ਨਿਜ਼ਾਤਮ ਨਗਰ ''ਚ ਬਣੀ ਘਟੀਆ ਸੜਕ ਦੀ ਸ਼ਿਕਾਇਤ ਵਿਜੀਲੈਂਸ ਨੂੰ ਹੋਈ

11/21/2019 4:56:20 PM

ਜਲੰਧਰ (ਖੁਰਾਣਾ)— ਨਗਰ ਨਿਗਮ ਵੱਲੋਂ ਇਨ੍ਹੀਂ ਦਿਨੀਂ ਜੋ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ 'ਚ ਕੁਆਲਿਟੀ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ ਅਤੇ ਨਿਗਮ ਦੇ ਠੇਕੇਦਾਰ ਹਰ ਥਾਂ ਆਪਣੀ ਮਨਮਰਜ਼ੀ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਨਿਜ਼ਾਤਮ ਨਗਰ 'ਚ ਸਾਹਮਣੇ ਆਇਆ ਹੈ। ਜਿਥੇ ਸੀ. ਸੀ. ਫਲੋਰਿੰਗ ਨਾਲ ਹਾਲ ਹੀ 'ਚ ਬਣੀ ਮੇਨ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਘਟੀਆ ਮਟੀਰੀਅਲ ਨਾਲ ਬਣੀ ਸੜਕ ਦੀ ਬੱਜਰੀ ਅਤੇ ਸੀਮੈਂਟ ਉਖੜ ਰਿਹਾ ਹੈ ਅਤੇ ਧੂੜ ਬਣ ਕੇ ਪੂਰੇ ਇਲਾਕੇ 'ਚ ਪ੍ਰਦੂਸ਼ਣ ਦਾ ਕਾਰਣ ਬਣ ਰਿਹਾ ਹੈ। ਨਿਜ਼ਾਤਮ ਨਗਰ ਵੈੱਲਫੇਅਰ ਸੋਸਾਇਟੀ ਦੇ ਨੁਮਾਇੰਦਿਆਂ ਨੇ ਇਸ ਸੜਕ ਬਾਰੇ ਨਿਗਮ ਜਾ ਕੇ ਸ਼ਿਕਾਇਤ ਦੇਣ ਦੀ ਕੋਸ਼ਿਸ਼ ਕੀਤੀ ਪਰ ਉਥੇ ਕੋਈ ਅਧਿਕਾਰੀ ਮੌਕੇ 'ਤੇ ਨਹੀਂ ਮਿਲਿਆ, ਜਿਸ ਕਾਰਨ ਮੁਹੱਲਾ ਵਾਸੀ ਵਿਜੀਲੈਂਸ ਆਫਿਸ ਚਲੇ ਗਏ ਅਤੇ ਉਥੇ ਐੱਸ. ਐੱਸ. ਪੀ. ਨੂੰ ਘਟੀਆ ਸੜਕ ਬਾਰੇ ਮੰਗ-ਪੱਤਰ ਦਿੱਤਾ। ਐੱਸ. ਐੱਸ. ਪੀ. ਨੇ 3-4 ਅਧਿਕਾਰੀਆਂ ਨੂੰ ਮੌਕੇ 'ਤੇ ਭੇਜਿਆ ਜਿਨ੍ਹਾਂ ਨੇ ਸੜਕ ਨੂੰ ਵੇਖਿਆ ਅਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ।

ਢਿੱਲਵਾਂ 'ਚ ਲੋਕਾਂ ਨੇ ਖੁਦ ਬਣਾਈ ਮੇਨ ਰੋਡ
ਪਿਛਲੇ ਕਾਫੀ ਸਮੇਂ ਤੋਂ ਨਗਰ ਨਿਗਮ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ, ਜਿਸ ਕਾਰਣ ਦਰਜਨਾਂ ਵਿਕਾਸ ਕੰਮ ਲਟਕੇ ਹੋਏ ਹਨ ਅਤੇ ਲੋਕ ਕਾਫੀ ਪ੍ਰੇਸ਼ਾਨ ਹੋ ਰਹੇ ਹਨ। ਅਜਿਹੀ ਹੀ ਪ੍ਰੇਸ਼ਾਨੀ ਵਾਰਡ ਨੰ-10 'ਚ ਪੈਂਦੇ ਪਿੰਡ ਢਿੱਲਵਾਂ ਵਾਸੀ ਕਈ ਮਹੀਨਿਆਂ ਤੋਂ ਝੱਲ ਰਹੇ ਸਨ। ਟੁੱਟੀਆਂ ਸੜਕਾਂ ਤੋਂ ਤੰਗ ਆ ਕੇ ਪਿੰਡ ਵਾਸੀਆਂ ਨੇ ਢਿੱਲਵਾਂ 'ਚੋਂ ਨਿਕਲਦੀ ਮੇਨ ਸੜਕ ਨੂੰ ਆਪਣੇ ਖਰਚੇ 'ਤੇ ਬਣਵਾ ਦਿੱਤਾ। ਇਸ ਕੰਮ 'ਚ ਸਾਬਕਾ ਕੌਂਸਲਰ ਬਲਬੀਰ ਸਿੰਘ ਢਿੱਲੋਂ ਨੇ ਲੋਕਾਂ ਦਾ ਸਾਥ ਦਿੱਤਾ। ਪਿੰਡ ਵਾਸੀ ਹਰਭਜਨ ਸਿੰਘ, ਪ੍ਰਿਤਪਾਲ ਸਿੰਘ, ਸਤਨਾਮ ਸਿੰਘ, ਗਿਆਨ ਸਿੰਘ, ਤੀਰਥ ਸਿੰਘ ਢਿੱਲੋਂ, ਲਾਲ ਸਿੰਘ, ਹੀਰਾ ਲਾਲ, ਕੁਲਬੀਰ ਸਿੰਘ, ਹਰਿੰਦਰ ਸਿੰਘ ਅਤੇ ਗੁਰਜਿੰਦਰ ਸਿੰਘ ਵਿਰਦੀ ਆਦਿ ਨੇ ਨਿਗਮ, ਵਿਧਾਇਕ ਅਤੇ ਕੌਂਸਲਰ ਦੀ ਕਾਰਜਪ੍ਰਣਾਲੀ 'ਤੇ ਸਵਾਲ ਉਠਾਏ ਸਨ।

shivani attri

This news is Content Editor shivani attri