ਰੇਲ ਕੋਚ ਫੈਕਟਰੀ ''ਚ ਭ੍ਰਿਸ਼ਟਾਚਾਰ ਖਿਲਾਫ ਵੱਡੇ ਪੱਧਰ ''ਤੇ ਮੁਹਿੰਮ ਸ਼ੁਰੂ

01/27/2020 3:33:09 PM

ਕਪੂਰਥਲਾ (ਮੱਲੀ)— ਰੇਲ ਕੋਚ ਫੈਕਟਰੀ ਕਪੂਰਥਲਾ 'ਚ ਬੀਤੇ ਦਿਨੀਂ ਭ੍ਰਿਸ਼ਟਾਚਾਰ ਵਿਰੋਧੀ ਘੋਸ਼ਣਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਤਹਿਤ ਆਰ. ਸੀ. ਐੱਫ. ਦੇ ਜਨਰਲ ਮੈਨੇਜਰ ਰਵਿੰਦਰ ਗੁਪਤਾ ਵੱਲੋਂ ਆਰ. ਸੀ. ਐੱਫ. ਦੇ ਸਭ ਅਧਿਕਾਰੀਆਂ ਅਤੇ ਸੁਪਰਵਾਈਜ਼ਰਜ਼ ਨੂੰ ਕਿਸੇ ਵੀ ਤਰ੍ਹਾਂ ਦੀਆਂ ਭ੍ਰਿਸ਼ਟ ਸੇਵਾਵਾਂ 'ਚ ਲਿਪਤ ਨਾ ਹੋਣ ਲਈ ਸਹੁੰ ਚੁਕਾਈ ਗਈ। ਇਸ ਮੌਕੇ ਆਰ. ਸੀ. ਐੱਫ. ਨੂੰ ਸਾਮਾਨ ਸਪਲਾਈ ਕਰਨ ਵਾਲੇ ਵੈਂਡਰ/ਸਪਲਾਇਰ ਵੀ ਭਾਰੀ ਗਿਣਤੀ 'ਚ ਹਾਜ਼ਰ ਸਨ। ਉਨ੍ਹਾਂ ਤੋਂ ਅਪੀਲ ਕੀਤੀ ਗਈ ਕਿ ਉਹ ਸੱਚ ਦਾ ਪਾਲਣ ਕਰਨ ਤੇ ਆਰ. ਸੀ. ਐੱਫ. ਦੇ ਕਿਸੇ ਵੀ ਕਰਮਚਾਰੀ ਨੂੰ ਨਾਜਾਇਜ਼ ਲਾਭ ਪਹੁੰਚਾਉਣ ਲਈ ਕੰਮ ਨਾ ਕਰਨ।

ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਇਹ ਪ੍ਰੋਗਰਾਮ 71ਵੇਂ ਗਣਤੰਤਰ ਦਿਵਸ ਤੋਂ ਪਹਿਲਾਂ ਸ਼ਾਮ ਨੂੰ ਆਰ. ਸੀ. ਐੱਫ. ਪ੍ਰਸ਼ਾਸਨਿਕ ਦਫਤਰ ਦੇ ਸਾਹਮਣੇ 100 ਫੁੱਟ ਉੱਚੇ ਲਹਿਰਾਉਂਦੇ ਰਾਸ਼ਟਰੀ ਝੰਡੇ ਵਾਲੇ ਖੇਤਰ 'ਚ ਕਰਵਾਇਆ ਗਿਆ। ਇਸ ਮੌਕੇ ਆਰ. ਸੀ. ਐੱਫ. ਦੇ ਮਹਾਪ੍ਰਬੰਧਕ ਰਵਿੰਦਰ ਗੁਪਤਾ ਨੇ ਕਿਹਾ ਕਿ ਆਰ. ਸੀ. ਐੱਫ. ਨੇ ਹਾਲ 'ਚ ਹੀ ਇਸ ਵਿੱਤੀ ਸਾਲ ਦਾ 1000ਵਾਂ ਕੋਚ 9 ਜਨਵਰੀ ਨੂੰ ਰਵਾਨਾ ਕੀਤਾ ਹੈ। ਇਸ ਪ੍ਰਾਪਤੀ ਪਿੱਛੇ ਜਿੱਥੇ ਸਮੂਹ ਆਰ. ਸੀ. ਐੱਫ. ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ, ਉੱਥੇ ਆਰ. ਸੀ. ਐੱਫ. ਨੂੰ ਰੇਲ ਡਿੱਬੇ 'ਚ ਲੱਗਣ ਵਾਲੇ ਜ਼ਰੂਰੀ ਸਾਮਾਨ ਦੀ ਸਪਲਾਈ ਕਰਨ ਵਾਲੇ ਵੈਂਡਰਾਂ ਦੀ ਵੀ ਪ੍ਰਮੁੱਖ ਭੂਮਿਕਾ ਹੈ। ਇਸ ਦੇ ਲਈ ਆਰ. ਸੀ. ਐੱਫ. ਪ੍ਰਸ਼ਾਸਨ ਉਨ੍ਹਾਂ ਦਾ ਧੰਨਵਾਦੀ ਹੈ।
ਆਰ. ਸੀ. ਐੱਫ. ਦੇ ਵਿਕਾਸ ਦੇ ਨਾਲ ਸਭ ਵੈਂਡਰਸ ਤੇ ਸਹਾਇਕ ਉਤਪਾਦਨ ਇਕਾਈਆਂ ਦਾ ਵੀ ਵਿਕਾਸ ਜੁੜਿਆ ਹੋਇਆ ਹੈ। ਆਰ. ਸੀ. ਐੱਫ. ਦੇ ਨਾਲ ਕੰਮ ਕਰਨ 'ਚ ਆਸਾਨੀ ਅਤੇ ਸਰਲਤਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਆਪਸੀ ਵਿਕਾਸ ਦੀ ਦਿਸ਼ਾ 'ਚ ਪਹਿਲਾ ਕਦਮ ਹੈ। ਗੁਪਤਾ ਨੇ ਕਿਹਾ ਕਿ ਆਰ. ਸੀ. ਐੱਫ. ਪ੍ਰਸ਼ਾਸਨ ਇਹ ਯਕੀਨੀ ਕਰੇਗਾ ਕਿ ਪਾਰਦਰਸ਼ੀ ਕਾਰਜ ਪ੍ਰਣਾਲੀ ਅਪਣਾਈ ਜਾਵੇ, ਜਿਸ ਨਾਲ ਆਰ. ਸੀ. ਐੱਫ. ਦੇ ਨਾਲ ਕੰਮ ਕਰਨ ਵਾਲਿਆਂ ਨੂੰ ਕੋਈ ਦੇਰੀ ਜਾਂ ਉਨ੍ਹਾਂ ਦਾ ਉਤਪੀੜਨ ਨਾ ਹੋਵੇ। ਪ੍ਰਸ਼ਾਸਨ ਇਸ ਦੇ ਲਈ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਪੁੱਟਣ ਲਈ ਵਚਨਬੱਧ ਹੈ।

ਇਸ ਮੌਕੇ ਆਰ. ਸੀ. ਐੱਫ. ਦੇ ਮੁੱਖ ਚੀਫ ਵਿਜੀਲੈਂਸ ਅਫਸਰ ਨਿਤਿਨ ਚੌਧਰੀ ਨੇ ਦੱਸਿਆ ਕਿ ਇਸ ਮੁਹਿੰਮ ਲਈ ਥਾਂ-ਥਾਂ ਜਾਗਰੂਕਤਾ ਲਈ ਪੋਸਟਰ ਵੀ ਲਾਏ ਗਏ ਹਨ ਤੇ ਪੀੜਤ ਸਪਲਾਇਰ/ਵੈਂਡਰ ਉਨ੍ਹਾਂ ਨਾਲ ਬਿਨਾਂ ਕਿਸੇ ਡਰ ਤੋਂ ਸੰਪਰਕ ਕਰ ਸਕਦਾ ਹੈ। ਸਭ ਸਪਲਾਇਰ/ਵੈਂਡਰ ਨੂੰ ਸੱਚ ਅਤੇ ਨਿਸ਼ਠਾ ਦਾ ਪ੍ਰਣ ਕਰਵਾਇਆ ਗਿਆ। ਭ੍ਰਿਸ਼ਟਾਚਾਰ ਨੂੰ ਕਾਰਜ ਪ੍ਰਣਾਲੀ ਤੋਂ ਮੁਕਤ ਕਰਨ ਲਈ ਆਰ. ਸੀ. ਐੱਫ. ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਭਾਰਤੀ ਰੇਲ 'ਚ ਪਹਿਲਾ ਯਤਨ ਹੈ।

shivani attri

This news is Content Editor shivani attri