ਗਊ ਸੈੱਸ ਵਸੂਲਣ ਵਾਲਿਆਂ ਸਿਰ ਪੈਣੀ ਚਾਹੀਦੀ ਹੈ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ

11/10/2023 5:41:06 PM

ਸੁਲਤਨਾਪੁਰ ਲੋਧੀ (ਧੀਰ)-ਪੰਜਾਬ ’ਚ ਰਹਿ ਚੁੱਕੀਆਂ ਸਰਕਾਰਾਂ ਵੱਲੋਂ ਪੰਜਾਬ ਵਾਸੀਆਂ ਨੂੰ ਬੇਸਹਾਰਾ ਪਸ਼ੂਆਂ ਕਾਰਨ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣ ਲਈ ਸੂਬੇ ਦੇ ਲੋਕਾਂ ਤੋਂ ਵੱਖ-ਵੱਖ ਤਰ੍ਹਾਂ ਨਾਲ ਗਊ ਸੈੱਸ ਵਸੂਲਿਆ ਜਾ ਰਿਹਾ ਹੈ ਪਰ ਲੋਕਾਂ ਨੂੰ ਇਨ੍ਹਾਂ ਪਸ਼ੂਆਂ ਦੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ’ਚ ਅੱਜ ਤੱਕ ਸਰਕਾਰਾਂ ਫੇਲ ਸਾਬਤ ਹੋਈਆਂ ਹਨ। ਜਦਕਿ ਸ਼ਹਿਰ ਦੀਆਂ ਲੰਘਦੀਆਂ ਛੋਟੀਆਂ ਵੱਡੀਆਂ ਸੜਕਾਂ ’ਤੇ ਲੱਗਦੀਆਂ ਰੇਹੜੀਆਂ ਵਾਲਿਆਂ ਦੀ ਬਚੀ ਰਹਿੰਦ-ਖੂੰਹਦ ਅਤੇ ਮੈਰਿਜ ਪੈਲੇਸਾਂ ਦੀ ਜੂਠ ਖਾਣ ਲਈ ਬੇਸਹਾਰਾ ਪਸ਼ੂ ਦਿਨ-ਰਾਤ ਮੇਨ ਸੜਕਾਂ ’ਤੇ ਫਿਰਦੇ ਰਹਿੰਦੇ ਹਨ, ਜੋ ਸੜਕ ਹਾਦਸਿਆਂ ਨੂੰ ਸੱਦਾ ਦਿੰਦੇ ਹਨ।

