ਡੇਅਰੀ ਫਾਰਮਰ ਦੀ ਸਫਲਤਾ ਦਾ ਰਾਜ਼, ਦੁੱਧ ਦਾ ਸਿੱਧਾ ਮੰਡੀਕਰਨ: ਬਲਬੀਰ ਸਿੱਧੂ

01/20/2019 10:40:18 AM

ਰੂਪਨਗਰ (ਵਿਜੇ) - ਡੇਅਰੀ ਫਾਰਮਰਜ਼ ਦੀ ਸਫਲਤਾ ਦਾ ਰਾਜ਼ ਦੁੱਧ ਦਾ ਸਿੱਧਾ ਮੰਡੀਕਰਨ ਹੈ। ਦੁੱਧ ਅਤੇ ਦੁੱਧ ਪਦਾਰਥਾਂ ਦਾ ਸਿੱਧਾ ਮੰਡੀਕਰਨ ਕਰਕੇ ਘਰਾਂ ਤੱਕ ਪਹੁੰਚ ਕਰਨਾ ਦੁੱਧ ਉਤਪਾਦਕਾਂ ਲਈ ਨਾ ਕੇਵਲ ਆਮਦਨ ਵਧਾਉਣ ਲਈ ਲਾਹੇਵੰਦ ਹੈ ਸਗੋਂ ਇਸ ਨਾਲ ਵਿਚੋਲਿਆਂ ਦੀ ਮਾਰ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਗੱਲ ਦਾ ਪ੍ਰਗਟਾਵਾ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਪਿੰਡ ਪੁਰਖਾਲੀ ਦੇ ਭੰਗੂ ਡੇਅਰੀ ਫਾਰਮ ਵਿਖੇ ਇਲਾਕੇ ਦੇ ਅਗਾਂਹਵਧੂ ਡੇਅਰੀ ਫਾਰਮਰਾਂ ਨਾਲ ਮੀਟਿੰਗ ਕਰਦਿਆਂ ਕੀਤਾ। ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਆਧੁਨਿਕ ਅਤੇ ਵਿਗਿਆਨਿਕ ਢੰਗ ਨਾਲ ਕੀਤੀ ਗਈ ਡੇਅਰੀ ਫਾਰਮਿੰਗ ਮੌਜੂਦਾ ਖੇਤੀਬਾੜੀ ਦਾ ਢੁੱਕਵਾਂ ਬਦਲ ਸਾਬਿਤ ਹੋ ਸਕਦੀ ਹੈ। ਜਿਸ ਲਈ ਪੰਜਾਬ ਸਰਕਾਰ ਵਲੋਂ ਪਸ਼ੂ ਪਾਲਣ ਤੇ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਸਥਾਪਿਤ ਕਰਨ ਲਈ ਵਿਭਾਗ ਦੇ ਪਸ਼ੂ ਫਾਰਮਾਂ ਅਤੇ ਸੀਮਨ ਬੈਂਕਾਂ ਦਾ ਸੁਧਾਰ ਕੀਤਾ ਗਿਆ ਹੈ ਜਿਸ ਦੇ ਹਾਂ-ਪੱਖੀ ਨਤੀਜੇ ਦੇਖਣ ਨੂੰ ਮਿਲ ਰਹੇ ਹਨ।  ਪੰਜਾਬ ਸਰਕਾਰ ਵਲੋਂ ਨਵੇਂ ਡੇਅਰੀ ਫਾਰਮ ਯੂਨਿਟ ਸਥਾਪਤ ਕਰਨ ਲਈ ਡੇਅਰੀ ਉੱਦਮਤਾ ਵਿਕਾਸ ਸਕੀਮ ਅਧੀਨ 11.25 ਕਰੋੜ ਰੁਪਏ ਸਬਸਿਡੀ ਦਿੱਤੀ ਗਈ ਹੈ।

ਬਲਬੀਰ ਸਿੱਧੂ ਨੇ ਕਿਹਾ ਕਿ ਦੁੱਧ ਦੇ ਕਿੱਤੇ ਨਾਲ ਜੁੜੇ ਕਿਸਾਨਾਂ ਦੀ ਆਮਦਨ ਵਧਾਉਣ ਹਿੱਤ ਹੁਣ ਵਿਚੋਲਿਆਂ ਨੂੰ ਦੁੱਧ ਵੇਚਣ ਦੇ ਪੁਰਾਣੇ ਤੇ ਰਵਾਇਤੀ ਢੰਗ ਨੂੰ ਬਦਲਣ ਦੀ ਲੋੜ ਹੈ। ਸਿੱਧੇ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਡੇਅਰੀ ਕਿਸਾਨਾਂ, ਦੁੱਧ ਉਤਪਾਦਕ ਕੰਪਨੀਆਂ, ਸੈਲਫ ਹੈਲਪ ਗਰੁੱਪਾਂ ਜਿਨ੍ਹਾਂ ਕੋਲ 50 ਦੁਧਾਰੂ ਹਨ ਅਤੇ 500 ਲਿਟਰ ਦੁੱਧ ਦਾ ਰੋਜ਼ਾਨਾ ਉਤਪਾਦਨ ਕੀਤਾ ਜਾਂਦਾ ਹੈ, ਨੂੰ ਆਟੋਮੈਟਿਕ ਦੁੱਧ ਚੁਆਈ ਯੂਨਿਟ ਸਥਾਪਤ ਕਰਨ ਲਈ 4 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭੰਗੂ ਡੇਅਰੀ ਫਾਰਮ ਹੋਰ ਡੇਅਰੀ ਫਾਰਮਰਾਂ ਦੇ ਲਈ ਪ੍ਰੇਰਨਾ ਦਾ ਸਰੋਤ ਹੈ। ਜਿਸ ਨੂੰ ਦੋਵੇਂ ਭਰਾ ਕਰਮਜੀਤ ਸਿੰਘ ਤੇ ਚਰਨਜੀਤ ਸਿੰਘ ਚਲਾ  ਰਹੇ  ਹਨ। ਉਨ੍ਹਾਂ ਇਥੇ ਹਾਜ਼ਰ ਹੋਰ ਕਿਸਾਨਾਂ ਤੇ ਦੁੱਧ ਉਤਪਾਦਕਾਂ ਨੂੰ ਵੀ ਕਿਹਾ ਕਿ ਉਹ ਵੀ ਗਰੁੱਪ ਬਣਾ ਕੇ ਸਿੱਧੇ ਤੌਰ 'ਤੇ ਦੁੱਧ ਦਾ ਮੰਡੀਕਰਨ ਕਰਨ ਅਤੇ ਪੰਜਾਬ ਸਰਕਾਰ ਦੁਆਰਾ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈਣ। ਇਸ ਮੌਕੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਇੰਦਰਜੀਤ ਸਿੰਘ, ਹਰਕੇਸ਼ ਚੰਦ ਸ਼ਰਮਾ ਰਾਜਸੀ ਸਲਾਹਕਾਰ/ਪਸ਼ੂ ਪਾਲਣ ਮੰਤਰੀ, ਗੁਰਿੰਦਰ ਪਾਲ ਸਿੰਘ ਕਾਹਲੋਂ ਆਦਿ ਮੌਜੂਦ ਸਨ।

rajwinder kaur

This news is Content Editor rajwinder kaur