ਸੜਕ ਹਾਦਸੇ ਖੋਹਿਆ ਮਾਪਿਆਂ ਦਾ ਇਕਲੌਤਾ ਜਵਾਨ ਪੁੱਤ

02/02/2020 3:51:34 PM

ਨੂਰਪੁਰਬੇਦੀ (ਭੰਡਾਰੀ)— ਬੀਤੀ ਰਾਤ ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਔਲਖ ਲਾਗੇ ਸੜਕ ਕਿਨਾਰੇ ਖੜ੍ਹੇ ਟਿੱਪਰ ਨਾਲ ਟਕਰਾਉਣ 'ਤੇ ਇਕ 27 ਸਾਲਾ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਥਾਣਾ ਮੁਖੀ ਨੂਰਪੁਰਬੇਦੀ ਜਤਿਨ ਕਪੂਰ ਨੇ ਦੱਸਿਆ ਕਿ ਤੜਕਸਾਰ ਕਰੀਬ 3 ਕੁ ਵਜੇ ਪਿੰਡ ਟੱਪਰੀਆਂ (ਤਖਤਗੜ੍ਹ) ਦਾ ਨੌਜਵਾਨ ਕਿਰਨਜੀਤ ਸਿੰਘ ਸਿੱਧੂ ਪੁੱਤਰ ਮਾ. ਜਸਵੀਰ ਸਿੰਘ ਸਿੱਧੂ ਨੂਰਪੁਰਬੇਦੀ ਦੀ ਤਰਫੋਂ ਕਿਸੇ ਵਿਆਹ ਸਮਾਗਮ 'ਚ ਸ਼ਾਮਲ ਹੋ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਘਰ ਤੋਂ ਕਰੀਬ 1 ਕਿਲੋਮੀਟਰ ਪਿੱਛੇ ਪਿੰਡ ਔਲਖ ਲਾਗੇ ਮੁੱਖ ਮਾਰਗ 'ਤੇ ਸੜਕ ਕਿਨਾਰੇ ਖੜ੍ਹੇ ਰੇਤ ਦੇ ਲੱਦੇ ਟਿੱਪਰ ਨਾਲ ਉਕਤ ਨੌਜਵਾਨ ਦਾ ਮੋਟਰਸਾਈਕਲ ਅਚਾਨਕ ਟਕਰਾਅ ਗਿਆ। ਨੌਜਵਾਨ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਕਰੀਬ ਇਕ-ਡੇਢ ਘੰਟੇ ਬਾਅਦ ਸਵੇਰੇ ਸੈਰ ਕਰ ਰਹੇ ਕੁਝ ਵਿਅਕਤੀਆਂ ਨੇ ਸੜਕ 'ਤੇ ਡਿੱਗਿਆ ਦੇਖ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਹਾਦਸੇ ਦੀ ਜਾਣਕਾਰੀ ਦਿੱਤੀ।

ਇਕਲੌਤੇ ਪੁੱਤਰ ਦੀ ਮੌਤ ਨਾਲ ਮਾਪੇ ਸਦਮੇ 'ਚ
ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਨੂੰ ਲੈ ਕੇ ਮ੍ਰਿਤਕ ਨੌਜਵਾਨ ਦੇ ਮਾਪੇ ਗਹਿਰੇ ਸਦਮੇ 'ਚ ਹਨ। ਥਾਣਾ ਮੁਖੀ ਜਤਿਨ ਕਪੂਰ ਨੇ ਕਿਹਾ ਕਿ ਅਣਪਛਾਤੇ ਟਿੱਪਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਟਿੱਪਰ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਇਸ ਦੇ ਨਾਲ ਹੀ ਲਾਸ਼ ਨੂੰ ਪੋਸਟਮਾਰਟਮ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਭੇਜ ਦਿੱਤਾ ਹੈ।

shivani attri

This news is Content Editor shivani attri