ਮਾਸੂਮ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਦਿੱਤੀ ਜਾਵੇ ਫਾਂਸੀ

03/24/2018 1:25:31 PM


ਕਪੂਰਥਲਾ (ਜ. ਬ.) - ਨਾਬਾਲਗ ਬੱਚੀਆਂ ਨਾਲ ਜਬਰ-ਜ਼ਨਾਹ ਵਰਗੀਆਂ ਖਬਰਾਂ ਨਿਤ ਦਿਨ ਸਾਹਮਣੇ ਆ ਰਹੀਆਂ ਹਨ। 'ਜਗ ਬਾਣੀ' ਵੱਲੋਂ ਪੰਜਾਬ ਸਰਕਾਰ ਦਾ ਧਿਆਨ ਇਸ ਮੁੱਦੇ 'ਤੇ ਕੇਂਦਰਿਤ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਮੁਹਿੰਮ ਦਾ ਹਿੱਸਾ ਬਣਦੇ ਹੋਏ ਕਪੂਰਥਲਾ ਸ਼ਹਿਰ ਅਤੇ ਆਸ-ਪਾਸ ਖੇਤਰਾਂ ਦੇ ਵੱਖ-ਵੱਖ ਮਹਿਲਾ ਸੰਗਠਨਾਂ ਨੇ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਅਜਿਹੇ ਦਰੀਦਿੰਆਂ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਜਾਣ ਦੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਕੈਪਟਨ ਸਰਕਾਰ ਤੋਂ ਮੰਗ ਦੀ ਕਿ ਉਹ ਅਜਿਹੇ ਦੋਸ਼ੀਆਂ ਲਈ ਫ਼ਾਂਸੀ ਦੀ ਸਜ਼ਾ ਦਾ ਬਿਲ ਵਿਧਾਨ ਸਭਾ 'ਚ ਪੇਸ਼ ਕਰਨ ।
ਕਪੂਰਥਲਾ ਦੀ ਭਜਨ ਮੰਡਲੀ ਦੀ ਮੈਂਬਰ ਸ਼ੁਕਲਾ ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਰਾਜਸਥਾਨ, ਮੱਧ ਪ੍ਰਦੇਸ਼ ਦੇ ਬਾਅਦ ਹਰਿਆਣਾ ਦੀ ਸਰਕਾਰ ਨੇ ਆਪਣਾ ਫੈਸਲਾ ਲੈਂਦੇ ਹੋਏ 12 ਸਾਲ ਤੋਂ ਘੱਟ ਉਮਰ ਵਾਲੀਆਂ ਮਾਸੂਮ ਬੱਚੀਆਂ ਦੇ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਖਿਲਾਫ ਫ਼ਾਂਸੀ ਦੀ ਸਜ਼ਾ ਦਾ ਬਿੱਲ ਪਾਸ ਕੀਤਾ ਹੈ । ਉਸੇ ਤਰ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਇਸ ਤਰਜ਼ 'ਤੇ ਅਜਿਹੇ ਦੋਸ਼ੀਆਂ ਖਿਲਾਫ ਫ਼ਾਂਸੀ ਦੀ ਸਜ਼ਾ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ । 
ਅਦਿਤੀ ਸ਼ਰਮਾ ਅਤੇ ਸੀਮਾ ਮਕੌਲ ਦਾ ਕਹਿਣਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਮਾਸੂਮ ਬੱਚੀਆਂ ਦੇ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਵੀ ਸਖ਼ਤ ਸਜ਼ਾ ਦੇਣ ਦਾ ਹੱਲ ਕਰੇ। ਤਾਂ ਜੋ ਕੋਈ ਵੀ ਮਾਸੂਮ ਬੱਚੀਆਂ ਦਾ ਸ਼ੋਸ਼ਣ ਕਰਨ ਦੇ ਬਾਰੇ ਸੋਚ ਵੀ ਨਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹੇ ਦੋਸ਼ੀਆਂ ਲਈ ਫ਼ਾਂਸੀ ਦੀ ਸਜ਼ਾ ਦਾ ਬਿੱਲ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਹਰਿਆਣਾ ਨਾਲੋਂ ਪਹਿਲਾਂ ਪਾਸ ਕਰਨਾ ਚਾਹੀਦਾ ਸੀ । ਰਜਨੀ ਮਿਨਹਾਸ ਨੇ ਕਿਹਾ ਕਿ ਵਿਧਾਨ ਸਭਾ 'ਚ ਕੈਪਟਨ ਅਮਰਿੰਦਰ ਸਿੰਘ ਮਾਸੂਮ ਬੱਚੀਆਂ ਦੇ ਨਾਲ ਜਬਰ-ਜ਼ਨਾਹ ਮਾਮਲੇ ਦੇ ਦੋਸ਼ੀਆਂ ਲਈ ਫ਼ਾਂਸੀ ਦੀ ਸਜ਼ਾ ਦੇਣ ਦਾ ਐਲਾਨ ਕਰਨ । ਉਨ੍ਹਾਂ ਨੇ ਕਿਹਾ ਕਿ 'ਜਗ ਬਾਣੀ' ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਜ਼ਿਲੇ 'ਚ ਪੂਰਾ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਨੀਰਜ ਰਾਣੀ, ਸਵਿਤਾ ਕਾਲੜਾ, ਊਸ਼ਾ ਅਰੋੜਾ, ਬੇਬੀ ਸ਼ਰਮਾ, ਰਿਆ, ਨਿਰਮਲਾ ਆਦਿ ਮੌਜੂਦ ਸਨ ।