ਸੂਬੇ ਦੀਆਂ ਨਗਰ ਕੌਂਸਲਾਂ, ਨਗਰ ਨਿਗਮਾਂ ਅਤੇ ਨਗਰ ਪੰਚਾਇਤਾਂ ਅੱਜ ਇਨ੍ਹਾਂ ਬੇਸਹਾਰਾ ਪਸ਼ੂਆਂ ਦਾ ਪੁਖ਼ਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਇਹ ਬੇਸਹਾਰਾ ਪਸ਼ੂ ਇਲਾਕੇ ’ਚ ਕਈ ਕਾਰ ਵੱਡੀਆਂ ਦੁਰਘਟਨਾਵਾਂ ਦਾ ਕਾਰਨ ਬਣਨ ਕਰ ਕੇ ਅਨੇਕਾਂ ਕੀਮਤੀ ਜ਼ਿੰਦਗੀਆਂ ਮੌਤ ਦੇ ਮੂੰਹ ’ਚ ਜਾ ਚੁੱਕੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਜਿੱਥੇ ਸੜਕਾਂ ਦਿਨੋਂ-ਦਿਨ ਖ਼ੂਨੀ ਐਕਸੀਡੈਂਟਾਂ ਨਾਲ ਰੰਗੀਆਂ ਜਾ ਰਹੀਆਂ ਹਨ, ਉੱਥੇ ਹੀ ਸੜਕਾਂ ’ਤੇ ਵਿਚਰਦੇ ਬੇਸਹਾਰਾ ਪਸ਼ੂ ਇਨ੍ਹਾਂ ’ਚ ਹੋਰ ਵਾਧਾ ਕਰ ਰਹੇ ਹਨ। ਸੜਕਾਂ ’ਤੇ ਮਨੁੱਖਤਾ ਦਾ ਘਾਣ ਹੋ ਰਿਹਾ ਹੈ ਪਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ। ਗਊਆਂ ਦੀ ਸਾਂਭ-ਸੰਭਾਲ ਦਾ ਪੱਜ ਮਾਰ ਕੇ ਹਰ ਸਾਲ ਕਰੋੜਾਂ ਰੁਪਏ ਲੋਕਾਂ ਦੀਆਂ ਜੇਬਾਂ ’ਚੋਂ ਸਰਕਾਰ ਧੱਕੇ ਨਾਲ ਖੋਹ ਕੇ ਲੈ ਜਾਂਦੀ ਹੈ ਪਰ ਜਦੋਂ ਗਊਆਂ ਤੇ ਗਾਂ ਦੇ ਜਾਇਆ ਲਈ ਪੱਠੇ-ਡੱਕੇ ਜਾਂ ਇਨ੍ਹਾਂ ਦੇ ਖੜਣ-ਬੈਠਣ ਲਈ ਢੁੱਕਵੀਂ ਥਾਂ ਦੀ ਗੱਲ ਚੱਲਦੀ ਹੈ ਤਾਂ ਗਊ ਸੈੱਸ ਵਸੂਲਣ ਵਾਲੇ ਕੰਨੀ ਘੇਸ ਮਾਰ ਜਾਂਦੇ ਹਨ।
ਦੁੱਧ ਤੋਂ ਭੱਜੀਆਂ, ਫੰਡਰ, ਬਿਰਧ ਗਾਵਾਂ ਦੇ ਨਾਲ-ਨਾਲ ਵੱਛਿਆਂ ਨੂੰ ਪੂਸ਼ ਪਾਲਕ ਸੋਟੀ ਮਾਰ ਕੇ ਘਰੋਂ ਕੱਢ ਦਿੰਦੇ ਹਨ, ਕਿਉਂਕਿ ਉਨ੍ਹਾਂ ਵਾਸਤੇ ਹੁਣ ਇਹ ਪਸ਼ੂ ਕਿਸੇ ਕੰਮ ਦੇ ਨਹੀਂ ਹੁੰਦੇ ਲੋਕਾਂ ਵੱਲੋਂ ਫਿਟਕਾਰੇ ਗਏ ਇਨ੍ਹਾਂ ਬੇਸਹਾਰਾ ਪਸ਼ੂਆਂ ਦੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਗਊ ਸੈੱਸ ਵਸੂਲਣ ਵਾਲਿਆਂ ਸਿਰ ਹੋਣੀ ਚਾਹੀਦੀ ਹੈ ਪਰ ਇਹ ਤਬਕਾ ਟੈਕਸ ਇਕੱਠਾ ਕਰ ਆਪਣੇ ਰਾਹ ਪੈ ਜਾਂਦਾ ਹੈ।

ਇਹ ਵੀ ਪੜ੍ਹੋ: ਮੌਸਮ ਨੇ ਬਦਲਿਆ ਮਿਜਾਜ਼, ਕੁਦਰਤ ਨੇ ਵਿਖਾਇਆ ਅਨੋਖਾ ਰੰਗ, ਦਿਨ ਚੜ੍ਹਦਿਆਂ ਹੀ ਫਿਰ ਤੋਂ ਛਾਇਆ ਹਨੇਰਾ

