ਬ੍ਰੇਕ ਫੇਲ ਹੋਣ ਕਾਰਨ ਸਕੂਲ ਬੱਸ ਨੇ ਕਈ ਗੱਡੀਆਂ ਨੂੰ ਮਾਰੀ ਫੇਟ

04/07/2019 12:55:35 PM

ਸ੍ਰੀ ਆਨੰਦਪੁਰ ਸਾਹਿਬ (ਦਲਜੀਤ)— ਬ੍ਰੇਕ ਫੇਲ ਹੋ ਜਾਣ ਕਾਰਨ ਸਥਾਨਕ ਸ੍ਰੀ ਦਸਮੇਸ਼ ਅਕੈਡਮੀ ਦੀ ਬੱਸ ਨੇ ਸਾਈਡਾਂ 'ਤੇ ਖੜ੍ਹੀਆਂ ਕਈ ਗੱਡੀਆਂ ਨੂੰ ਭਾਵੇਂ ਆਪਣੀ ਲਪੇਟ 'ਚ ਲੈਂਦਿਆਂ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਪਰ ਡਰਾਈਵਰ ਦੀ ਮੁਸਤੈਦੀ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਮੁਤਾਬਕ ਸ੍ਰੀ ਦਸਮੇਸ਼ ਅਕੈਡਮੀ ਸਕੂਲ ਦੀ ਬੱਸ ਜਦੋਂ ਦੁਪਹਿਰ ਛੁੱਟੀ ਉਪਰੰਤ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਸਕੂਲ ਤੋਂ ਵਾਪਿਸ ਆ ਰਹੀ ਸੀ ਤਾਂ ਵਿਰਾਸਤ-ਏ-ਖਾਲਸਾ ਦੀ ਉਤਰਾਈ ਕੋਲ ਆ ਕੇ ਉਕਤ ਬੱਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ, ਜਿਸ ਕਾਰਨ ਬੇਕਾਬੂ ਹੋਈ ਬੱਸ ਨੇ ਉਕਤ ਸੜਕ ਦੇ ਸਾਈਡਾਂ 'ਤੇ ਖੜ੍ਹੀਆਂ ਤਕਰੀਬਨ ਅੱਧੀ ਦਰਜਨ ਕਾਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਸਕੂਲ ਬੱਸ ਦੇ ਡਰਾਈਵਰ ਵੱਲੋਂ ਬੜੀ ਸਮਝਦਾਰੀ ਅਤੇ ਫੁਰਤੀ ਨਾਲ ਬੱਸ ਨੂੰ ਉਤਰਾਈ ਖਤਮ ਹੁੰਦਿਆਂ ਹੀ ਬੜੀ ਮੁਸ਼ਕਿਲ ਨਾਲ ਕੰਟਰੋਲ ਕਰ ਕੇ ਰੋਕਿਆ। ਬੱਸ ਦੇ ਰੁਕਦਿਆਂ ਹੀ ਇਕੱਤਰ ਹੋਏ ਲੋਕਾਂ ਵਲੋਂ ਬੱਸ 'ਚ ਬੈਠੇ ਛੋਟੇ-ਛੋਟੇ ਬੱਚਿਆਂ ਅਤੇ ਟੀਚਰਾਂ ਨੂੰ ਬੱਸ ਦੇ ਦਰਵਾਜ਼ੇ ਜਾਮ ਹੋ ਜਾਣ ਕਾਰਨ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ। ਇਸ ਹਾਦਸੇ ਕਾਰਨ ਬੱਚੇ ਬਹੁਤ ਸਹਿਮੇ ਹੋਏ ਸਨ ਅਤੇ ਆਪਣੇ ਮਾਪਿਆਂ ਕੋਲ ਜਾਣ ਦੀ ਜ਼ਿੱਦ ਕਰਦੇ ਹੋਏ ਉੱਚੀ-ਉੱਚੀ ਰੋ ਰਹੇ ਸਨ। ਭਾਵੇਂ ਸੜਕ ਦੀਆਂ ਸਾਈਡਾਂ 'ਤੇ ਖੜ੍ਹੀਆਂ ਕਾਰਾਂ 'ਚ ਕੋਈ ਵੀ ਵਿਅਕਤੀ ਸਵਾਰ ਨਹੀਂ ਸੀ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਉਕਤ ਕਾਰਾਂ ਦਾ ਕਾਫੀ ਨੁਕਸਾਨ ਹੋ ਗਿਆ। ਦੱਸਣਯੋਗ ਹੈ ਉਕਤ ਮਾਰਗ ਦੇ ਇਕ ਪਾਸੇ ਵਿਰਾਸਤ-ਏ-ਖਾਲਸਾ ਅਤੇ ਦੂਜੇ ਪਾਸੇ ਟਿਕਟ ਖਿੜਕੀ ਹੋਣ ਕਾਰਨ ਸੈਲਾਨੀਆਂ ਵੱਲੋਂ ਟਿਕਟਾਂ ਲੈਣ ਉਪਰੰਤ ਆਪਣੀਆਂ ਗੱਡੀਆਂ ਸੜਕ 'ਤੇ ਹੀ ਖੜ੍ਹਾ ਕੇ ਵਿਰਾਸਤ-ਏ-ਖਾਲਸਾ ਦੇਖਣ ਲਈ ਚਲੇ ਜਾਂਦੇ ਹਨ, ਜਿਸ ਕਾਰਨ ਉਕਤ ਸੜਕ 'ਤੇ ਖਾਸਕਰ ਸ਼ਨੀਵਾਰ ਅਤੇ ਐਤਵਾਰ ਨੂੰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ।


ਕੀ ਕਹਿਣੈ ਸਕੂਲ ਪ੍ਰਬੰਧਕ ਦਾ
ਸ੍ਰੀ ਦਸਮੇਸ਼ ਅਕੈਡਮੀ ਦੇ ਡਾਇਰੈਕਟਰ ਮੇਜਰ ਜਨਰਲ ਜੇ. ਐੱਸ. ਘੁੰਮਣ (ਰਿਟਾ.) ਨਾਲ ਜਦੋਂ ਇਸ ਹਾਦਸੇ ਸਬੰਧੀ ਗੱਲ ਕੀਤੀ ਗਈ ਗਈ ਤਾਂ ਉਨ੍ਹਾਂ ਕਿਹਾ ਕਿ ਬੱਸ ਦੀਆਂ ਬ੍ਰੇਕਾਂ ਫੇਲ ਹੋ ਜਾਣ ਕਾਰਨ ਉਕਤ ਹਾਦਸਾ ਵਾਪਰਿਆ ਹੈ ਪਰ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਕਿ ਉਕਤ ਸੜਕ 'ਤੇ ਗੱਡੀਆਂ ਖੜ੍ਹੀਆਂ ਕਰਨ 'ਤੇ ਰੋਕ ਲਾਈ ਜਾਵੇ ਅਤੇ ਪੱਕੇ ਤੌਰ 'ਤੇ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇ।


ਕੀ ਕਹਿਣੈ ਚੌਕੀ ਇੰਚਾਰਜ ਦਾ
ਚੌਕੀ ਇੰਚਾਰਜ ਸਰਬਜੀਤ ਸਿੰਘ ਕੁਲਗਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ, ਉਪਰੰਤ ਯੋਗ ਕਾਰਵਾਈ ਕੀਤੀ ਜਾਵੇਗੀ।

shivani attri

This news is Content Editor shivani attri