ਮੀਂਹ ਨਾਲ ਬਰਬਾਦ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਲੈਣ ਦੂਜੇ ਦਿਨ ਵੀ ਧਰਨੇ ''ਤੇ ਡਟੇ ਕਿਸਾਨ

04/07/2022 4:32:30 PM

ਰੂਪਨਗਰ (ਸੱਜਣ ਸਿੰਘ ਸੈਣੀ) : ਕੁਝ ਮਹੀਨੇ ਪਹਿਲਾਂ ਪਏ ਮੀਂਹ ਕਾਰਨ ਜ਼ਿਲ੍ਹਾ ਰੋਪੜ ਦੇ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਲੈਣ ਲਈ ਬੀਤੇ ਕੱਲ੍ਹ ਤੋਂ ਰੂਪਨਗਰ 'ਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਇਲਾਕਾ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਸਰਕਾਰ ਖ਼ਿਲਾਫ਼ ਸ਼ੁਰੂ ਕੀਤਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਅਜੇ ਵੀ ਸਰਕਾਰ ਜਾਂ ਪ੍ਰਸ਼ਾਸਨ ਨੇ ਕਿਸਾਨਾਂ ਦੀ ਬਾਂਹ ਨਾ ਫੜੀ ਤਾਂ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਣਗੇ।

ਇਹ ਵੀ ਪੜ੍ਹੋ : ਰਾਜ ਸਭਾ ਮੈਂਬਰਾਂ ਅਤੇ ਚਿੱਪ ਵਾਲੇ ਮੀਟਰਾਂ ਦੇ ਮਾਮਲੇ 'ਤੇ ਸੁਣੋ ਵਿਧਾਇਕ ਕਾਕਾ ਬਰਾੜ ਦਾ ਜਵਾਬ (ਵੀਡੀਓ)

ਧਰਨੇ 'ਚ ਪਹੁੰਚੇ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੋਈ ਭਾਰੀ ਬਾਰਿਸ਼ ਕਾਰਨ ਜ਼ਿਲ੍ਹਾ ਰੋਪੜ 'ਚ ਅਨੇਕਾਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ, ਜਿਨ੍ਹਾਂ 'ਚ ਕਣਕ, ਮੱਕੀ, ਪਸ਼ੂਆਂ ਦਾ ਚਾਰਾ ਤੇ ਸਬਜ਼ੀਆਂ ਆਦਿ ਸ਼ਾਮਲ ਹਨ। ਕਿਸਾਨਾਂ ਨੇ ਕਿਹਾ ਕਿ ਉਹ ਮੁਆਵਜ਼ਾ ਲੈਣ ਲਈ ਪਹਿਲਾਂ ਵੀ ਕਈ ਧਰਨੇ ਦੇ ਚੁੱਕੇ ਹਨ ਪਰ ਹਾਲੇ ਤੱਕ ਸਰਕਾਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਇਸ ਮੌਕੇ ਕਿਸਾਨਾਂ ਨੇ ਤਹਿਸੀਲਦਾਰ ਰੂਪਨਗਰ ਨੂੰ ਸਰਕਾਰ ਦੇ ਨਾਂ ਇਕ ਮੰਗ ਪੱਤਰ ਵੀ ਦਿੱਤਾ ਤੇ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਾ ਦਿੱਤਾ ਤਾਂ ਭਵਿੱਖ ਵਿਚ ਕਿਸਾਨ ਹੋਰ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

Harnek Seechewal

This news is Content Editor Harnek Seechewal