ਬੇਸਹਾਰਾ ਪਸ਼ੂਆਂ ਨੂੰ ਨੱਥ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਨਹੀਂ ਕੀਤਾ ਕੋਈ ਉਪਰਾਲਾ
ਸੜਕਾਂ ’ਤੇ ਵਿਚਰਦੇ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਨੱਥ ਪਾਉਣ ਲਈ ਅੱਜ ਤੱਕ ਨਾ ਤਾਂ ਕਦੇ ਜ਼ਿਲਾ ਪ੍ਰਸ਼ਾਸਨ ਨੇ ਹੀ ਕੋਈ ਉਪਰਾਲਾ ਕੀਤਾ ਅਤੇ ਨਾ ਹੀ ਕੋਈ ਸਮਾਜ ਸੇਵੀ ਆਗੂ ਜਾਂ ਸੰਸਥਾ ਇਸ ਸਮੱਸਿਆ ਪ੍ਰਤੀ ਗੰਭੀਰ ਹੋਈ ਹੈ। ਬੇਸਹਾਰਾ ਗਊਆਂ ਅਤੇ ਵੱਛੇ ਆਪਣਾ ਢਿੱਡ ਭਰਨ ਲਈ ਜਦੋਂ ਕਿਸੇ ਖੇਤ, ਘਰ ਜਾਂ ਦੁਕਾਨ ਤੋਂ ਕੁਝ ਖਾਣ ਲੱਗਦੇ ਹਨ ਤਾਂ ਲੋਕ ਡੰਡੇ ਮਾਰ ਕੇ ਇਨ੍ਹਾਂ ਨੂੰ ਭਜਾ ਦਿੰਦੇ ਹਨ। ਉਂਝ ਜਾਂ ਪੰਜਾਬ ਭਰ ਦੇ ਸ਼ਹਿਰਾਂ, ਕਸਬਿਆਂ ’ਚ ਖੁੱਲ੍ਹੀਆਂ ਗਊਸ਼ਾਲਾ ਵਾਂਗ ਸੁਲਤਾਨਪੁਰ ਲੋਧੀ ’ਚ ਵੀ ਗਊਸ਼ਾਲਾ ਮੌਜੂਦ ਹਨ, ਜਿੱਥੇ ਗਊ ਧਨ ਸਾਂਭਿਆ ਜਾਂਦਾ ਹੈ ਪਰ ਗਲੀਆਂ, ਬਾਜ਼ਾਰਾਂ ਤੇ ਖੁੱਲ੍ਹੇ ਆਸਮਾਨ ਹੇਠ ਫਿਰਦੇ ਪਸ਼ੂ ਸ਼ਾਇਦ ਇਨ੍ਹਾਂ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਕਥਿਤ ਦਿਖਾਈ ਨਹੀਂ ਦਿੰਦਾ।

ਕਿੱਥੇ ਜਾ ਰਹੀ ਹੈ ਗਊ ਸੈੱਸ ਤੋਂ ਇਕੱਠੀ ਹੁੰਦੀ ਉਗਰਾਹੀ?
ਪੰਜਾਬ ਸਰਕਾਰ ਵੱਲੋਂ ਗਊ ਸੈਸ ਦੇ ਨਾਂ ’ਤੇ ਇਕੱਠੇ ਕੀਤੇ ਜਾ ਰਹੇ ਕਰੋੜਾਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ। ਕਰੋੜਾਂ ਰੁਪਏ ਕਿੱਥੇ ਜਾਂਦੇ ਹਨ। ਪੰਜਾਬ ਸਰਕਾਰ ਇਹ ਗਊ ਸੈੱਸ ਦੀ ਉਗਰਾਹੀ ਚਾਰ-ਪਹੀਆ, ਦੋ-ਪਹੀਆ ਵਾਹਨ ਖਰੀਦਣ, ਮੈਰਿਜ ਪੈਲਿਸਾਂ ਦੀ ਬੁਕਿੰਗ ਕਰਵਾਉਣ, ਸੀਮੈਂਟ ਦਾ ਹਰੇਕ ਥੈਲਾ ਖਰੀਦਣ, ਸ਼ਰਾਬ ਦੀ ਹਰੇਕ ਬੋਤਲ ਖਰੀਦਣ, ਤੇਲ ਟੈਂਕਰਾਂ ਤੇ ਬਿਜਲੀ ਦੇ ਬਿੱਲਾਂ ਆਦਿ ਰਾਂਹੀ ਕਰਦੀ ਹੈ। ਇਸਦਾ ਮਤਲਬ ਇਹ ਹੈ ਕਿ ਸਰਕਾਰ ਕੋਲ ਬੇਸਹਾਰਾ ਪਸ਼ੂਆਂ ਨੂੰ ਸੰਭਾਲਣ ਲਈ ਵੱਡੀ ਪੱਧਰ ’ਤੇ ਧਨ ਰਾਸ਼ੀ ਤਾਂ ਉਪਲੱਬਧ ਹੈ ਪਰ ਗਊ ਵੰਸ਼ ਭੁੱਖਾ ਭਾਣਾ ਸੜਕਾਂ ’ਤੇ ਫਿਰ ਰਿਹਾ ਹੈ, ਜਿਸ ਤੋਂ ਬਾਅਦ ਟੈਕਸ ਭਰਨ ਵਾਲੀ ਪੰਜਾਬ ਦੀ ਜਨਤਾ ਦੇ ਮਨ ’ਚ ਸ਼ੰਕਾ ਹੈ ਕਿ ਇਸ ਪੈਸੇ ਨੂੰ ਸਰਕਾਰ ਕਥਿਤ ਹੋਰ ਪਾਸੇ ਖ਼ਰਚ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਨਵੀਂ ਦਾਣਾ ਮੰਡੀ ਨੇੜੇ ਹੋਇਆ ਧਮਾਕਾ, ਪਿਓ-ਪੁੱਤ ਦੀ ਦਰਦਨਾਕ ਮੌਤ

