀਤੀ ਅਖਤਿਆਰ ਕੀਤੀ ਜਾ ਰਹੀ ਹੈ। ਜਦੋਂ ਕਿ ਇਸ ਫੈਸਲੇ ਨਾਲ ਜ਼ਿਲੇ ਦੇ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਤੋਂ ਕਈ ਕਿਲੋਮੀਟਰ ਦੂਰ ਬੱਸ ਅੱਡਾ ਸਥਾਪਤ ਹੋਣ ਨਾਲ ਜਿੱਥੇ ਲੋਕਾਂ ਦਾ ਖਰਚਾ ਵਧੇਗਾ ਉੱਥੇ ਹੀ ਲੋਕਾਂ ਨੂੰ ਬੱਸਾਂ ਲੈਣ ਲਈ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਬੱਸ ਅੱਡਾ ਤਬਦੀਲ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ ਅਤੇ ਬੱਸ ਅੱਡਾ ਮੌਜੂਦਾ ਥਾਂ ਹੀ ਬਰਕਰਾਰ ਰੱਖਿਆ ਜਾਵੇ ਜਾਂ ਫਿਰ ਇਸ ਦੇ ਆਸਪਾਸ ਕਿਸੇ ਢੁਕਵੇਂ ਸਥਾਨ 'ਤੇ ਬੱਸ ਅੱਡਾ ਬਣਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਬੱਸ ਅੱਡਾ ਸ਼ਹਿਰ ਤੋਂ ਦੂਰ ਬਣਾਇਆ ਗਿਆ ਤਾਂ ਇਸਦੇ ਵਿਰੋਧ 'ਚ ਜ਼ਿਲੇ ਦੇ ਲੋਕ ਵੱਡੇ ਪੱਧਰ 'ਤੇ ਸੰਘਰਸ਼ ਲਈ ਮਜਬੂਰ ਹੋਣਗੇ। ਪ੍ਰਦਰਸ਼ਨਕਾਰੀਆਂ ਵਲੋਂ ਇਸਦੇ ਸਬੰਧ 'ਚ ਇਕ ਮੰਗ-ਪੱਤਰ ਡਿਪਟੀ ਕਮਿਸ਼ਨਰ ਰੂਪਨਗਰ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਰਾਜਪਾਲ ਪੰਜਾਬ ਦੇ ਨਾਂ ਜਾਰੀ ਕੀਤਾ ਗਿਆ।

ਇਸ ਮੌਕੇ ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਲੋਦੀਮਾਜਰਾ, ਗੁਰਨਾਮ ਸਿੰਘ ਜੱਸੜਾ, ਰੁਪਿੰਦਰ ਸਿੰਘ ਰੂਪਾ ਖੁਆਸਪੁਰਾ ਜ਼ਿਲਾ ਅਤੇ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਗਿਆਨ ਸਿੰਘ ਘਨੌਲੀ ਆਗੂ ਪੰਜਾਬ ਸਟੇਟ ਕਰਮਚਾਰੀ ਦਲ, ਕੈਪਟਨ ਮੁਲਤਾਨ ਸਿੰਘ ਬੜੀ, ਪ੍ਰੇਮ ਸਿੰਘ ਸਾਬਕਾ ਸਰਪੰਚ ਤੋਂ ਇਲਾਵਾ ਇਲਾਕੇ ਦੇ ਲੋਕ ਵੱਡੀ ਗਿਣਤੀ 'ਚ ਸ਼ਾਮਲ ਸਨ।

shivani attri

This news is Content Editor shivani attri