ਰੋਡਵੇਜ਼-ਪਨਬੱਸ/PRTC ਕੋਲ ਫੰਡ ਨਹੀਂ, ਔਰਤਾਂ ਦੇ ਮੁਫ਼ਤ ਸਫ਼ਰ ਦਾ ਸਰਕਾਰ ਵੱਲ ‘190 ਕਰੋੜ ਰੁਪਿਆ ਬਕਾਇਆ’

03/25/2022 3:31:32 PM

ਜਲੰਧਰ (ਪੁਨੀਤ)–ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਕੋਲ ਫੰਡ ਦੀ ਬਹੁਤ ਕਿੱਲਤ ਚੱਲ ਰਹੀ ਹੈ, ਜਿਸ ਕਾਰਨ ਖਰਚ ਕੱਢਣਾ ਵੀ ਵਿਭਾਗ ਲਈ ਮੁਸ਼ਕਿਲ ਹੋ ਰਿਹਾ ਹੈ ਕਿਉਂਕਿ ਵਿਭਾਗ ਵੱਲੋਂ ਸਰਕਾਰ ਨੂੰ ਜਿਹੜੇ ਬਿੱਲ ਭੇਜੇ ਗਏ ਹਨ, ਉਨ੍ਹਾਂ ਦੀ ਅਦਾਇਗੀ ਨਹੀਂ ਹੋ ਪਾ ਰਹੀ, ਜਿਸ ਕਾਰਨ ਵਿਭਾਗ ਦੀ ਵਿੱਤੀ ਹਾਲਤ ਬਹੁਤ ਨਾਜ਼ੁਕ ਹੋ ਚੁੱਕੀ ਹੈ। ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿਚ ਔਰਤਾਂ ਨੂੰ ਮੁਫ਼ਤ ਸਫ਼ਰ ਦਾ ਐਲਾਨ ਕੀਤਾ ਗਿਆ ਹੈ, ਉਸ ’ਤੇ ਜਿਹੜਾ ਖਰਚ ਆਉਂਦਾ ਹੈ, ਉਹ ਸਰਕਾਰ ਵੱਲੋਂ ਅਦਾ ਕੀਤਾ ਜਾਂਦਾ ਹੈ। ਇਸ ਸਮੇਂ ਸਰਕਾਰ ਨੂੰ ਔਰਤਾਂ ਦੇ ਸਫ਼ਰ ਦੇ ਲੱਗਭਗ 190 ਕਰੋੜ ਰੁਪਏ ਦੇ ਬਿੱਲ ਭੇਜੇ ਜਾ ਚੁੱਕੇ ਹਨ ਪਰ ਪਿਛਲੇ ਸਮੇਂ ਤੋਂ ਬਿੱਲਾਂ ਦੀ ਅਦਾਇਗੀ ਫਾਈਲਾਂ ’ਚ ਪੈਂਡਿੰਗ ਚੱਲ ਰਹੀ ਹੈ।

ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਤੱਤਕਾਲ ਕੈਪਟਨ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਸਫ਼ਰ ਦਾ ਐਲਾਨ ਕੀਤਾ ਗਿਆ ਸੀ ਅਤੇ ਉਸ ਸਮੇਂ ਇਸ ਸਕੀਮ ਲਈ ਬਜਟ ’ਚ ਜਿਹੜੀ ਰਕਮ ਰੱਖੀ ਗਈ, ਉਹ 2 ਮਹੀਨਿਆਂ ਤੋਂ ਵੀ ਘੱਟ ਸਮੇਂ ’ਚ ਪੂਰੀ ਹੋ ਗਈ। ਇਸ ਤੋਂ ਬਾਅਦ ਸਰਕਾਰ ਵਿਚ ਫੇਰਬਦਲ ਹੋਇਆ ਅਤੇ ਚਰਨਜੀਤ ਿਸੰਘ ਚੰਨੀ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਵਿਦਿਆਰਥੀਆਂ ਨੂੰ ਵੀ ਮੁਫ਼ਤ ਸਫ਼ਰ ਦੀ ਕੈਟਾਗਰੀ ’ਚ ਸ਼ਾਮਲ ਕਰ ਦਿੱਤਾ, ਜਿਸ ਤੋਂ ਬਾਅਦ ਬਿੱਲਾਂ ਦੀ ਰਕਮ ਵਿਚ ਹੋਰ ਵਾਧਾ ਹੋਣ ਲੱਗਾ। ਭਰੋਸੇਮੰਦ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ 4 ਮਹੀਨਿਆਂ ਦੌਰਾਨ ਮੁਫ਼ਤ ਸਫ਼ਰ ਦੇ ਬਿੱਲ ਪੈਂਡਿੰਗ ਪਏ ਹਨ ਅਤੇ ਅਧਿਕਾਰੀਆਂ ਵੱਲੋਂ ਕਈ ਯਤਨ ਕੀਤੇ ਗਏ ਪਰ ਇਸ ਦੇ ਬਾਵਜੂਦ ਬਿੱਲਾਂ ਦੀ ਰਾਸ਼ੀ ਕਲੀਅਰ ਨਹੀਂ ਹੋ ਸਕੀ। ਇਸ ਕਾਰਨ ਹਾਲਾਤ ਇਹ ਬਣ ਚੁੱਕੇ ਹਨ ਕਿ ਠੇਕਾ ਕਰਮਚਾਰੀਆਂ ਨੂੰ ਅਦਾਇਗੀ ਕਰਨ ਲਈ ਐੱਫ. ਡੀ. (ਫਿਕਸ ਡਿਪਾਜ਼ਿਟ) ਦੀ ਵਰਤੋਂ ਕਰਨੀ ਪੈ ਚੁੱਕੀ ਹੈ। ਜਾਣਕਾਰੀ ਮੁਤਾਬਕ ਰੋਡਵੇਜ਼-ਪਨਬੱਸ ਬਿੱਲਾਂ ਦੀ ਰਕਮ 100 ਕਰੋੜ ਦੇ ਲੱਗਭਗ ਬਣਦੀ ਹੈ, ਜਦਕਿ ਪੀ. ਆਰ. ਟੀ. ਸੀ. ਦੀ ਰਕਮ 90 ਕਰੋੜ ਦੇ ਨੇੜੇ-ਤੇੜੇ ਹੈ।

ਇੰਨੀ ਵੱਡੀ ਰਕਮ ਦੀ ਅਦਾਇਗੀ ਨਾ ਹੋ ਪਾਉਣ ਕਾਰਨ ਵਿਭਾਗ ਨੂੰ ਬਹੁਤ ਤੰਗੀ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਆਉਣ ਵਾਲੇ ਕੁਝ ਸਮੇਂ ਵਿਚ ਬੱਸਾਂ ਨੂੰ ਉਧਾਰ ਡੀਜ਼ਲ ਮਿਲਣਾ ਵੀ ਬੰਦ ਹੋ ਸਕਦਾ ਹੈ। ਅਜਿਹੀ ਹਾਲਤ ’ਚ ਬੱਸਾਂ ਦੇ ਖੜ੍ਹੇ ਹੋਣ ਦੀ ਨੌਬਤ ਆਉਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਦੱਸਿਆ ਜਾ ਰਿਹਾ ਹੈ ਕਿ ਵਿੱਤੀ ਹਾਲਾਤ ਖ਼ਰਾਬ ਹੋਣ ਕਾਰਨ ਰੋਡਵੇਜ਼ ਦੀ ਵਰਕਸ਼ਾਪ ’ਚ ਬੱਸਾਂ ਦੀ ਮੇਨਟੀਨੈਂਸ ਨਾਲ ਸਬੰਧਤ ਕਈ ਜ਼ਰੂਰੀ ਕੰਮ ਪੈਂਡਿੰਗ ਚੱਲ ਰਹੇ ਹਨ। ਸੂਤਰ ਦੱਸਦੇ ਹਨ ਕਿ ਮੇਨਟੀਨੈਂਸ ਦੀ ਘਾਟ ਕਾਰਨ ਪਿਛਲੇ ਸਮੇਂ ਦੌਰਾਨ ਕਈ ਬੱਸਾਂ ਸੜਕ ’ਤੇ ਚੱਲਣ ਸਮੇਂ ਖ਼ਰਾਬ ਹੋ ਚੁੱਕੀਆਂ ਹਨ। ਕਈਆਂ ਦੇ ਸਟੇਅਰਿੰਗ ਤੋਂ ਕੰਟਰੋਲ ਟੁੱਟਣ ਵਰਗੇ ਹਾਦਸੇ ਵੀ ਵਾਪਰ ਚੁੱਕੇ ਹਨ। ਇਸ ਲਈ ਇਸ ਪ੍ਰਤੀ ਗੰਭੀਰਤਾ ਦਿਖਾਉਣ ਦੀ ਲੋੜ ਹੈ। ਬੱਸਾਂ ਵਿਚ ਖਰਾਬੀ ਆਉਣੀ ਯਾਤਰੀਆਂ ਲਈ ਖਤਰੇ ਤੋਂ ਘੱਟ ਨਹੀਂ। ਜਲੰਧਰ ਦੇ ਬੱਸ ਅੱਡੇ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਰੂਟ ’ਤੇ ਔਰਤਾਂ ਨੂੰ ਬੱਸਾਂ ਲਈ ਬਹੁਤ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ। ਇਸ ਤੋਂ ਇਲਾਵਾ ਲੰਮੇ ਰੂਟਾਂ ’ਤੇ ਆਵਾਜਾਈ ਉਮੀਦ ਮੁਤਾਬਕ ਨਹੀਂ ਹੋ ਪਾ ਰਹੀ, ਜਿਸ ਕਾਰਨ ਯਾਤਰੀਆਂ ਨੂੰ ਕਾਊਂਟਰਾਂ ’ਤੇ ਲੰਮੀ ਉਡੀਕ ਕਰਨੀ ਪੈ ਰਹੀ ਹੈ। ਬੱਸਾਂ ਵਿਚ ਸੀਟਾਂ ਫੁੱਲ ਜਾ ਰਹੀਆਂ ਹਨ ਤੇ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ।