ਗਊਆਂ ਕਾਰਨ ਹੁੰਦੇ ਐਕਸੀਡੈਂਟਾਂ ’ਚ ਅਜਾਈਂ ਮੌਤ ਮਰ ਜਾਂਦੇ ਨੇ ਕਈ ਅਣਭੋਲ ਲੋਕ: ਐਡ. ਮੋਮੀ
ਐਡਵੋਕੇਟ ਬਲਵਿੰਦਰ ਸਿੰਘ ਮੋਮੀ ਨੇ ਕਿਹਾ ਕਿ ਸ਼ਹਿਰ ਅਤੇ ਆਸ-ਪਾਸ ਖੇਤਰਾਂ ’ਚ ਵੱਡੀ ਗਿਣਤੀ ਚ ਗਾਵਾਂ ਤੇ ਵੱਢੇ ਘੁੰਮਦੇ ਅਕਸਰ ਦਿਸ ਪੈਂਦੇ ਹਨ ਅਤੇ ਕਈ ਵਾਰ ਮੁੱਖ ਸੜਕਾਂ ਦੇ ਵਿਚਕਾਰ, ਫੁੱਟਪਾਥਾਂ ’ਤੇ ਵੀ ਬੈਠੇ ਹੁੰਦੇ ਹਨ। ਜਦੋਂ ਕੁਝ ਖਾਣ-ਪੀਣ ਲਈ ਇਹ ਪਸ਼ੂ ਸੜਕ ਪਾਰ ਕਰਨ ਲੱਗਦੇ ਹਨ ਤਾਂ ਇਹ ਕਿਸੇ ਗੱਡੀ ’ਚ ਜਾ ਵੱਜਦੇ ਹਨ ਜਾਂ ਕੋਈ ਗੱਡੀ ਇਨ੍ਹਾਂ ’ਚ ਆਣ ਵੱਜਦੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਪਸ਼ੂਆਂ ਕਰ ਕੇ ਹੁੰਦੇ ਐਕਸੀਡੈਂਟਾਂ ’ਚ ਕਈ ਅਣਭੋਲ ਲੋਕ ਅਜਾਈਂ ਮੌਤ ਮਰ ਜਾਂਦੇ ਹਨ, ਕਈ ਉਮਰ ਭਰ ਲਈ ਦਿਵਿਆਂਗ ਹੋ ਜਾਂਦੇ ਹਨ ਅਤੇ ਕਈ ਵਾਰ ਇਹ ਪਸ਼ੂ ਵੀ ਗੱਡੀਆਂ ਨਾਲ ਟਕਰਾ ਕੇ ਮੌਤ ਦੇ ਮੂੰਹ ’ਚ ਜਾ ਪੈਂਦੇ ਹਨ। ਫਿਰ ਕਈ-ਕਈ ਦਿਨ ਮਰਿਆ ਪਸ਼ੂ ਸੜਕ ’ਤੇ ਹੀ ਪਿਆ ਰਹਿੰਦਾ, ਜਿਸ ਤੋਂ ਕਈ ਦਿਨਾਂ ਤੱਕ ਨੱਕ ਲੂੰਹਦੀ ਬਦਬੂ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੰਦੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਗਊ ਸੈੱਸ ਰਾਹੀਂ ਇਕੱਠੇ ਹੁੰਦੇ ਪੈਸੇ ਨਾਲ ਸਾਰੇ ਜ਼ਿਲਿਆਂ ’ਚ ਗਊਸ਼ਾਲਾਵਾਂ ਉਸਾਰੀਆਂ ਜਾਣ।

