ਰਾਸ਼ਟਰਪਤੀ ਦੇ ਨਾਂ ''ਤੇ ਕਪੂਰਥਲਾ ਦੇ ਡੀ. ਸੀ. ਨੂੰ ਸੌਂਪਿਆ ਮੰਗ-ਪੱਤਰ

03/30/2018 2:31:04 PM


ਕਪੂਰਥਲਾ (ਮੱਲ੍ਹੀ) - ਮਾਣਯੋਗ ਸੁਪਰੀਮ ਕੋਰਟ ਵੱਲੋਂ ਐੱਸ. ਸੀ., ਐੱਸ. ਟੀ. ਐਕਟ ਅਧੀਨ ਸੁਣਾਏ ਫੈਸਲੇ ਸਬੰਧੀ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ (ਰਜਿ.) ਪੰਜਾਬ ਵੱਲੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਨਾਂ ਜ਼ਿਲਾ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ-ਪੱਤਰ ਸੌਂਪਿਆ।
ਸੈਨਾ ਦੇ ਵਫਦ ਦੀ ਅਗਵਾਈ ਕਰਦਿਆਂ ਸੈਨਾ ਦੇ ਸੂਬਾਈ ਪ੍ਰਧਾਨ ਸਰਵਣ ਸਿੰਘ ਗਿੱਲ ਨੇ ਮੰਗ-ਪੱਤਰ ਰਾਹੀਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਐੱਸ. ਸੀ., ਐੱਸ. ਟੀ. ਐਕਟ ਖਿਲਾਫ ਸੁਣਾਇਆ ਫੈਸਲਾ ਉਕਤ ਐਕਟ ਦੀਆਂ ਸ਼ਕਤੀਆਂ ਨੂੰ ਖਤਮ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਐੱਸ. ਸੀ., ਐੱਸ. ਟੀ. ਐਕਟ ਦੇ ਖਤਮ ਹੋਣ ਨਾਲ ਦਲਿਤ ਤੇ ਪੱਛੜੇ ਵਰਗ ਦੇ ਲੋਕਾਂ ਉਪਰ ਅੱਤਿਆਚਾਰ ਵੱਧਣਗੇ ਜੋ ਪੱਛੜੇ ਸਮਾਜ ਦੇ ਲੋਕਾਂ ਦੇ ਹਿੱਤ 'ਚ ਨਹੀਂ ਹੈ ਕਿਉਂਕਿ ਦਲਿਤਾਂ ਤੇ ਪੱਛੜੇ ਵਰਗ ਉੱਪਰ ਜ਼ੁਲਮ ਤੇ ਅੱਤਿਆਚਾਰ ਕਰਨ ਵਾਲਿਆਂ ਦੇ ਮਨ 'ਚੋਂ ਕਾਨੂੰਨ ਦਾ ਡਰ ਖਤਮ ਹੋ ਜਾਵੇਗਾ। 
ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਮਾਣਯੋਗ ਸੁਪਰੀਮ ਕੋਰਟ ਦੇ ਐੱਸ. ਸੀ., ਐੱਸ. ਟੀ. ਐਕਟ ਖਿਲਾਫ ਸੁਣਾਏ ਫੈਸਲੇ ਨੂੰ ਵਾਪਸ ਕਰਾਉਣ ਲਈ ਮਾਣਯੋਗ ਰਾਸ਼ਟਰਪਤੀ ਕੇਂਦਰ ਸਰਕਾਰ ਨੂੰ ਹਦਾਇਤਾਂ ਤੇ ਸੁਝਾਅ ਜਾਰੀ ਕਰਨ ਤਾਂ ਜੋ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਵੱਲੋਂ ਰਚਿਤ ਭਾਰਤੀ ਸੰਵਿਧਾਨ ਦੀ ਮਰਿਯਾਦਾ ਬਣੀ ਰਹੇ ਤੇ ਦੇਸ਼ 'ਚ 2 ਅਪ੍ਰੈਲ ਨੂੰ ਪੈਦਾ ਹੋਣ ਵਾਲੇ ਰੋਸ ਪ੍ਰਦਰਸ਼ਨ ਨੂੰ ਰੋਕਿਆ ਜਾ ਸਕੇ। ਇਸ ਮੌਕੇ ਵਫਦ 'ਚ ਸੈਨਾ ਦੇ ਜ਼ਿਲਾ ਪ੍ਰਧਾਨ ਸਰਵਣ ਸਿੰਘ ਸੱਭਰਵਾਲ, ਭਗਵਾਨ ਵਾਲਮੀਕਿ ਸ਼ਕਤੀ ਸੈਨਾ (ਰਜਿ.) ਪੰਜਾਬ ਦੇ ਪ੍ਰਧਾਨ ਐਡਵੋਕੇਟ ਅਜੈ ਕੁਮਾਰ, ਸ੍ਰੀ ਗੁਰੂ ਰਵਿਦਾਸ ਸੈਨਾ (ਰਜਿ.) ਪੰਜਾਬ ਦੇ ਪ੍ਰਧਾਨ ਦਿਲਾਵਰ ਸਿੰਘ ਆਦਿ ਸ਼ਾਮਲ ਸਨ।