ਪੁਲੀ ਦੇ ਨਿਰਮਾਣ ਸਬੰਧੀ ਰਾਇਲ ਕਲੱਬ ਨੇ ਪਿਊਸ਼ ਗੋਇਲ ਨੂੰ ਲਿਖੀ ਚਿੱਠੀ

12/17/2019 6:12:33 PM

ਜਲੰਧਰ— ਜਲੰਧਰ ਦੇ ਰਾਇਲ ਕਲੱਬ ਵੱਲੋਂ ਰੇਲਵੇ ਮੰਤਰੀ ਪਿਊਸ਼ ਗੋਇਲ ਦੇ ਨਾਂ 'ਤੇ ਪੱਤਰ ਲਿੱਖ ਕੇ ਰਾਮ ਨਗਰ ਅਤੇ ਗਾਂਧੀ ਨਗਰ ਦੇ ਵਾਸੀਆਂ ਨੂੰ ਰੇਲਵੇ ਫਾਟਕ ਨੇੜੇ ਆ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੀ ਮੰਗ ਕੀਤੀ ਗਈ ਹੈ। ਲਿਖੇ ਗਏ ਪੱਤਰ 'ਚ ਰਾਇਲ ਕਲੱਬ (ਰਜਿ) ਦੇ ਜਨਰਲ ਸਕੱਤਰ ਅੱੈਸ. ਪੀ. ਬਿਰਦੀ ਨੇ ਕਿਹਾ ਕਿ ਦੋ ਰੇਲਵੇ ਲਾਈਨਾਂ ਵਿਚਾਲੇ ਰਾਮ ਨਗਰ ਅਤੇ ਗਾਂਧੀ ਨਗਰ ਸਥਿਤ ਹੈ। ਇਕ ਰੇਲਵੇ ਲਾਈਨ ਅੰਮ੍ਰਿਤਸਰ ਅਤੇ ਦੂਜੀ ਫਿਰੋਜ਼ਪੁਰ ਨੂੰ ਜਾਂਦੀ ਹੈ। ਇਥੋਂ ਤੀਜਾ ਰਸਤਾ ਬਿਸਤ ਦੋਆਬ ਨਹਿਰ ਅਤੇ ਚੌਥਾ ਰਸਤੇ 'ਤੇ ਡੀ. ਏ. ਵੀ. ਹੋਸਟਲ ਐਂਡ ਮੇਹਰਚੰਦ ਪੋਲੀਟੈਕਨਿਕ ਕਾਲਜ ਸਥਿਤ ਹੈ। ਉਨ੍ਹਾਂ ਕਿਹਾ ਕਿ ਫਾਟਕ ਬੰਦ ਹੋਣ ਦੇ ਚੱਲਿਦਆਂ ਇਥੇ ਨੇੜੇ ਜਾਮ ਲੱਗਾ ਰਹਿੰਦਾ ਹੈ, ਜਿਸ ਕਰਕੇ ਲੋਕਾਂ ਨੂੰ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਦਿਆਰਥੀਆਂ ਸਮੇਤ ਗਾਂਧੀ ਨਗਰ ਅਤੇ ਰਾਮ ਨਗਰ ਵਾਸੀਆਂ ਨੂੰ ਰੇਲਵੇ ਲਾਈਨਾਂ 'ਤੇ ਕ੍ਰਾਸਿੰਗ ਕਰਦੇ ਸਮੇਂ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।


ਅੱਗੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਗਾਜ਼ੀਗੁੱਲਾ ਨੇੜੇ ਰੇਲਵੇ ਕ੍ਰਾਸਿੰਗ ਕੋਲ ਫਿਰੋਜ਼ਪੁਰ ਰੇਲਵੇ ਲਾਈਨਾਂ 'ਤੇ ਇਕ ਛੋਟੀ ਜਿਹੀ ਪੁਲੀ ਸਥਿਤ ਹੈ। ਉਨ੍ਹਾਂ ਕਿਹਾ ਕਿ ਇਹ ਪੁਲੀ ਚੱਲਣਯੋਗ ਨਹੀਂ ਹੈ। ਇਸ ਸਮੇਂ ਉਸ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ ਅਤੇ ਇਹ ਰਸਤਾ ਗੰਦਗੀ ਨਾਲ ਭਰਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਗਾਜ਼ੀਗੁੱਲਾ ਨੇੜੇ ਪੈਂਦੀ ਪੁਲੀ ਦਾ ਮੁੜ ਨਿਰਮਾਣ ਕਰ ਦਿੱਤਾ ਜਾਵੇ ਤਾਂ ਰਾਹਗੀਰਾਂ ਨੂੰ ਰੇਲਵੇ ਕ੍ਰਾਸਿੰਗ ਦੌਰਾਨ ਕੁਝ ਰਾਹਤ ਮਿਲੇਗੀ।

ਉਨ੍ਹਾਂ ਨੇ ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਲੋਕਲ ਪ੍ਰਸ਼ਾਸਨ ਨੂੰ ਮੰਗ ਕਰਦੇ ਹੋਏ ਕਿਹਾ ਕਿ ਗਾਜ਼ੀਗੁੱਲਾ ਪੈਂਦੀ ਪੁਲੀ ਦਾ ਮੁੜ ਨਿਰਮਾਣ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂਕਿ ਰਾਹਗੀਰਾਂ ਸਮੇਤ ਰੇਲਵੇ ਫਾਟਕ ਕ੍ਰਾਸ ਕਰਨ ਵਾਲਿਆਂ ਨੂੰ ਕੋਈ ਪਰੇਸ਼ਾਨੀ ਨਾ ਆ ਸਕੇ।

shivani attri

This news is Content Editor shivani attri