ਜ਼ਿਲ੍ਹਾ ਪ੍ਰਸ਼ਾਸਨ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਦਾ ਕਰੇ ਵਧੀਆ ਪ੍ਰਬੰਧ: ਤਜਿੰਦਰ ਸੋਢੀ
ਤਜਿੰਦਰ ਸੋਢੀ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਵੱਡੀ ਪੱਧਰ ’ਤੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਸ਼ਹਿਰ ’ਚ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਲਈ ਠੋਸ ਰਣਨੀਤੀ ਬਣਾਉਣ ਤਾਂ ਜੋ ਲੋਕਾਂ ’ਚ ਪੈਦਾ ਹੋ ਰਹੇ ਡਰ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਬੇਸਹਾਰਾ ਘੁੰਮਦੇ ਤੇ ਲੋਕਾਂ ਦੇ ਡੰਡਿਆਂ ਦੀ ਮਾਰ ਝੱਲ ਰਹੇ ਇਨ੍ਹਾਂ ਪਸ਼ੂਆਂ ਦੀ ਸਾਂਭ-ਸੰਭਾਲ ਦਾ ਵਧੀਆ ਪ੍ਰਬੰਧ ਕੀਤਾ ਜਾਵੇ ਤਾਂ ਜੋ ਗਊ ਸੈੱਸ ਦਾ ਪੱਜ ਮਾਰ ਕੇ ਇਕੱਠੇ ਕੀਤੇ ਗਏ ਪੈਸੇ ਦਾ ਸਹੀ ਇਸਤੇਮਾਲ ਹੋ ਸਕੇ ਪਰ ਇਸ ਦੀ ਉਮੀਦ ਘੱਟ ਹੀ ਜਾਪਦੀ ਹੈ।

ਬੇਸਹਾਰਾ ਪਸ਼ੂਆਂ ਦੇ ਹੱਲ ਲਈ ਸਰਕਾਰ ਠੋਸ ਕਦਮ ਚੁੱਕੇ: ਸੋਨੂੰ ਸ਼ਰਮਾ
ਸੋਨੂੰ ਸ਼ਰਮਾ ਨੇ ਕਿਹਾ ਕਿ ਰਾਤ ਸਮੇਂ ਇਹ ਗਊਆਂ ਸੜਕ ਦੇ ਵਿਚਕਾਰ ਆ ਕੇ ਬੈਠ ਜਾਂਦੀਆਂ ਹਨ, ਜਿਸ ਕਾਰਨ ਲੋਕਾਂ ਨੂੰ ਜਿੱਥੇ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ ਉੱਥੇ ਹੀ ਹਾਦਸਿਆਂ ਦਾ ਡਰ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖ਼ੂਨੀ ਹਾਦਸਿਆਂ ਦਾ ਕਾਰਨ ਬਣ ਰਹੇ ਬੇਸਹਾਰਾ ਪਸ਼ੂਆਂ ਦੇ ਹੱਲ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ ਤਾਂ ਜੋ ਲੋਕਾਂ ਦੇ ਜਾਨ ਮਾਲ ਦੀ ਹਿਫਾਜ਼ਤ ਹੋ ਸਕੇ।

ਇਹ ਵੀ ਪੜ੍ਹੋ: ਪੰਜਾਬ 'ਚ 16 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਦਫ਼ਤਰ ਤੇ ਵਿਦਿਅਕ ਅਦਾਰੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

Anuradha

This news is Content Editor Anuradha