 6 ਦਿਨ ਬਾਕੀ, ਤਨਖਾਹ ਦੇਣਾ ਹੋਵੇਗੀ ਵੱਡੀ ਚੁਣੌਤੀ
ਪਿਛਲੀ ਵਾਰ ਐੱਫ. ਡੀ. ਦੀ ਵਰਤੋਂ ਕਰ ਕੇ ਠੇਕਾ ਕਰਮਚਾਰੀਆਂ ਨੂੰ ਤਨਖਾਹ ਦਿੱਤੀ ਗਈ ਸੀ। ਇਸ ਵਾਰ ਤਨਖਾਹ ਦੇਣਾ ਅਧਿਕਾਰੀਆਂ ਲਈ ਵੱਡੀ ਚੁਣੌਤੀ ਬਣ ਸਕਦੀ ਹੈ ਕਿਉਂਕਿ ਮਹੀਨਾ ਖ਼ਤਮ ਹੋਣ ’ਚ ਸਿਰਫ਼ 6 ਦਿਨ ਬਾਕੀ ਹਨ। ਦੱਸਿਆ ਜਾ ਿਰਹਾ ਹੈ ਕਿ ਹਾਲਾਤ ਇਹ ਬਣੇ ਹੋਏ ਹਨ ਕਿ ਬੱਸਾਂ ਤੋਂ ਬਣਦਾ ਲਾਭ ਨਹੀਂ ਹਾਸਲ ਹੋ ਰਿਹਾ, ਜਿਸ ਕਾਰਨ ਵਿਭਾਗ ਦੀ ਕੁਲੈਕਸ਼ਨ ਵਿਚ ਕਮੀ ਆਈ ਹੈ। ਦੂਜੇ ਪਾਸੇ ਔਰਤਾਂ ਦੇ ਮੁਫ਼ਤ ਸਫ਼ਰ ਦੀ ਰਕਮ ਦਿਨੋ-ਦਿਨ ਵਧਦੀ ਜਾ ਰਹੀ ਹੈ।

ਟਰਾਂਸਪੋਰਟ ਮੰਤਰੀ ਸਾਹਮਣੇ ਉਠਾਇਆ ਜਾਵੇਗਾ ਪੈਂਡਿੰਗ ਰਕਮ ਦਾ ਮੁੱਦਾ
ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸੂਰਤ ’ਚ ਦੱਸਿਆ ਕਿ ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਔਰਤਾਂ ਦੇ ਸਫ਼ਰ ਦੀ ਬਕਾਇਆ ਰਾਸ਼ੀ ਦਾ ਮੁੱਦਾ ਉਠਾਇਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਇਸ ਸਮੇਂ ਪੈਸਿਆਂ ਦੀ ਬਹੁਤ ਲੋੜ ਹੈ, ਇਸ ਲਈ ਤੁਰੰਤ ਪ੍ਰਭਾਵ ਨਾਲ ਫੰਡ ਜਾਰੀ ਹੋਣੇ ਚਾਹੀਦੇ ਹਨ।

Manoj

This news is Content Editor Manoj