ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਮਾਰੀ 6.50 ਲੱਖ ਦੀ ਠੱਗੀ

12/10/2018 2:05:46 AM

ਹੁਸ਼ਿਆਰਪੁਰ, (ਅਸ਼ਵਨੀ)- ਪੁਲਸ ਨੇ ਇਕ ਵਿਅਕਤੀ ਰਾਮ ਮੂਰਤੀ ਪੁੱਤਰ ਖੁਸ਼ੀ ਰਾਮ ਵਾਸੀ ਪਿੰਡ ਪੰਡੋਰੀ ਰੁਕਮਾਨ ਥਾਣਾ ਬੁੱਲ੍ਹੋਵਾਲ ਦੀ ਸ਼ਿਕਾਇਤ ’ਤੇ ਠੱਗੀ ਦੇ ਦੋਸ਼ ’ਚ ਧਾਰਾ 420 ਦੇ ਅਧੀਨ ਕੇਸ ਦਰਜ ਕੀਤਾ ਹੈ। ਰਾਮ ਮੂਰਤੀ ਨੇ ਐੱਸ.ਐੱਸ.ਪੀ. ਨੂੰ  ਦਿੱਤੀ ਸ਼ਿਕਾਇਤ ’ਚ ਕਿਹਾ ਸੀ ਕਿ ਗੁਰਮੇਲ ਸਿੰਘ ਪੁੱਤਰ ਸਵਰਣ ਸਿੰਘ ਵਾਸੀ ਹੁਸ਼ਿਆਰਪੁਰ ਨੇ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ 6.50 ਲੱਖ ਰੁਪਏ ਦੀ ਰਾਸ਼ੀ ਲਈ ਸੀ। ਦੋਸ਼ੀ ਨੇ ਨਾ ਤਾਂ ਨੌਕਰੀ ਦਿਵਾਈ ਤੇ ਨਾ ਹੀ ਪੈਸੇ ਵਾਪਸ ਕੀਤੇ ਸੀ। 
ਐੱਸ.ਐੱਸ.ਪੀ. ਦੇ ਆਦੇਸ਼ ’ਤੇ ਡੀ. ਐੱਸ. ਪੀ. ਹੈੱਡਕੁਆਟਰ ਸਵਰਨਜੀਤ ਸਿੰਘ ਦੁਆਰਾ ਸ਼ਿਕਾਇਤ ਦੀ ਜਾਂਚ ਕੀਤੀ ਸੀ। ਪੁਲਸ ਦੁਆਰਾ ਦਰਜ ਕੇਸ ਦੀ ਹੋਰ ਜਾਂਚ ਦਾ ਕੰਮ ਏ. ਐੱਸ. ਆਈ. ਅਸ਼ੋਕ ਕੁਮਾਰ ਨੂੰ ਸੌਂਪਿਆ ਗਿਆ ਹੈ।

5 ਲੱਖ 50 ਹਜ਼ਾਰ ਦੀ ਠੱਗੀ ਮਾਰਨ ’ਤੇ 3  ਖਿਲਾਫ਼ ਕੇਸ ਦਰਜ
ਹਾਜੀਪੁਰ, (ਜੋਸ਼ੀ)-ਹਾਜੀਪੁਰ ਪੁਲਸ ਨੇ ਐੱਸ.ਐੱਸ.ਪੀ. ਹੁਸ਼ਿਆਰਪੁਰ ਜੇ. ਏਲੀਚੇਲਿਅਨ ਤੇ ਡੀ.ਐੱਸ.ਪੀ. ਮੁਕੇਰੀਆਂ ਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 5 ਲੱਖ 50 ਹਜ਼ਾਰ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਐੱਸ.ਐੱਚ.ਓ. ਹਾਜੀਪੁਰ  ਬਲਵਿੰਦਰ ਸਿੰਘ ਤੇਡ਼ਾਂ ਨੇ ਦੱਸਿਆ ਕਿ ਥੁਡ਼ੀਆ ਰਾਮ ਪੁੱਤਰ ਅਮਰ ਸਿੰਘ ਵਾਸੀ ਬਹਿ ਲੱਖਣ ਥਾਣਾ ਤਲਵਾਡ਼ਾ ਨੇ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਦਿੱਤੇ ਆਪਣੇ ਸ਼ਿਕਾਇਤ ਪੱਤਰ ਰਾਹੀਂ ਦੱਸਿਆ  ਕਿ ਮੇਰੇ ਲਡ਼ਕੇ ਰਾਜ ਕੁਮਾਰ ਨੂੰ ਰੇਲਵੇ ’ਚ ਭਰਤੀ ਕਰਵਾਉਣ ਦੇ ਨਾਂ ਤੇ ਦੀਪਕ ਕੁਮਾਰ ਪੁੱਤਰ ਵਿਜੇ ਕੁਮਾਰ, ਦੀਪਕਾ ਕੋਂਡਲ ਪਤਨੀ ਦੀਪਕ ਕੁਮਾਰ ਤੇ ਦਿਲਬਾਗ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਮੁੰਡੀਆਂ ਰੋਡ ਲੁਧਿਆਣਾ ਨੇ ਮੇਰੇ ਨਾਲ 5 ਲੱਖ 50 ਹਜ਼ਰ ਠੱਗੀ ਮਾਰੀ ਹੈ।
ਜਿਸ ਦੀ ਜਾਂਚ ਡੀ.ਐੱਸ.ਪੀ. ਹੁਸ਼ਿਆਰਪੁਰ ਬਲਵੀਰ ਸਿੰਘ ਵੱਲੋਂ ਕਰਨ ਉਪਰੰਤ ਤਿੰਨਾਂ ਵਿਅਕਤੀਆਂ ਖਿਲਾਫ ਏ. ਐੱਸ. ਆਈ. ਜਗਜੀਤ ਸਿੰਘ ਨੇ ਧਾਰਾ 420, 465, 467, 468, 120ਬੀ ਤਹਿਤ ਮਾਮਲਾ ਦਰਜ ਕਰਕੇ ਲੋਡ਼ੀਂਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 4 ਲੱਖ  ਦੀ ਠੱਗੀ, 2 ਖਿਲਾਫ ਮਾਮਲਾ ਦਰਜ
ਟਾਂਡਾ ਉਡ਼ਮੁਡ਼, (ਪੰਡਿਤ, ਮੋਮੀ, ਕੁਲਦੀਸ਼)- ਪਿੰਡ ਜਹੂਰਾ ਵਿਚ ਇਕ ਨੌਜਵਾਨ ਨੂੰ ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ 4 ਲੱਖ ਦੀ ਠੱਗੀ ਮਾਰਨ ਵਾਲੇ ਦੋ ਲੋਕਾਂ ਦੇ ਖਿਲਾਫ ਟਾਂਡਾ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਸ ਠੱਗੀ ਦਾ ਸ਼ਿਕਾਰ ਹੋਏ ਅਮਰਜੀਤ ਸਿੰਘ ਪੁੱਤਰ ਕਰਮ ਸਿੰਘ ਦੇ ਬਿਆਨ ਦੇ ਅਧਾਰ ’ਤੇ ਉਸਦੇ ਪਿੰਡ ਨਿਵਾਸੀ ਹੀ ਪਲਵਿੰਦਰ ਲਾਲ ਪੁੱਤਰ ਰਾਮ ਲਾਲ ਅਤੇ ਕਰਨਦੀਪ ਪੁੱਤਰ ਦਲੀਪ ਕੁਮਾਰ ਦੇ ਖਿਲਾਫ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਅਮਰਜੀਤ ਸਿੰਘ ਨੇ ਦੱਸਿਆ ਕਿ ਇਕ ਦਿਨ ਜਦੋਂ ਉਹ ਆਪਣੇ ਪੁੱਤਰ ਹਰਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਲਈ ਪਿੰਡ ਅਵਾਨ ਘੋਡ਼ੇਸ਼ਾਹ ਜਾ ਰਿਹਾ ਸੀ ਤਾਂ ਰਸਤੇ ਵਿਚ ਮਿਲੇ ਪਿੰਡ ਦੇ ਹੀ ਪਲਵਿੰਦਰ ਨੇ ਉਸਨੂੰ ਪਿੰਡ ਦੇ ਹੀ ਟਰੈਵਲ ਏਜੰਟ ਕਰਨਦੀਪ ਦੀ ਦੱਸ ਪਾਈ। ਉਸਨੇ ਉਨ੍ਹਾਂ ਦੇ ਝਾਂਸੇ ਵਿਚ ਆ ਕੇ 8 ਲੱਖ ਵਿਚ ਬੇਟੇ ਨੂੰ ਪੁਰਤਗਾਲ ਭੇਜਣ ਦੀ ਗੱਲ ਕਰ ਕੇ ਵੱਖ-ਵੱਖ ਦਿਨਾਂ ਨੂੰ ਕੁੱਲ 4 ਲੱਖ ਰੁਪਏ ਪੇਸ਼ਗੀ ਵਜੋਂ ਦਿੱਤੇ। ਪਰ ਉਨ੍ਹਾਂ ਉਸਦੇ ਪੁੱਤਰ ਨੂੰ ਵਿਦੇਸ਼ ਨਹੀਂ ਭੇਜਿਆ ਨਾ ਹੀ ਅਜੇ ਤੱਕ ਰਕਮ ਵਾਪਸ ਕੀਤੀ ਹੈ।
ਉਸਨੇ ਇਸ ਸਬੰਧੀ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਕੀਤੀ ਸੀ। ਜਿਸਦੀ ਤਫਤੀਸ਼ ਪੁਲਸ ਦੇ ਸਪੈਸ਼ਲ ਬ੍ਰਾਂਚ ਵਿੰਗ ਦੇ ਇੰਚਾਰਜ ਇੰਸਪੈਕਟਰ ਮੁਨੀਸ਼ ਕੁਮਾਰ ਵੱਲੋਂ ਕਰਨ ਉਪਰੰਤ ਟਾਂਡਾ ਪੁਲਸ ਨੇ ਇਹ ਮਾਮਲਾ ਦਰਜ ਕੀਤਾ ਹੈ। ਪੁਲਸ ਨੇ  ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।